ਅਹਿਮਦਾਬਾਦ : ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਹੋਏ ਹਮਲੇ ਦਾ ਮਾਮਲਾ ਗੁਜਰਾਤ ਤੱਕ ਵੀ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਨੂੰ ਲੈ ਕੇ ਅੱਜ ਅਹਿਮਾਦਬਾਦ ‘ਚ ਏਬੀਵੀਪੀ ਅਤੇ ਐਨਐਸਯੂਆਈ ਦੇ ਸਮਰਥਕ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵਾਂ ਪਾਰਟੀਆਂ ‘ਚ ਕਾਫੀ ਤਕਰਾਰ ਹੋਈ ਅਤੇ ਲਾਠੀਆਂ ਅਤੇ ਪੱਥਰਬਾਜ਼ੀ ਵੀ ਹੋਈ। ਪਤਾ ਇਹ ਵੀ ਲੱਗਾ ਹੈ ਕਿ ਇਸ ਦੌਰਾਨ ਐਨਐਸਯੂਆਈ ਦੇ ਸਮਰਥਕ ਨਿਖਿਲ ਸਵਾਨੀ ‘ਤੇ ਚਾਕੂ ਨਾਲ ਵੀ ਹਮਲਾ ਕੀਤਾ ਗਿਆ ਹੈ। ਇਸ ਦਾ ਦੋਸ਼ ਐਨਐਸਯੂਆਈ ਵੱਲੋਂ ਏਬੀਵੀਪੀ ਸਮਰਥਕਾਂ ‘ਤੇ ਲਗਾਇਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਿਕ ਐਨਐਸਯੂਆਈ ਸਮਰਥਕ ਨਿਖਿਲ ਸਵਾਨੀ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਜੇਐਨਯੂ ਮਾਮਲੇ ਨੂੰ ਲੈ ਕੇ ਅੱਜ ਅਹਿਮਦਾਬਾਦ ਅੰਦਰ ਏਬੀਵੀਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਐਨਐਸਯੂਆਈ ਦੇ ਸਮਰਥਕਾਂ ਵਿੱਚਕਾਰ ਇਹ ਝੜੱਪ ਹੋ ਗਈ। ਦੋਸ਼ ਇਹ ਵੀ ਲੱਗ ਰਹੇ ਹਨ ਪੁਲਿਸ ਦੀ ਮੌਜੂਦਗੀ ਵਿੱਚ ਐਨਐਸਯੂਆਈ ਦੇ ਸਮਰਥਕਾਂ ਨੂੰ ਏਬੀਵੀਪੀ ਸਮਰਥਕਾਂ ਵੱਲੋਂ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।