ਜੋਅ ਬਾਇਡਨ ਨੂੰ ਮਿਲੇਗਾ ਵ੍ਹਾਈਟ ਹਾਊਸ – ਟਰੰਪ ਨੂੰ ਮਿਲੇਗੀ ਪੈਨਸ਼ਨ

TeamGlobalPunjab
5 Min Read

-ਅਵਤਾਰ ਸਿੰਘ

ਦੁਨੀਆ ਦੇ ਸਭ ਤੋਂ ਤਾਕਤਵਰ ਕਹਾਉਣ ਵਾਲੇ ਦੇਸ਼ ਅਮਰੀਕਾ ਵਿੱਚ ਸੱਤਾ ਪਰਿਵਰਤਨ ਹੋ ਗਿਆ ਹੈ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਨਣ ਵਾਲੇ ਜੋਅ ਬਾਇਡਨ ਨੇ ਆਪਣੇ ਵਿਰੋਧੀ ਅਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡੇ ਫਰਕ ਨਾਲ ਹਰਾ ਕੇ ਵਾਈਟ ਹਾਊਸ ਵਿੱਚ ਦਾਖਿਲ ਹੋਣ ਵੱਲ ਕਦਮ ਵਧਾ ਲਏ ਹਨ। ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਲੋਕ ਸਭ ਤੋਂ ਵੱਧ ਦਿਲਚਸਪੀ ਦਿਖਾ ਰਹੇ ਸਨ। ਖਾਸ ਕਰਕੇ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਦੇਸ਼ ਦੇ ਕਈ ਥਾਵਾਂ ‘ਤੇ ਡੋਨਲਡ ਟਰੰਪ ਦੀ ਜਿੱਤ ਲਈ ਹਵਨ ਕਰਵਾਉਂਦੇ ਵੀ ਨਜ਼ਰ ਆਏ। ਕਿਸੇ ਨੂੰ ਕੁਝ ਨਹੀਂ ਪਤਾ। ਉਹ ਸ਼ਾਇਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਸਮਝਦੇ ਹੋਣਗੇ। ਇਹ ਚੋਣ ਇਸ ਲਈ ਵੀ ਕਾਫੀ ਦਿਲਚਸਪ ਬਣ ਗਈ ਸੀ ਕਿ ਟਰੰਪ ਆਪਣੇ ਵਿਰੋਧੀ ਉਮੀਦਵਾਰ ਜੋਅ ਬਾਇਡਨ ਉਪਰ ਕਈ ਤਰ੍ਹਾਂ ਦੇ ਦੋਸ਼ ਲਗਾਉਂਦੇ ਰਹੇ। ਪਰ ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ ਡੋਨਾਲਡ ਟਰੰਪ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ 20 ਹਜ਼ਾਰ ਤੋਂ ਵਧੇਰੇ ਵਾਰ ਝੂਠ ਬੋਲੇ। ਫੈਕ੍ਟ ਚੈਕ ਕਰਨ ਵਾਲੀ ਵੈਬਸਾਈਟ ਪਾਲਿਟੀ ਫੈਕ੍ਟ ਮੁਤਾਬਕ 2016 ਤੋਂ ਲੈ ਕੇ ਹੁਣ ਤਕ ਟਰੰਪ ਦੇ ਅੱਧੇ ਤੋਂ ਵੱਧ ਬਿਆਨ ਝੂਠੇ ਸਨ। ਵਾਸ਼ਿੰਗਟਨ ਪੋਸਟ ਦੇ ਡਾਟਾਬੇਸ ਅਨੁਸਾਰ ਉਨ੍ਹਾਂ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਕਾਫੀ ਝੂਠੀ ਬਿਆਨਬਾਜ਼ੀ ਕੀਤੀ ਹੈ। ਇਹ ਭਾਵੇਂ ਮਜ਼ਬੂਤ ਅਰਥਵਿਵਸਥਾ ਬਣਾਉਣ ਦਾ ਦਾਅਵਾ ਹੋਵੇ, ਮੇਕਸਿਕੋ ਦੀਵਾਰ ਦਾ ਦਾਅਵਾ ਜਾਂ ਰੂਸ ਨਾਲ ਕੋਈ ਮਿਲੀਭੁਗਤ ਨਹੀਂ ਕਰਨ ਦਾ ਦਾਅਵਾ ਹੋਵੇ। ਇਸ ਤਰ੍ਹਾਂ ਉਹ 20 ਹਜ਼ਾਰ ਵਾਰ ਝੂਠ ਬੋਲੇ ਦਸੇ ਜਾਂਦੇ ਹਨ। ਵੈਸੇ ਟਰੰਪ ਦੇ ਝੂਠ ਦੀ ਤੁਲਨਾ ਭਾਰਤ ਦੇ ਸਿਆਸਤਦਾਨਾਂ ਨਾਲ ਕਰਨੀ ਬਹੁਤ ਛੋਟੀ ਗੱਲ ਹੈ ਕਿਉਂਕਿ ਇਥੇ ਤਾਂ ਨੇਤਾ ਓਹੀ ਸਫਲ ਕਹਾਉਂਦਾ ਜਿਸ ਦਾ ਝੂਠ ਲੋਕ ਸੱਚ ਮੰਨ ਲੈਣ। ਸਾਡੇ ਲੀਡਰਾਂ ਦੇ ਝੂਠ ਦੀ ਤਾਂ ਗਿਣਤੀ ਕਰਨ ਵਾਲਾ ਵੀ ਕੋਈ ਯੰਤਰ ਨਹੀਂ ਹੈ। ਸੱਤਾ ਦੇ ਅਖੀਰਲੇ ਡੰਡੇ ਉਪਰ ਬੈਠਾ ਆਗੂ ਝੂਠ ਬੋਲ ਕੇ ਲੋਕਾਂ ਨੂੰ ਸੱਚ ਸਾਬਤ ਕਰ ਦਿੰਦਾ ਹੈ। ਇਥੇ ਲੋਕਤੰਤਰ ਦੀ ਆਪਣੀ ਹੀ ਪਰਿਭਾਸ਼ਾ ਹੈ। ਇਥੇ ਤਾਂ ਝੂਠ ਬੋਲ ਕੇ ਚਾਰ ਨਹੀਂ ਪੰਜ ਸਾਲ ਪੂਰੇ ਕਰਕੇ ਕਈ ਵਾਰ ਅਗਲੇ ਪੰਜ ਸਾਲ ਲਈ ਵੀ ਲੋਕਾਂ ਤੋਂ ਆਪਣੇ ਖਾਤੇ ਵਿਚ ਵੋਟਾਂ ਪੁਆ ਲੈਂਦੇ ਹਨ। ਅੱਜ ਦੇ ਦਿਨ 8.11.2016 ਨੂੰ ਹੋਈ ਨੋਟਬੰਦੀ ਨੂੰ ਲੋਕ ਅੱਜ ਤਕ ਯਾਦ ਕਰ ਰਹੇ ਹਨ।

