ਚੰਡੀਗੜ੍ਹ: ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਦੇ ਦੋਸ਼ੀ ਰਣਦੀਪ ਮਲਿਕ ਨੂੰ ਐਫਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਰਣਦੀਪ ਮਲਿਕ ਜੀਂਦ ਦਾ ਰਹਿਣ ਵਾਲਾ ਹੈ। ਰਣਦੀਪ ‘ਤੇ ਲਾਰੈਂਸ ਦੇ ਇਸ਼ਾਰੇ ‘ਤੇ ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਕਈ ਕਲੱਬਾਂ ਦੇ ਬਾਹਿਰ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ। ਉਹ ਇਸ ਸਮੇਂ ਅਮਰੀਕਾ ਦੇ ਜੈਕਸਨ ਪੈਰਿਸ਼ ਸੁਧਾਰ ਕੇਂਦਰ ਵਿੱਚ ਬੰਦ ਹੈ।ਰਣਦੀਪ ਮਲਿਕ ‘ਤੇ ਰੈਪਰ ਬਾਦਸ਼ਾਹ ਦੇ ਕਲੱਬ ‘ਤੇ ਹਮਲਾ ਕਰਨ ਅਤੇ ਦਿੱਲੀ ਵਿੱਚ ਨਾਦਿਰ ਸ਼ਾਹ ਕਤਲ ਕੇਸ ਵਿੱਚ ਸ਼ਾਮਿਲ ਹੋਣ ਦਾ ਵੀ ਦੋਸ਼ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਰਣਦੀਪ ਨੇ ਸਿਗਨਲ ਐਪ ਰਾਹੀਂ ਦੋ ਸ਼ੂਟਰਾਂ ਨੂੰ ਕਪਿਲ ਸ਼ਰਮਾ ਦੇ ਕੈਫੇ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਕਿਹਾ ਸੀ। ਦਸ ਦਈਏ ਕਿ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕਪਿਲ ਸ਼ਰਮਾ ਦੇ ਕੈਫੇ ਵਿੱਚ ਇੱਕ ਮਹੀਨੇ ਵਿੱਚ ਦੋ ਵਾਰ ਗੋਲੀਬਾਰੀ ਹੋਈ ਹੈ।
ਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਰਣਦੀਪ ਮਲਿਕ ਦਾ ਅਪਰਾਧਿਕ ਪਿਛੋਕੜ ਹੈ। ਉਹ 2018 ਵਿੱਚ ਵੀ ਭਾਰਤ ਆਇਆ ਸੀ, ਪਰ ਫਿਰ ਅਮਰੀਕਾ ਚਲਾ ਗਿਆ। ਰਣਦੀਪ ਮਲਿਕ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਉਸਨੂੰ ਅਮਰੀਕਾ ਵਿੱਚ ਐਫਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਭਾਰਤ ਨਾਲ ਸਾਂਝੀ ਕੀਤੀ ਗਈ ਹੈ। ਅਮਰੀਕਾ ਵਿੱਚ ਬੈਠਾ ਰਣਦੀਪ ਮਲਿਕ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ‘ਤੇ ਭਾਰਤ ਵਿੱਚ ਕਤਲ ਅਤੇ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਕਤਲ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਵਿਦੇਸ਼ੀ ਹਥਿਆਰ ਮੁਹੱਈਆ ਕਰਵਾ ਰਿਹਾ ਸੀ। ਉਸਨੇ ਗੈਂਗਸਟਰ ਗੋਲਡੀ ਬਰਾੜ ਦੇ ਹੁਕਮਾਂ ‘ਤੇ ਚੰਡੀਗੜ੍ਹ ਵਿੱਚ ਧਮਾਕੇ ਵੀ ਕੀਤੇ ਸਨ।