ਦਿੱਲੀ ਹਿੰਸਾ ‘ਤੇ ਸੁਣਵਾਈ ਕਰਨ ਵਾਲੇ ਜੱਜ ਦਾ ਅੱਧੀ ਰਾਤ ਹੋਇਆ ਤਬਾਦਲਾ

TeamGlobalPunjab
3 Min Read

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ‘ਤੇ ਉੱਤਰੀ-ਪੂਰਬੀ ਦਿੱਲੀ ਵਿੱਚ ਹਿੰਸਾ ਅਤੇ ਭਾਜਪਾ ਆਗੂਆਂ ਦੇ ਭੜਕਾਊ ਬਿਆਨਾ ਨੂੰ ਲੈ ਕੇ ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਐੱਸ ਮੁਰਲੀਧਰ ਨੇ ਪੁਲਿਸ ਅਤੇ ਸਰਕਾਰ ਨੂੰ ਝਾੜ ਲਗਾਈ ਸੀ। ਹੁਣ ਉਨ੍ਹਾਂ ਦਾ ਟਰਾਂਸਫਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਰ ਦਿੱਤਾ ਗਿਆ ਹੈ। ਕਾਨੂੰਨ ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਉਨ੍ਹਾਂ ਦੇ ਤਬਾਦਲੇ ਦਾ ਨੋਟਿਫਿਕੇਸ਼ਨ ਜਾਰੀ ਕੀਤਾ।

ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੀਫ ਜਸਟਿਸ ਆਫ ਇੰਡੀਆ ਐਸਏ ਬੋਬੜੇ ਦੇ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਸੁਪਰੀਮ ਕੋਰਟ ਦੇ ਕਾਲੇਜਿਅਮ ਨੇ ਜਸਟੀਸ ਮੁਰਲੀਧਰ ਸਣੇ ਤਿੰਨ ਜੱਜਾਂ ਦੇ ਟਰਾਂਸਫਰ ਦੀ ਸਿਫਾਰਿਸ਼ ਕੀਤੀ ਸੀ। ਦਿੱਲੀ ਹਾਈਕੋਰਟ ਬਾਰ ਐਸੋਸਿਏਸ਼ਨ ਨੇ ਬੀਤੇ ਹਫਤੇ ਕਾਲੇਜਿਅਮ ਤੋਂ ਟਰਾਂਸਫਰ ਉੱਤੇ ਮੁੜਵਿਚਾਰ ਦੀ ਮੰਗ ਕੀਤੀ ਸੀ ।

ਉੱਥੇ ਹੀ, ਇਸ ਮੁੱਦੇ ਉੱਤੇ ਰਾਜਨੀਤੀ ਵੀ ਗਰਮਾ ਗਈ ਹੈ। ਕਾਂਗਰਸ ਨੇ ਰਾਤੋਂ ਰਾਤ ਹਾਈਕੋਰਟ ਜੱਜ ਦੇ ਟਰਾਂਸਫਰ ਨੂੰ ਲੈ ਕੇ ਮੋਦੀ ਸਰਕਾਰ ਦੀ ਇੱਛਾ ‘ਤੇ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ- ਬਹਾਦੁਰ ਜੱਜ ਲੋਆ ਦੀ ਯਾਦ ਆ ਗਈ, ਜਿਨ੍ਹਾਂ ਦਾ ਟਰਾਂਸਫਰ ਨਹੀਂ ਹੋਇਆ ਸੀ।

ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਕਿਹਾ ਕਿ ਮੌਜੂਦਾ ਮਾਮਲੇ ਨੂੰ ਵੇਖਦੇ ਹੋਏ ਜਸਟਿਸ ਐਸ ਮੁਰਲੀਧਰ ਦਾ ਤਬਾਦਲਾ ਹੈਰਾਨੀਜਨਕ ਨਹੀਂ ਹੈ, ਸਗੋਂ ਇਹ ਦੁਖਦ ਅਤੇ ਸ਼ਰਮਨਾਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲੱਖਾਂ ਭਾਰਤੀਆਂ ਨੂੰ ਇੱਕ ਅਤੇ ਇਮਾਨਦਾਰ ਅਦਾਲਤ ਵਿੱਚ ਵਿਸ਼ਵਾਸ ਹੈ, ਨਿਆ ਅਤੇ ਜਨਤਾ ਦਾ ਵਿਸ਼ਵਾਸ ਤੋੜਨ ਦੀ ਸਰਕਾਰ ਦੀ ਕੋਸ਼ਿਸ਼ ਦੁਖਦਾਈ ਹੈ ।

ਉੱਥੇ ਹੀ, ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਭ ਕੁੱਝ ਤੈਅ ਪ੍ਰਕਿਰਿਆ ਦੇ ਮੁਤਾਬਕ ਹੀ ਕੀਤਾ ਗਿਆ ਹੈ।

Share this Article
Leave a comment