ਕੌੜੇ ਰੀਠੇ ਹੋਏ ਮਿੱਠੇ ਗੁਰੂ ਨਾਨਕ ਦੀ ਅਜ਼ਬ ਕਲਾ -ਡਾ. ਗੁਰਦੇਵ ਸਿੰਘ

TeamGlobalPunjab
3 Min Read

-ਡਾ. ਗੁਰਦੇਵ ਸਿੰਘ

ਗੁਰਦੁਆਰਾ ਰੀਠਾ ਸਾਹਿਬ ਦਾ ਸਾਲਾਨਾ ਜੋੜ ਮੇਲਾ

ਸਿਧਿ ਬੋਲਨਿ ਸੁਭ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ। (ਵਾਰ 1, ਪਉੜੀ 44)

ਜਗਤ ਉਧਾਰ ਲਈ ਗੁਰੂ ਨਾਨਕ ਸਾਹਿਬ ਨੇ ਚਾਰੋਂ ਦਿਸ਼ਾਵਾਂ ਵਿੱਚ ਉਦਾਸੀਆਂ ਕੀਤੀਆਂ। ਸਤਿਨਾਮ ਦਾ ਅਲੱਖ ਜਗਾਇਆ। ਅਨੇਕ ਪੰਡਿਤਾਂ, ਮੋਲਵੀਆਂ, ਸੰਤਾਂ, ਸਾਧੂਆਂ, ਸਿੱਧਾਂ, ਜੋਗੀਆਂ ਆਦਿ ਵੱਡੇ ਵੱਡੇ ਵਿਦਵਾਨਾਂ ਨੂੰ ਮਿਲੇ ਤੇ ਗਿਆਨ ਗੋਸਟੀਆਂ ਕੀਤੀਆਂ, ਸੰਵਾਦ ਰਚਾਏ। ਗੁਰੂ ਜੀ ਜਿੱਥੇ ਵੀ ਗਏ ਉਥੇ ਇਲਾਹੀ ਹੁਕਮ ਅਨੁਸਾਰ ਬਖਸ਼ਿਸ਼ਾਂ ਵੀ ਕੀਤੀਆਂ। ਅਜਿਹਾ ਹੀ ਇੱਕ ਅਸਥਾਨ ਨੈਨੀਤਾਲ ਦੇ ਲਾਗੇ ਉਤਰਾਖੰਡ ਵਿੱਚ ਸਥਿਤ ਹੈ। ਇਸ ਅਸਥਾਨ ਨੂੰ ਸੰਗਤਾਂ ਗੁਰਦੁਆਰਾ ਰੀਠਾ ਸਾਹਿਬ ਜਾਂ ਮਿੱਠਾ ਰੀਠਾ ਸਾਹਿਬ ਦੇ ਨਾਮ ਨਾਲ ਜਾਣਦੀਆਂ ਹਨ। ਇਸ ਅਸਥਾਨ ਨਾਲ ਕਈ ਤਰ੍ਹਾਂ ਦੀਆਂ ਸਾਖੀਆਂ ਪ੍ਰਚਲਿਤ ਹਨ।

