ਸਰਬੋਤਮ ਥਰੋਅ ਤੋਂ ਖੁੰਝਣ ਦੇ ਬਾਵਜੂਦ ਕਮਲਪ੍ਰੀਤ 6ਵਾਂ ਸਥਾਨ ਮੱਲ ਕੇ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਦਿਖਾਉਣ ਵਾਲੀ ਭਾਰਤੀ ਖਿਡਾਰਨ ਬਣੀ

TeamGlobalPunjab
3 Min Read

ਚੰਡੀਗੜ੍ਹ – ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਟੋਕੀਓ ਓਲੰਪਿਕਸ ਵਿੱਚ ਡਿਸਕਸ ਥਰੋਅ ਦੇ ਫਾਈਨਲ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਵੇਖਦਿਆਂ ਕਮਲਪ੍ਰੀਤ ਕੌਰ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਖੇਡਾਂ  ਡੀ.ਪੀ.ਐਸ. ਖਰਬੰਦਾ ਅਤੇ ਸੰਯੁਕਤ ਡਾਇਰੈਕਟਰ ਕਰਤਾਰ ਸਿੰਘ ਮੌਜੂਦ ਸਨ।

ਕਮਲਪ੍ਰੀਤ ਕੌਰ ਦਾ ਮੁਕਾਬਲਾ ਵੇਖਦਿਆਂ ਰਾਣਾ ਸੋਢੀ ਕਈ ਵਾਰ ਭਾਵੁਕ ਹੋਏ ਅਤੇ ਕਿਹਾ, “ਹਾਲਾਂਕਿ ਕਮਲਪ੍ਰੀਤ ਕੌਰ ਫਾਈਨਲ ਵਿੱਚ ਆਪਣਾ ਸਰਬੋਤਮ ਥਰੋਅ ਸੁੱਟਣ ਤੋਂ ਖੁੰਝ ਗਈ ਪਰ ਫਿਰ ਵੀ ਉਸ ਨੇ ਕੁੱਲ 12 ਫਾਈਨਲਿਸਟਾਂ ਵਿੱਚੋਂ 6ਵੇਂ ਰੈਂਕ ਨਾਲ ਭਾਰਤ ਦਾ ਸਰਬੋਤਮ ਸਥਾਨ ਹਾਸਲ ਕੀਤਾ ਹੈ। ਉਸ ਨੇ 6ਵਾਂ ਸਥਾਨ ਹਾਸਲ ਕਰਕੇ ਥਰੋਅ ਦੇ ਤਿੰਨ ਹੋਰ ਮੌਕੇ ਹਾਸਲ ਕੀਤੇ।”

ਟੋਕੀਓ ਵਿਖੇ ਕਮਲਪ੍ਰੀਤ ਕੌਰ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਪਿੰਡ ਕਬਰਵਾਲਾ (ਮਲੋਟ) ਵਿਖੇ ਰਹਿੰਦੇ ਉਸ ਦੇ ਮਾਪਿਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਪਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, “ਹਰ ਪੰਜਾਬੀ ਨੂੰ ਮਾਣ ਹੈ ਕਿ ਕਮਲਪ੍ਰੀਤ ਕੌਰ ਨੇ ਪੰਜਾਬ ਅਤੇ ਭਾਰਤ ਦਾ ਨਾਂ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ ਹੈ।”

- Advertisement -

ਹਾਲਾਂਕਿ ਮੀਂਹ ਕਾਰਨ ਮੁਕਾਬਲੇ ਨੂੰ ਰੋਕ ਦਿੱਤਾ ਗਿਆ ਸੀ ਪਰ ਖੇਡ ਮੰਤਰੀ ਅਤੇ ਮੁਕਾਬਲੇ ਨੂੰ ਦੇਖ ਰਹੇ ਹੋਰਨਾਂ ਅਧਿਕਾਰੀਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਅਤੇ ਹਰ ਕੋਈ ਲਗਾਤਾਰ ਕਮਲਪ੍ਰੀਤ ਕੌਰ ਦੀ ਜਿੱਤ ਲਈ ਦੁਆਵਾਂ ਕਰਦਾ ਰਿਹਾ।

ਜ਼ਿਕਰਯੋਗ ਹੈ ਕਿ ਕੌਮੀ ਰਿਕਾਰਡ ਹਾਸਲ ਕਮਲਪ੍ਰੀਤ ਕੌਰ ਨੇ 64 ਮੀਟਰ ਦੇ ਥਰੋਅ ਨਾਲ ਓਲੰਪਿਕ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਟੋਕੀਓ ਓਲੰਪਿਕ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਵਿੱਚ ਉਸ ਨੇ 65.06 ਮੀਟਰ ਥਰੋਅ ਨਾਲ 2012 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਵੱਲੋਂ 64.76 ਮੀਟਰ ਦੇ ਥਰੋਅ ਨਾਲ ਕਾਇਮ ਕੀਤੇ 9 ਸਾਲਾਂ ਦੇ ਕੌਮੀ ਰਿਕਾਰਡ ਨੂੰ ਤੋੜਿਆ ਸੀ।

ਇਸ ਤੋਂ ਪਹਿਲਾਂ ਸਵੇਰ ਵੇਲੇ ਮਹਿਲਾ ਹਾਕੀ ਟੀਮ ਦੇ ਓਲੰਪਿਕ ਸੈਮੀਫਾਈਨਲ ਲਈ ਕੁਆਲੀਫਾਈ ਕਰਨ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਟਵੀਟ ਕੀਤਾ, “ਇਹ ਇੱਕ ਸ਼ਾਨਦਾਰ ਜਿੱਤ ਹੈ। ਸਾਡੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਇੰਡੀਆ ਨੇ ਤਿੰਨ ਵਾਰ ਓਲੰਪਿਕ ਸੋਨ ਤਮਗ਼ਾ ਜੇਤੂ ਆਸਟਰੇਲੀਆ ਨੂੰ 1-0 ਨਾਲ ਦਰੜਿਆ ਹੈ। ਲੜਕੀਆਂ ਦੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਦਾਖ਼ਲ ਹੋ ਕੇ ਇਤਿਹਾਸ ਰਚਿਆ ਅਤੇ ਸਾਡਾ ਦਿਲ ਜਿੱਤ ਲਿਆ ਹੈ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਕਹਿਰਾ ਗੋਲ ਪੰਜਾਬ ਦੀ ਗੁਰਜੀਤ ਕੌਰ ਵੱਲੋਂ ਕੀਤਾ ਗਿਆ।”

Share this Article
Leave a comment