ਕੰਗਨਾ ਨੇ ਅਦਾਲਤ ‘ਚ ਪੇਸ਼ ਹੋ ਕੇ ਬੇਬੇ ਮਹਿੰਦਰ ਕੌਰ ਕੋਲੋਂ ਮੰਗੀ ਮੁਆਫੀ

Global Team
2 Min Read

ਬਠਿੰਡਾ : ਬਾਲੀਵੁੱਡ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਬਠਿੰਡਾ ਦੀ ਬਜ਼ੁਰਗ ਕਿਸਾਨ ਮਹਿੰਦਰ ਕੌਰ ’ਤੇ ਕੀਤੀ ਟਿੱਪਣੀ ਮਾਮਲੇ ਵਿੱਚ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਸੁਣਵਾਈ ਬਾਅਦ ਅਗਲੀ ਤਾਰੀਖ 24 ਨਵੰਬਰ ਮੁਕਰਰ ਕੀਤੀ ਗਈ। ਕੰਗਨਾ ਨੇ ਬੇਬੇ ਮਹਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਕੋਲੋਂ ਅਦਾਲਤ ਵਿੱਚ ਮੁਆਫੀ ਮੰਗੀ।

ਮੀਡੀਆ ਨਾਲ ਗੱਲਬਾਤ ਵਿੱਚ ਕੰਗਨਾ ਨੇ ਕਿਹਾ, “ਮੈਨੂੰ ਬੇਬੇ ਮਹਿੰਦਰ ਕੌਰ ਬਾਰੇ ਗਲਤਫਹਿਮੀ ਹੋ ਗਈ ਸੀ। ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਰੀਟਵੀਟ ਤੋਂ ਅਜਿਹਾ ਵਿਵਾਦ ਬਣੇਹਾ। ਮੈਂ ਉਸ ਟਵੀਟ ਲਈ ਅਫਸੋਸ ਕਰਦੀ ਹਾਂ ਤੇ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ ਹੈ।”

ਬੇਬੇ ਮਹਿੰਦਰ ਕੌਰ ਦੇ ਵਕੀਲ ਰਣਬੀਰ ਸਿੰਘ ਨੇ ਦੱਸਿਆ ਕਿ ਕੰਗਨਾ ਨੇ ਅਦਾਲਤ ਵਿੱਚ ਮੌਜੂਦ ਪਰਿਵਾਰ ਤੋਂ ਜਾਣੇ-ਅਣਜਾਣੇ ਵਿੱਚ ਹੋਈ ਗੱਲ ਲਈ ਮੁਆਫੀ ਮੰਗੀ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਹੈ। ਅਗਲੀ ਪੇਸ਼ੀ 24 ਨਵੰਬਰ ਨੂੰ ਹੈ। ਕੰਗਨਾ ਦੇ ਵਕੀਲ ਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ, ਪਰ ਅਸੀਂ ਵਿਰੋਧ ਕੀਤਾ ਕਿ ਇਹ ਅਪਰਾਧਿਕ ਮਾਮਲਾ ਹੈ  ਪਾਰਲੀਮੈਂਟ ਜਾਂ ਵੱਡੇ ਕੰਮ ਤੋਂ ਬਿਨਾਂ ਛੋਟ ਨਹੀਂ ਮਿਲਣੀ ਚਾਹੀਦੀ।

ਬੇਬੇ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਪਰਿਵਾਰ ਤੇ ਯੂਨੀਅਨ ਨਾਲ ਗੱਲ ਕਰਕੇ ਹੀ ਫੈਸਲਾ ਲਿਆ ਜਾਵੇਗਾ  ਨਿੱਜੀ ਤੌਰ ’ਤੇ ਕੁਝ ਨਹੀਂ ਬੋਲ ਸਕਦੇ।

ਪੂਰਾ ਮਾਮਲਾ

2021 ਦੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਬਠਿੰਡਾ ਦੀ 87 ਸਾਲਾ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਦੀ ਬਿਲਕੀਸ ਬਾਨੋ ਨਾਲ ਕੀਤੀ ਤੇ ਲਿਖਿਆ ਸੀ ਕਿ ਉਹ ‘100 ਰੁਪਏ ਦਿਹਾੜੀ ਤੇ ਪ੍ਰਦਰਸ਼ਨ ਕਰਨ ਆਈਆਂ ਹਨ।’ ਜਿਸ ‘ਤੇ ਮਹਿੰਦਰ ਕੌਰ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।

ਅਦਾਲਤ ਨੇ ਕੰਗਨਾ ਨੂੰ ਕਈ ਵਾਰ ਸੰਮਨ ਭੇਜੇ, ਪਰ ਉਹ ਪੇਸ਼ ਨਹੀਂ ਹੋਈ। ਵੀਡੀਓ ਕਾਨਫਰੰਸਿੰਗ ਦੀ ਅਰਜ਼ੀ ਵੀ ਰੱਦ ਹੋਈ। ਅੱਜ ਉਹ ਦੁਪਹਿਰ 2 ਵਜੇ ਬਾਅਦ ਅਦਾਲਤ ਪਹੁੰਚੀ।

ਸੁਪਰੀਮ ਕੋਰਟ ਨੇ ਵੀ ਨਹੀਂ ਦਿੱਤੀ ਰਾਹਤ

ਕੰਗਨਾ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਕੇਸ ਖਾਰਜ ਕਰਨ ਦੀ ਅਰਜ਼ੀ ਦਿੱਤੀ, ਪਰ ਦੋਵਾਂ ਨੇ ਇਨਕਾਰ ਕੀਤਾ। ਸੁਪਰੀਮ ਕੋਰਟ ਨੇ ਕਿਹਾ ਕਿ ਕੰਗਨਾ ਨੇ ਨਾ ਸਿਰਫ਼ ਰੀਟਵੀਟ ਕੀਤਾ ਸਗੋਂ ਆਪਣੀ ਵੱਖਰੀ ਟਿੱਪਣੀ ਵੀ ਜੋੜੀ ਸੀ। ਮਾਮਲਾ ਹੇਠਲੀ ਅਦਾਲਤ ਵਿੱਚ ਚੱਲੇਗਾ।

Share This Article
Leave a Comment