ਚੰਡੀਗੜ੍ਹ, (ਅਵਤਾਰ ਸਿੰਘ): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ ਹੋ ਗਿਆ। ਪਰਿਵਾਰਿਕ ਸੂਤਰਾਂ ਅਨੁਸਾਰ ਉਨ੍ਹਾਂ ਨੇ ਬੀਤੀ ਰਾਤ ਆਖਰੀ ਸਾਹ ਲਿਆ। ਉਹ 65 ਸਾਲ ਦੇ ਸਨ। ਉਨ੍ਹਾਂ ਦੇ ਪੁੱਤਰ ਕੁਸ਼ਨ ਮਿੱਤਰਾ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਸ਼੍ਰੀ ਮਿੱਤਰਾ ਪਾਇਨੀਅਰ ਅਖਬਾਰ ਦੇ ਮੁੱਖ ਸੰਪਾਦਕ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਸਿਆਸੀ ਨੇਤਾਵਾਂ ਨੇ ਚੰਦਨ ਮਿੱਤਰਾ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਕ ਬੁੱਧੀਮਾਨ ਅਤੇ ਪਾਰਖੂ ਨਜ਼ਰ ਵਾਲੇ ਪੱਤਰਕਾਰ ਸਨ। ਉਹ ਸਾਬਕਾ ਕੇਂਦਰੀ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਕਰੀਬੀ ਮੰਨੇ ਜਾਂਦੇ ਸਨ।
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਚੰਦਨ ਮਿੱਤਰਾ ਦੇ ਅਕਾਲ ਚਲਾਣੇ ਉਪਰ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪੱਤਰਕਾਰਤਾ ਅਤੇ ਰਾਜਨੀਤੀ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਜਾਣ ਨਾਲ ਪੱਤਰਕਾਰਤਾ ਨੂੰ ਬੇਹੱਦ ਘਾਟਾ ਪਿਆ ਹੈ।