ਖੇਤੀਬਾੜੀ ਕਾਲਜ ਦੀ ਸਥਾਪਨਾ ਨਾਲ ਕੰਢੀ ਖੇਤਰ ਵਿੱਚ ਖੇਤੀ ਗਿਆਨ-ਵਿਗਿਆਨ ਦਾ ਪਸਾਰ ਸੰਭਵ ਹੋਇਆ : ਕੈਪਟਨ ਅਮਰਿੰਦਰ ਸਿੰਘ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਪੀ.ਏ.ਯੂ. ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਨਾਲ ਇਲਾਕੇ ਵਿੱਚ ਖੇਤਰੀ ਗਿਆਨ-ਵਿਗਿਆਨ ਅਤੇ ਤਕਨੀਕੀ ਜਾਣਕਾਰੀ ਨੂੰ ਹੁਲਾਰਾ ਮਿਲੇਗਾ। ਉਹਨਾਂ ਕਿਹਾ ਕਿ ਕੰਢੀ ਇਲਾਕੇ ਦੀ ਆਪਣੀ ਵਿਸ਼ੇਸ਼ ਭੂਗੋਲਿਕ ਅਤੇ ਜਲਵਾਯੂ ਦੀ ਸਥਿਤੀ ਹੈ ਅਤੇ ਕਿਸਮਾਂ ਵੀ ਖੋਜ ਤੋਂ ਲੈ ਕੇ ਕਾਸ਼ਤ ਦੀਆਂ ਵਿਧੀਆਂ ਤੱਕ ਇਸ ਇਲਾਕੇ ਦੇ ਹਾਲਾਤ ਅਨੁਸਾਰ ਨਵੀਆਂ ਤਕਨੀਕਾਂ ਦੀ ਖੋਜ ਦੀ ਲੋੜ ਹੈ। ਮੁੱਖ ਮੰਤਰੀ ਨੇ ਪੰਜਾਬ ਵੱਲੋਂ ਖੇਤੀ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਪੀ.ਏ.ਯੂ. ਦੇ ਇਸ ਦਿਸ਼ਾ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹੀ ਹੈ। ਉਹਨਾਂ ਕਿਹਾ ਕਿ ਕੰਢੀ ਦੇ ਪੱਛੜੇ ਇਲਾਕੇ ਵਿੱਚ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਸ਼ੁਰੂ ਹੋਣ ਨਾਲ ਜਿੱਥੇ ਇੱਕ ਪਾਸੇ ਯੂਨੀਵਰਸਿਟੀ ਦਾ ਖੇਤੀ ਗਿਆਨ ਪੇਂਡੂ ਇਲਾਕਿਆਂ ਤੱਕ ਪਹੁੰਚੇਗਾ ਉੱਥੇ ਸਿੱਖਿਆ ਦੇ ਖੇਤਰ ਵਿੱਚ ਜਾਗਰੂਕਤਾ ਪੈਦਾ ਹੋਵੇਗੀ। ਇਸ ਕਾਲਜ ਤੋਂ ਬੀ ਐੱਸ ਸੀ ਐਗਰੀਕਲਚਰ ਕਰਨ ਵਾਲੇ ਬੱਚੇ ਪਾਣੀ ਦੀ ਘਾਟ ਅਤੇ ਜ਼ਮੀਨ ਦੀ ਕਮੀ ਦੇ ਹਿਸਾਬ ਨਾਲ ਬਰਾਨੀ ਫਸਲਾਂ ਬਾਰੇ ਖੋਜ ਕਰ ਸਕਣਗੇ । ਉਹਨਾਂ ਕਿਹਾ ਕਿ ਤਸੱਲੀ ਦੀ ਗੱਲ ਹੈ ਕਿ ਬੱਲੋਵਾਲ ਸੌਂਖੜੀ ਵਿੱਚ ਸੇਬ ਦੀ ਫਸਲ ਬਾਰੇ ਖੋਜ ਹੋ ਰਹੀ ਹੈ । ਮੁੱਖ ਮੰਤਰੀ ਨੇ ਨਵਾਂ ਸ਼ਹਿਰ ਵਿੱਚ ਬਾਗਬਾਨੀ ਕੇਂਦਰ ਸਥਾਪਿਤ ਕਰਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਕੋਵਿਡ ਦੇ ਬਾਵਜੂਦ ਵੀ ਕਿਸਾਨੀ ਦੀ ਬਿਹਤਰੀ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ।

ਆਨੰਦਪੁਰ ਸਾਹਿਬ ਲੋਕ ਸਭਾ ਦੇ ਮੈਂਬਰ ਮਨੀਸ਼ ਤਿਵਾੜੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੰਢੀ ਖੇਤਰ ਦੇ ਬੱਚਿਆਂ ਲਈ ਸਿੱਖਿਆ ਦੇ ਇਸ ਖੇਤਰ ਦਾ ਬੇਹੱਦ ਮਹੱਤਵ ਹੈ । ਉਹਨਾਂ ਕਿਹਾ ਕਿ ਵਿਰੋਧੀ ਹਾਲਾਤ ਦੇ ਬਾਵਜੂਦ ਪੰਜਾਬ ਨੇ ਵਿਕਾਸ ਕੀਤਾ ਹੈ । ਖੇਤੀਬਾੜੀ ਨੂੰ ਪੰਜਾਬ ਦੀ ਆਰਥਿਕਤਾ ਦਾ ਧੁਰਾ ਕਹਿੰਦਿਆਂ ਸ੍ਰੀ ਤਿਵਾੜੀ ਨੇ ਇਲਾਕੇ ਦੀਆਂ ਮੁੱਖ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੂੰ ਕਰਵਾਇਆ ।

ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਇਸ ਕਾਲਜ ਨਾਲ ਪੀ.ਏ.ਯੂ. ਦਾ ਦਾਇਰਾ ਕੰਢੀ ਖੇਤਰ ਤੱਕ ਵਧਿਆ ਹੈ । ਇਸ ਨਾਲ ਇਲਾਕੇ ਦੇ ਬੱਚੇ ਦੂਰ ਜਾਣ ਦੀ ਥਾਂ ਆਪਣੇ ਘਰ ਵਿੱਚ ਹੀ ਉੱਚ ਪੱਧਰੀ ਸਿੱਖਿਆ ਹਾਸਲ ਕਰ ਸਕਣਗੇ ।

- Advertisement -

ਹਲਕਾ ਬਲਾਚੌਰ ਤੋਂ ਵਿਧਾਨ ਸਭਾ ਮੈਂਬਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਅਤੇ ਹੋਰ ਹਸਤੀਆਂ ਦਾ ਬਲਾਚੌਰ ਆਉਣ ਤੇ ਸਵਾਗਤ ਕੀਤਾ। ਉਹਨਾਂ ਦੇ ਹਲਕੇ ਵਿੱਚ ਕੀਤੇ ਵਿਕਾਸ ਦੇ ਕੰਮਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਇਸ ਇਲਾਕੇ ਦੇ ਹਾਲਾਤ ਤੋਂ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ । ਉਹਨਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਸੀ ਜਿਸ ਨੂੰ ਮਾਣਯੋਗ ਮੁੱਖ ਮੰਤਰੀ ਨੇ ਪੂਰਾ ਕੀਤਾ ਹੈ ਇਸਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ।

ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ ਵਿਕਾਸ ਨੇ ਸਵਾਗਤੀ ਸ਼ਬਦ ਬੋਲਦਿਆਂ ਪੀ.ਏ.ਯੂ. ਦੀਆਂ ਖੇਤੀ ਸੰਬੰਧੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਕੰਢੀ ਖੇਤਰ ਵਿੱਚ ਖੇਤਰੀ ਖੋਜ ਕੇਂਦਰ ਨੇ ਜ਼ਿਕਰਯੋਗ ਕੰਮ ਕੀਤਾ ਹੈ । ਇਸ ਕੇਂਦਰ ਨੇ ਮੱਕੀ, ਕਣਕ, ਦਾਲਾਂ ਅਤੇ ਤੇਲਬੀਜਾਂ ਦੀਆਂ ਕਈ ਕਿਸਮਾਂ ਪੈਦਾ ਕੀਤੀਆਂ ਹਨ । ਇਸ ਤੋਂ ਇਲਾਵਾ ਆਂਵਲਾ, ਅਮਰੂਦ, ਨਾਸ਼ਪਾਤੀ ਆਦਿ ਫਲਾਂ ਦੀਆਂ ਚਾਰ ਕਿਸਮਾਂ ਵੀ ਕੇਂਦਰ ਨੇ ਪੈਦਾ ਕੀਤੀਆਂ ਹਨ। ਹੁਣ ਇਸ ਕੇਂਦਰ ਵਿੱਚ ਸੇਬ ਦੀ ਖੇਤੀ ਬਾਰੇ ਕਾਰਜ ਕੀਤਾ ਜਾ ਰਿਹਾ ਹੈ । ਸ੍ਰੀ ਅਨਿਰੁਧ ਤਿਵਾੜੀ ਨੇ ਇਸ ਕੇਂਦਰ ਰਾਹੀਂ ਖੇਤੀ ਜੰਗਲਾਤ ਅਤੇ ਔਸ਼ਧੀ ਵਾਲੇ ਬੂਟਿਆਂ ਸੰਬੰਧੀ ਕੀਤੀ ਜਾ ਰਹੀ ਖੋਜ ਦਾ ਵੀ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਮੌਸਮੀ ਤਬਦੀਲੀਆਂ ਨੇ ਕੰਢੀ ਖੇਤਰ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਨਵੀਆਂ ਚੁਣੌਤੀਆਂ ਪੈਦਾ ਹੋਈਆਂ ਹਨ । ਇਹ ਖੇਤੀਬਾੜੀ ਕਾਲਜ ਇਹਨਾਂ ਚੁਣੌਤੀਆਂ ਦੇ ਹੱਲ ਲਈ ਢੁੱਕਵਾਂ ਸਿੱਖਿਆ ਦਾ ਮਾਹੌਲ ਪੈਦਾ ਕਰ ਸਕੇਗਾ। ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਪਹਿਲੇ ਬੈਚ ਵਿੱਚ 60 ਵਿਦਿਆਰਥੀਆਂ ਦਾ ਦਾਖਲਾ ਹੋ ਚੁੱਕਿਆ ਹੈ । ਆਉਂਦੇ ਸਾਲ ਦੋ ਹੋਰ ਬੈਚ ਦਾਖਲ ਹੋਣਗੇ।

ਇਸ ਮੌਕੇ ਬਲਾਚੌਰ, ਨਵਾਂਸ਼ਹਿਰ ਅਤੇ ਬੰਗਾ ਹਲਕਿਆਂ ਦੇ ਖੇਤ ਕਾਮਿਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮਾਫੀ ਦੇ ਪ੍ਰਮਾਣ-ਪੱਤਰ ਵੰਡੇ। ਪੀ.ਏ.ਯੂ. ਦੇ ਵਾਈਸ ਚਾਂਸਲਰ ਵੱਲੋਂ ਮੁੱਖ ਮੰਤਰੀ ਅਤੇ ਹੋਰ ਮਾਣਯੋਗ ਹਸਤੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ।

ਅੰਤ ਵਿੱਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਇਸ ਕੇਂਦਰ ਦੀ ਸਥਾਪਨਾ ਨਾਲ ਇਲਾਕੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋਵੇਗਾ ਅਤੇ ਇਹ ਕਾਲਜ ਕੰਢੀ ਖੇਤਰ ਦੇ ਵਿਦਿਆਰਥੀਆਂ ਨੂੰ ਖੇਤੀ-ਗਿਆਨ ਦੇਣ ਵਿੱਚ ਮੀਲ-ਪੱਥਰ ਸਾਬਿਤ ਹੋਵੇਗਾ। ਸਮੁੱਚੇ ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਮੌਕੇ ਐੱਮ ਐੱਲ ਏ ਨਵਾਂਸ਼ਹਿਰ ਸ੍ਰੀ ਅੰਗਦ ਸਿੰਘ ਸੈਣੀ ਅਤੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਮੌਜੂਦ ਸਨ।

- Advertisement -
Share this Article
Leave a comment