ਲੁਧਿਆਣਾ : ਖੇਤੀ ਕਾਨੂੰਨ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਨਿੱਤਰੇ ਹੋਏ ਹਨ। ਲੁਧਿਆਣਾ ‘ਚ ਇੱਕ ਹੋਟਲ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਜਿੱਥੇ ਸਮਰਥਨ ਦੇਣ ਲਈ ਪੰਜਾਬੀ ਗਾਇਕ ਕੰਵਰ ਗਰੇਵਾਲ, ਹਰਫ਼ ਚੀਮਾ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਪਹੁੰਚੇ। ਇੱਥੇ ਪਹੁੰਚ ਕੇ ਸਾਰੇ ਕਲਾਕਾਰਾਂ ਨੇ ਇਕ ਸੁਰ ‘ਚ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ।
ਕਿਸਾਨ ਜਥੇਬੰਦੀਆਂ ਪੂਰੇ ਸੂਬੇ ‘ਚ ਨੱਤਰੀਆਂ ਹੋਈਆਂ ਹਨ। ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੱਖ-ਵੱਖ ਥਾਵਾਂ ‘ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਵੀ ਕੀਤਾ ਜਾ ਰਿਹਾ ਹੈ। ਲੁਧਿਆਣਾ ‘ਚ ਵੀ ਕਿਸਾਨ ਕੇਂਦਰ ਸਰਕਾਰ ਦਾ ਪੁਤਲਾ ਸਾੜ ਰਹੇ ਨੇ ਤੇ ਲਗਾਤਾਰ ਖੇਤੀ ਕਾਨੂੰਨ ਖਿਲਾਫ਼ ਅਵਾਜ਼ ਉਠਾ ਰਹੇ ਹਨ।
ਸ਼ਨੀਵਾਰ ਨੂੰ ਇੱਥੇ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਇੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ, ਜਿਸ ਦੌਰਾਨ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।