ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਭਿਆਨਕ ਬੰਬ ਧਮਾਕੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਅੱਤਵਾਦੀ ਸੰਗਠਨ ਨੇ ਲਈ ਹੈ। ਇਸ ਧਮਾਕੇ ‘ਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਹਨ। ਕਾਬੁਲ ਵਿੱਚ ਸਾਲ 2023 ਵਿੱਚ ਇਹ ਦੂਜਾ ਵੱਡਾ ਹਮਲਾ ਹੈ। ਕੌਮਾਂਤਰੀ ਭਾਈਚਾਰੇ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਅੱਤਵਾਦੀ ਸਮੂਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੇ ਇੱਕ ਮੈਂਬਰ, ਖੈਬਰ ਅਲ-ਕੰਧਾਰੀ ਨੇ ਮੰਤਰਾਲੇ ਦੇ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਵਿਚਕਾਰ ਆਪਣੀ ਵਿਸਫੋਟਕ ਨਾਲ ਭਰੀ ਜੈਕੇਟ ਵਿੱਚ ਧਮਾਕਾ ਕਰ ਦਿੱਤਾ ਜਦੋਂ ਉਹ ਮੰਤਰਾਲੇ ਦੇ ਮੁੱਖ ਗੇਟ ਤੋਂ ਬਾਹਰ ਨਿਕਲ ਰਹੇ ਸਨ। ਆਈਐਸ ਦੇ ਇਸ ਦਾਅਵੇ ਤੋਂ ਬਾਅਦ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕਾਬੁਲ ਪੁਲਿਸ ਦੇ ਮੁੱਖ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਈਐਸ ਦੀ ਨਿਊਜ਼ ਆਰਮ ਅਮਾਕ ਨੇ ਕਿਹਾ ਕਿ ਇਹ ਹਮਲਾ ਡਿਪਲੋਮੈਟਾਂ ਲਈ ਸਿਖਲਾਈ ਕੋਰਸ ਦੌਰਾਨ ਹੋਇਆ। ਸੰਯੁਕਤ ਰਾਸ਼ਟਰ ਅਤੇ ਵੱਖ-ਵੱਖ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

			