ਚੰਡੀਗੜ੍ਹ: ਅੱਜ ਸਵੇਰੇ ਚੰਡੀਗੜ੍ਹ ‘ਚ ਸੈਕਟਰ – 16/23 ਦੇ ਡਿਵਾਈਡਿੰਗ ਰੋਡ ‘ਤੇ ਇਨੋਵਾ ਕਾਰ ਪੋਲ ਨਾਲ ਟਕਰਾ ਗਈ ਜਿਸ ਵਿੱਚ ਮਜਿਸਟਰੇਟ ਸਾਹਿਲ ਸਿੰਗਲਾ ਦੀ ਮੌਤ ਹੋ ਗਈ। ਜਦਕਿ ਅੰਮ੍ਰਿਤਸਰ ਵਾਸੀ ਉਨ੍ਹਾਂ ਦੇ ਸਾਥੀ ਪਾਹੁਲਪ੍ਰੀਤ ਸਿੰਘ ਦਾ ਜੀਐੱਮਐੱਸਐੱਚ-16 ਵਿੱਚ ਇਲਾਜ ਚੱਲ ਰਿਹਾ ਹੈ। ਹਾਦਸਾ ਸ਼ੁਕਰਵਾਰ ਸਵੇਰੇ ਉਸ ਵੇਲੇ ਵਾਪਰਿਆ, ਜਦੋਂ ਸਾਹਮਣਿਓਂ ਇੱਕ ਗੱਡੀ ਦੀਆਂ ਲਾਈਟਾਂ ਦੀ ਚਮਕ ਉਨ੍ਹਾਂ ਦੇ ਅੱਖਾਂ ‘ਤੇ ਪਈ।
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵੇਲੇ ਸੰਗਰੂਰ ਦੇ ਧੂਰੀ ਨਿਵਾਸੀ ਸਾਹਿਲ ਸਿੰਗਲਾ ਉਨ੍ਹਾਂ ਦੀ ਪਤਨੀ ਰਾਧਾ, ਪਾਹੁਲਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਭਜੋਤ ਕਾਰ ਵਿੱਚ ਸਵਾਰ ਸਨ। ਸਾਰੇ ਇਨੋਵਾ ਵਿੱਚ ਸਵਾਰ ਹੋਕੇ ਸੈਕਟਰ-22 ਤੋਂ ਜਾ ਰਹੇ ਸਨ ਕਿ ਸੈਕਟਰ-16/23 ਡਿਵਾਈਡਿੰਗ ਰੋਡ ‘ਤੇ ਉਨ੍ਹਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ।
ਮਾਮਲੇ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਦੋਵੇਂ ਜ਼ਖ਼ਮੀਆਂ ਨੂੰ ਜੀਐੱਮਐੱਸਐੱਚ- 16 ਪਹੁੰਚਾਇਆ , ਜਿੱਥੇ ਡਾਕਟਰਾਂ ਨੇ ਸਾਹਿਲ ਸਿੰਗਲਾ ਨੂੰ ਪੀਜੀਆਈ ਰੈਫਰ ਕਰ ਦਿੱਤਾ ਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ।