ਨਵੀਂ ਦਿੱਲੀ: ਦੇਸ਼ ਦੀ ਮਸ਼ਹੂਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ( JNU ) ਵਿੱਚ ਇੱਕ ਵਾਰ ਫਿਰ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਬੀਤੀ ਦੇਰ ਸ਼ਾਮ ਚਿਹਰੇ ਤੇ ਕਪੜਾ ਬੰਨ੍ਹ ਕੇ ਕੁੱਝ ਲੋਕਾਂ ਨੇ ਕੈਂਪਸ ਅੰਦਰ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਮਲਾ ਕਰ ਦਿੱਤਾ।
ਹਮਲੇ ਵਿੱਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਸ਼ਾਮ ਲਗਭਗ 6 : 30 ਵਜੇ ਲਗਭਗ 50 ਗੁੰਡੇ ਜੇਐੱਨਯੂ ਕੈਂਪਸ ਵਿੱਚ ਵਿੱਚ ਦਾਖਲ ਹੋਏ ਅਤੇ ਵਿਦਿਆਰਥੀਆਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕੈਂਪਸ ਵਿੱਚ ਮੌਜੂਦ ਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਹੋਸਟਲ ਵਿੱਚ ਵੀ ਭੰਨ ਤੋੜ ਕੀਤੀ। ਜੇਐੱਨਯੂ ਦੇ ਇੱਕ ਪ੍ਰੋਫੈਸਰ ਨੇ ਦੱਸਿਆ ਕਿ ਹਮਲਾਵਰਾਂ ਨੇ ਹੋਸਟਲ ਉੱਤੇ ਪੱਥਰਬਾਜੀ ਕੀਤੀ ਅਤੇ ਯੂਨੀਵਰਸਿਟੀ ਦੀ ਜ਼ਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।
20 ਵਿਦਿਆਰਥੀਆਂ ਨੂੰ ਏਮਸ ਵਿੱਚ ਭਰਤੀ ਕਰਾਇਆ ਗਿਆ ਹੈ , ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉੱਥੇ ਹੀ, ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਦੱਸਿਆ ਕਿ ਚਿਹਰੇ ਉੱਤੇ ਨਕਾਬ ਪਾਏ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਹਮਲੇ ਵਿੱਚ ਉਨ੍ਹਾਂ ਦੇ ਸਿਰ ਉੱਤੇ ਡੂੰਘੀ ਸੱਟ ਲੱਗੀ ਹੈ।
ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ 50 ਤੋਂ ਜ਼ਿਆਦਾ ਦੀ ਗਿਣਤੀ ਵਿੱਚ ਲੋਕ ਮੂੰਹ ਬੰਨ ਕੇ ਕੈਂਪਸ ਵਿੱਚ ਘੁੰਮਦੇ ਨਜਰ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਹਾਕੀ ਤੇ ਰਾਡ ਵਿਖਾਈ ਦੇ ਰਿਹੇ ਹਨ।