ਗੱਲ ਹੋਰ ਪਾਸੇ ਹੀ ਚੱਲ ਪਈ। ਆਪਾਂ ਤਾਂ ਟਰੰਪ ਤੇ ਬਾਇਡਨ ਬਾਰੇ ਗੱਲ ਕਰ ਰਹੇ ਸੀ। 20 ਜਨਵਰੀ 2021 ਨੂੰ ਜੋਅ ਬਾਇਡਨ ਸੰਭਾਲਣਗੇ ਵਾਈਟ ਹਾਉਸ ਅਤੇ ਡੋਨਲਡ ਟਰੰਪ ਨੂੰ ਮਿਲੇਗੀ ਪੈਨਸ਼ਨ।

ਅਮਰੀਕੀ ਰਾਸ਼ਟਰਪਤੀ ਨੂੰ ਕੀ ਕੀ ਮਿਲਦੀਆਂ ਨੇ ਸਹੂਲਤਾਂ

- Advertisement -

ਅਮਰੀਕਾ ਦੇ ਰਾਸ਼ਟਰਪਤੀ ਨੂੰ 4 ਲੱਖ ਅਮਰੀਕੀ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ। ਇਹ ਭਾਰਤੀ ਕਰੰਸੀ ਵਿੱਚ ਕਰੀਬ ਦੋ ਕਰੋੜ 98 ਲੱਖ 77 ਹਜ਼ਾਰ 800 ਰੁਪਏ ਬਣਦੀ ਹੈ। ਰਾਸ਼ਟਰਪਤੀ ਨੂੰ ਹੋਰ ਖ਼ਰਚਿਆਂ ਲਈ 50 ਹਜ਼ਾਰ ਡਾਲਰ ਵੀ ਮਿਲਦੇ ਹਨ। ਇਸ ਤੋਂ ਬਿਨਾ ਅਮਰੀਕੀ ਰਾਸ਼ਟਰਪਤੀ ਦੇ ਭਵਨ ਨੂੰ ਵ੍ਹਾਈਟ ਹਾਊਸ ਆਖਿਆ ਜਾਂਦਾ ਹੈ। ਇਥੇ ਅਮਰੀਕਾ ਦੇ ਪਹਿਲੇ ਨਾਗਿਰਕ ਅਤੇ ਉਨ੍ਹਾਂ ਦਾ ਪਰਿਵਾਰ ਦੇ ਮੈਂਬਰ ਰਹਿੰਦੇ ਹਨ। ਬੇਸ਼ਕ ਡੋਨਾਲਡ ਟਰੰਪ ਨੇ ਤਨਖਾਹ ਛੱਡ ਦਿੱਤੀ ਸੀ ਪਰ ਉਹ ਵੀ ਬਾਕੀ ਰਾਸ਼ਟਰਪਤੀਆਂ ਵਾਂਗ ਵ੍ਹਾਈਟ ਹਾਊਸ ਵਿੱਚ ਰਹੇ। ਛੇ ਮੰਜ਼ਿਲਾਂ ਵਾਲੇ ਆਲੀਸ਼ਾਲ ਵ੍ਹਾਈਟ ਹਾਊਸ ਵਿੱਚ 132 ਕਮਰੇ ਤੇ 35 ਗੁਸਲਖਾਨੇ ਹਨ। ਵ੍ਹਾਈਟ ਹਾਊਸ ਦੀ ਸਾਂਭ ਸੰਭਾਲ ਦਾ ਖ਼ਰਚਾ ਇੱਕ ਕਰੋੜ 27 ਲੱਖ ਡਾਲਰ ਸਾਲਾਨਾ ਹੈ। ਵ੍ਹਾਈਟ ਹਾਊਸ ‘ਚ 100 ਦੇ ਕਰੀਬ ਕਰਮਚਾਰੀ ਹਨ। ਇਨ੍ਹਾਂ ਵਿੱਚ ਅਫਸਰ, ਖਾਨਸਾਮੇ ਅਤੇ ਪੇਸਟਰੀ ਬਣਾਉਣ ਵਾਲੇ ਸ਼ੇਫ ਵੀ ਸ਼ਾਮਿਲ ਹਨ। ਇਸੇ ਤਰ੍ਹਾਂ ਰਾਸ਼ਟਰਪਤੀ ਕੋਲ ਦੋ ਸੌ ਏਕੜ ਵਿੱਚ ਫੈਲਿਆ ਇੱਕ ਫਾਰਮ ਹਾਊਸ ਕੈਂਪ ਡੇਵਿਡ ਵੀ ਹੈ। ਕੈਂਪ ਡੇਵਿਡ ਵਿੱਚ ਬਾਸਕਟਬਾਲ, ਬਾਲਿੰਗ, ਗੋਲਫ਼ ਖੇਡਣ ਦੀਆਂ ਸਹੂਲਤਾਂ ਹਨ।

ਵਿਦੇਸ਼ੀ ਪ੍ਰਾਹੁਣਿਆਂ ਨੂੰ ਵੀ ਇਥੇ ਠਹਿਰਾਇਆ ਜਾਂਦਾ ਹੈ। ਰਾਸ਼ਟਰਪਤੀ ਨੂੰ ਹਵਾਈ ਫੌਜ ਦੇ ਦੋ ਵਿਸ਼ੇਸ਼ ਹਵਾਈ ਜਹਾਜ਼ ਮਿਲਦੇ ਹਨ। ਇੱਕ ਘੰਟੇ ਦੀ ਉਡਾਣ ਉੱਪਰ 1,80,000 ਡਾਲਰ ਦਾ ਖ਼ਰਚਾ ਆਉਂਦਾ ਹੈ।

ਅਮਰੀਕੀ ਰਾਸ਼ਟਰਤੀ ਦਾ ਜਦੋਂ ਕਾਰਜਕਾਲ ਖ਼ਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੋ ਲੱਖ 37 ਹਜ਼ਾਰ ਡਾਲਰ ਸਾਲਾਨਾ ਪੈਨਸ਼ਨ ਮਿਲਦੀ ਹੈ। ਇਸ ਤੋਂ ਇਲਾਵਾ ਸਟਾਫ਼ ਲਈ ਸਾਲਾਨਾ 96,000 ਡਾਲਰ ਅਤੇ ਉਮਰ ਭਰ ਲਈ ਨਿੱਜੀ ਸੁਰੱਖਿਆ ਅੱਡ ਮਿਲਦੀ ਹੈ।#

Share this Article
Leave a comment