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਜਦੋਂ ਭੁੱਖ ਨਾਲ ਵਿਆਕੁਲ ਭਾਈ ਮਰਦਾਨੇ ਨੇ ਗੁਰੂ ਜੀ ਤੋਂ ਕੁਝ ਖਾਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਰੀਠੇ ਖਾਣ ਨੂੰ ਦਿੱਤੇ। ਰੀਠੇ ਦਾ ਫਲ ਜੋ ਕੌੜਾ ਹੁੰਦਾ ਹੈ, ਉਹ ਭਾਈ ਮਰਦਾਨੇ ਨੂੰ ਛੁਆਰਿਆਂ ਵਾਂਗ ਮਿੱਠਾ ਲੱਗਿਆ।
ਭਾਈ ਵੀਰ ਸਿੰਘ ਜੀ ‘ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ’ ਵਿਚ ਰੀਠਾ ਸਾਹਿਬ ਬਾਰੇ ਲਿਖਦੇ ਹਨ ਕਿ ‘ਇਉਂ ਬੀ ਵਿਚਾਰ ਹੈ ਕਿ ਗੁਰੂ ਜੀ ਇੱਥੋਂ ਉੱਠ ਕੇ ਅੱਗੇ ਘੋਰ ਬਨ ਵਿਚ ਗਏ। ਉੱਥੇ ਮਰਦਾਨੇ ਨੂੰ ਜਦ ਭੁੱਖ ਲੱਗੀ ਤਾਂ ਗੁਰੂ ਜੀ ਨੇ ਕਿਹਾ, ‘ਅਹੁ ਫਲ ਖਾ ਲੈ।’ ਇਹ ਬ੍ਰਿਛ ਰੀਠੇ ਦਾ ਸੀ। ਫਲ ਲੱਗੇ ਹੋਏ ਸਨ। ਮਰਦਾਨੇ ਨੇ ਜਿਸ ਪਾਸਿਓਂ ਖਾਧੇ ਉਹ ਮਿੱਠੇ ਸਨ, ਨਾ ਤਾਂ ਉਹ ਮਰਦਾਨੇ ਨੂੰ ਕੌੜੇ ਲੱਗੇ, ਨਾ ਉਹ ਖਾ ਕੇ ਔਖਾ ਹੋਇਆ।

- Advertisement -

ਗਿਆਨੀ ਗਿਆਨ ਸਿੰਘ ‘ਤਵਾਰੀਖ ਗੁਰੂ ਖ਼ਾਲਸਾ’ ਦੇ ਪਹਿਲੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਇਸੇ ਅਸਥਾਨ ਹੋਈ ‘ਤੇ ਲਿਖਦੇ ਹਨ। ਗੁਰੂ ਜੀ ਨੇ ਜੋਗੀਆਂ ਨੂੰ ਉਪਦੇਸ਼ ਦਿੱਤਾ।

ਜੋਗੀਆਂ ਨੇ ਬਾਬਾ ਜੀ ਨੂੰ ਅਜਮਾਉਣ ਵਾਸਤੇ ਆਖਿਆ ਕਿ ਸਾਨੂੰ ਭੁੱਖ ਲੱਗੀ ਹੈ ਕੁਝ ਛਕਾਉ, ਤਾਂ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਹੱਥ ਦਾ ਆਸਾ ਭਾਵ ਸੋਟਾ ਦੇ ਕੇ ਆਖਿਆ ਏਸ ਬ੍ਰਿਛ ਦੇ ਫਲ ਝਾੜੋ, ੳਹ ਰੀਠੇ ਦਾ ਬ੍ਰਿਛ ਸੀ। ਭਾਈ ਮਰਦਾਨੇ ਨੇ ਉਸ ਬ੍ਰਿਛ ਦੇ ਫਲ ਝਾੜੇ ਅਤੇ ਸਿੱਧਾਂ ਨੂੰ ਖਾਣ ਲਈ ਕਿਹਾ। ਖਾਣ ਕਰਕੇ ਮਿੱਠੇ ਸਵਾਦ ਲੱਗੇ, ਸਭ ਨੇ ਛਕੇ। ਜੋਗੀ ਇਹ ਕਲਾ ਦੇਖ ਕੇ ਬਿਸਮੈ ਹੋ ਆਦੇਸ ਕਰ ਗਏ।
ਗੁਰੂ ਜੀ ਨੇ ਅਜਿਹੀ ਕਲਾ ਵਰਤਾਈ ਕਿ ਰੀਠਾ ਨਾਮਕ ਫਲ ਜੋ ਕੌੜਾ ਹੁੰਦਾ ਏ ਉਹ ਮਿੱਠਾ ਹੋ ਗਿਆ। 24 ਜੂਨ ਨੂੰ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਹੈ। ਇਹ ਅਸਥਾਨ ਨਾਨਕਮਤੇ ਤੋਂ ਕਰੀਬ 45 ਮੀਲ ਪੂਰਵ ਵੱਲ ਉਤਰਾਖੰਡ ਵਿੱਚ ਸਥਿਤ ਹੈ।

Share this Article
Leave a comment