ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਦੇਰ ਰਾਤ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਫੌਜਾਂ ਦੀ ਵਾਪਸੀ ਦੇ ਮੁੱਦੇ’ ਤੇ ਦੇਸ਼ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਉਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣ ਵਾਲੇ । ਅਮਰੀਕਾ ਨੇ ਆਪਣੇ ਸਰੋਤਾਂ ਅਤੇ ਸੈਨਿਕਾਂ ਨਾਲ ਅਫਗਾਨਿਸਤਾਨ ਦੀ ਬਹੁਤ ਮਦਦ ਕੀਤੀ ਹੈ । ਹੁਣ ਇਹ ਅਫਗਾਨਿਸਤਾਨ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਹ ਆਪਣਾ ਭਵਿੱਖ ਕਿਵੇਂ ਦਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਆ ਕੇ ਲੜਾਈ ਲੜਨੀ ਹੋਵੇਗੀ ।
ਬਾਇਡਨ ਨੇ ਕਿਹਾ ਕਿ ਅਫਗਾਨ ਨੇਤਾ ਆਪਣੇ ਲੋਕਾਂ ਦੀ ਬਿਹਤਰੀ ਲਈ ਇਕੱਠੇ ਹੋਣ ਵਿੱਚ ਅਸਫਲ ਰਹੇ ਹਨ। ਉਹ ਆਪਣੇ ਭਵਿੱਖ ਲਈ ਖੜ੍ਹੇ ਨਹੀਂ ਹੋ ਸਕੇ, ਜਦੋਂ ਕਿ ਇਸਦੀ ਸਭ ਤੋਂ ਵੱਧ ਜ਼ਰੂਰਤ ਸੀ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਬਾਰੇ ਕੋਈ ਪਛਤਾਵਾ ਨਹੀਂ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਜੰਗ ਖ਼ਤਮ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਫਿਲਹਾਲ ਜੋ ਕੁੱਝ ਵੀ ਅਫਗਾਨਿਸਤਾਨ ਵਿੱਚ ਹੋ ਰਿਹਾ ਹੈ ਉਹ ਬਹੁਤ ਦੁਖੀ ਕਰਨ ਵਾਲਾ ਹੈ । ਮੈਂ ਇਸ ਹਾਲਤ ਵਿੱਚ ਅਫਗਾਨਿਸਤਾਨ ਦੇ ਨਾਲ ਖੜਾ ਹਾਂ। ਜਦੋਂ ਤੱਕ ਉੱਥੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢ ਨਹੀਂ ਲਿਆ ਜਾਂਦਾ ਤਦ ਤਕ ਅਮਰੀਕਾ ਪੂਰੀ ਤਰ੍ਹਾਂ ਤਰ੍ਹਾਂ ਸਰਗਰਮ ਰਹੇਗਾ।
ਬਾਇਡਨ ਨੇ ਕਿਹਾ ਕਿ ਕਿਹੜੇ ਹਾਲਾਤਾਂ ਵਿੱਚ ਅਸੀਂ ਅਫਗਾਨਿਸਤਾਨ ਤੋਂ ਫੌਜ ਵਾਪਸ ਬੁਲਾਈ, ਇਹ ਤੁਸੀਂ ਸਾਰੇ ਜਾਣਦੇ ਹੋ। ਸਾਡੀ ਫ਼ੌਜ ਲਗਾਤਾਰ ਲੜਾਈ ਬਰਦਾਸ਼ਤ ਨਹੀਂ ਕਰ ਸਕਦੀ। ਬਾਇਡਨ ਨੇ ਕਿਹਾ ਉਹ ਜਾਣਦੇ ਹਨ ਕਿ ਇਸ ਫੈਸਲੇ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਜਾਵੇਗੀ, ਪਰ ਉਹ ਹਰ ਆਲੋਚਨਾ ਨੂੰ ਸਵੀਕਾਰ ਕਰਦੇ ਹਨ।
ਇਸ ਤੋਂ ਇਲਾਵਾ ਬਾਇਡਨ ਨੇ ਕਿਹਾ ਅਸੀਂ ਕਾਮਨਾ ਕਰਦੇ ਹਾਂ ਕਿ ਅਫਗਾਨਿਸਤਾਨ ਜਲਦ ਬਿਹਤਰ ਸਥਿਤੀ ‘ਚ ਆਵੇ। ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਮੇਤ ਦੇਸ਼ ਦੇ ਕਰੀਬ ਸਾਰੇ ਵੱਡੇ ਸੂਬਿਆਂ ‘ਤੇ ਕਬਜ਼ਾ ਕਰ ਲਿਆ ਹੈ।