ਦੇਰ ਰਾਤ ਘਰੋਂ ਕੱਢੀ ਔਰਤ ਨੂੰ ਮਹਿਲਾ ਕਮਿਸ਼ਨ ਨੇ ਘੰਟਿਆਂ ‘ਚ ਹੀ ਦਿਵਾਇਆ ਇਨਸਾਫ

TeamGlobalPunjab
3 Min Read

ਅੰਮ੍ਰਿਤਸਰ – ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਦੀਆਂ ਕੋਸ਼ਿਸ਼ਾਂ ਨਾਲ ਅੰਮ੍ਰਿਤਸਰ ਸ਼ਹਿਰ ਵਿਚ ਰਹਿੰਦੇ ਸੁਹਰੇ ਪਰਿਵਾਰ ਵੱਲੋਂ ਦੇਰ ਰਾਤ ਘਰੋਂ ਕੱਢੀ ਗਈ ਮਹਿਲਾ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਘੰਟਿਆਂ ‘ਚ ਹੀ ਇਨਸਾਫ ਦਿਵਾ ਦਿੱਤਾ। ਪੁਲਿਸ ਨੇ ਜਿੱਥੇ ਸੁਹਰੇ ਪਰਿਵਾਰ ਕੋਲੋਂ ਉਕਤ ਮਹਿਲਾ ਦਾ 8 ਮਹੀਨੇ ਦਾ ਬੱਚਾ ਵਾਪਸ ਲੈ ਕੇ ਦਿੱਤਾ, ਉੱਥੇ  ਕੇਸ ਦਰਜ ਕਰਕੇ ਮਾਮਲਾ ਇਨਸਾਫ ਲਈ ਅਦਾਲਤ ‘ਚ ਪੇਸ਼ ਕਰ ਦਿੱਤਾ।

ਉਕਤ ਕਾਰਵਾਈ ਲਈ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕਰਨ ਅੰਮ੍ਰਿਤਸਰ ਆਏ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ, ‘ਬੀਤੇ ਦਿਨ ਮੈਨੂੰ ਰਾਤ 11 ਵਜੇ ਇਕ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਮੈਂ ਥਾਣਾ ਅੰਮ੍ਰਿਤਸਰ ਕੈਂਟ ਦੇ ਬਾਹਰ ਖੜੀ ਹਾਂ, ਸੁਹਰੇ ਪਰਿਵਾਰ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ ਅਤੇ ਮੇਰਾ ਬੱਚਾ ਵੀ ਖੋਹ ਲਿਆ ਹੈ।’ ਕਮਿਸ਼ਨਰ ਗੁਲਾਟੀ ਨੇ ਤਰੁੰਤ ਇਹ ਮਾਮਲਾ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਧਿਆਨ ਵਿਚ ਲਿਆਂਦਾ, ਜਿੰਨਾ ਨੇ ਏਸੀਪੀ ਕੰਵਲਪ੍ਰੀਤ ਕੌਰ ਨੂੰ ਮੌਕੇ ‘ਤੇ ਭੇਜ ਕੇ ਸੁਹਰੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਵੀ ਐਸਡੀਐਮ ਦੀ ਡਿਊਟੀ ਇਸ ਨੇਕ ਕੰਮ ਵਿਚ ਲਗਾ ਦਿੱਤੀ। ਉਕਤ ਔਰਤ, ਜਿਸਦਾ ਪਤੀ ਪੇਸ਼ੇ ਵਜੋਂ ਵਕੀਲ ਹੈ, ਨੇ ਜਿੱਥੇ ਆਪਣੀ ਪਤਨੀ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ, ਉੱਥੇ ਪੁਲਿਸ ਤੇ ਕਮਿਸ਼ਨ ਬਾਰੇ ਵੀ ਬੁਰਾ-ਭਲਾ ਕਿਹਾ। ਪੁਲਿਸ ਨੇ ਰਾਤ ਹੀ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਸਵੇਰੇ ਤੜਕੇ ਉਕਤ ਪਰਿਵਾਰ ਨੂੰ ਗ੍ਰਿਫਤਾਰ ਕਰਨ ਲਈ ਛਾਪਾ ਮਾਰਿਆ, ਪਰ ਸਾਰੇ ਬੱਚੇ ਸਮੇਤ ਘਰੋਂ ਭੱਜ ਗਏ। ਪਰ ਪੁਲਿਸ ਨੇ ਉਕਤ ਪਰਿਵਾਰ ਕੋਲੋਂ ਬੱਚਾ ਲੈ ਕੇ ਮਾਂ ਦੇ ਹਵਾਲੇ ਕਰ ਦਿੱਤਾ। ਅਦਾਲਤ ਵੱਲੋਂ ਵੀ ਉਕਤ ਪਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਇਸ ਵੇਲੇ ਉਹ ਹਵਾਲਾਤ ‘ਚ ਹੈ।

ਗੁਲਾਟੀ ਨੇ ਕੁੱਝ ਹੀ ਘੰਟਿਆਂ ‘ਚ ਕੀਤੀ ਕਾਰਵਾਈ ਲਈ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਉਨਾਂ ਦੀ ਟੀਮ ਦਾ ਧੰਨਵਾਦ ਕਰਦੇ ਕਿਹਾ ਕਿ ਸਮੇਂ ਸਿਰ ਐਕਸ਼ਨ ਕਰਕੇ ਪੁਲਿਸ ਨੇ ਪੀੜਤ ਮਹਿਲਾ ਨੂੰ ਜੋ ਇਨਸਾਫ ਦਿਵਾਇਆ ਹੈ, ਉਹ ਮਿਸਾਲੀ ਕਾਰਵਾਈ ਹੈ, ਜਿਸਦੀ ਜਿੰਨੀ ਤਾਰੀਫ ਕੀਤੀ ਜਾਵੇ, ਉਹ ਥੋੜੀ ਹੈ। ਉਨਾਂ ਕਿਹਾ ਕਿ ਕਮਿਸ਼ਨ ਪੀੜਤ ਔਰਤਾਂ ਲਈ ਆਸ ਹੈ ਅਤੇ ਇਸ ਆਸ ਨੂੰ ਤਾਂ ਹੀ ਬੂਰ ਪੈ ਸਕਦਾ ਹੈ, ਜੇਕਰ ਪੁਲਿਸ ਇਸੇ ਤਰਾਂ ਤਰੁੰਤ ਕਾਰਵਾਈ ਅਮਲ ‘ਚ ਲਿਆਵੇ।

- Advertisement -

Share this Article
Leave a comment