ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ Jio ਨੇ ਦੋਸ਼ ਲਗਾਏ ਹਨ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਕਿਸਾਨ ਅੰਦੋਲਨ ਦਾ ਫਾਇਦਾ ਚੁੱਕਦਿਆਂ ਉਸ ਦੇ ਗਾਹਕਾਂ ਨੂੰ ਭੜਕਾ ਰਹੇ ਹਨ। Jio ਮੁਤਾਬਕ ਇਹ ਦੋਵੇਂ ਕੰਪਨੀਆਂ ਦਾਅਵਾ ਕਰ ਰਹੀਆਂ ਹਨ ਕਿ Jio ਦੇ ਮੋਬਾਇਲ ਨੰਬਰ ਨੂੰ ਉਨ੍ਹਾਂ ਦੇ ਨੈੱਟਵਰਕ ‘ਤੇ ਪੋਰਟ ਕਰਨਾ ਕਿਸਾਨ ਅੰਦੋਲਨ ਨੂੰ ਸਮਰਥਨ ਹੋਵੇਗਾ।
Jio ਮੁਤਾਬਕ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਪੋਰਟ ਰਿਕੁਐਸਟ ਮਿਲ ਰਹੀਆਂ ਹਨ ਜਿਸ ਵਿੱਚ ਗਾਹਕ Jio ਸਰਵਿਸ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਤੋਂ ਬਿਨਾਂ Jio ਛੱਡ ਰਹੇ ਹਨ। ਰਿਲਾਇੰਸ Jio ਨੇ ਇਸ ਸਬੰਧੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੂੰ ਪੱਤਰ ਲਿਖ ਕੇ ਇਨ੍ਹਾਂ ਦੋਵੇਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। Jio ਨੇ ਕਿਹਾ ਕਿ ਵਿਰੋਧੀ ਕੰਪਨੀਆਂ ਦੇ ਇਸ ਰਵੱਈਏ ਨਾਲ ਜੀਓ ਦੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ।
ਉੱਥੇ ਹੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ Jio ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕੀਤਾ ਹੈ। ਰਿਲਾਇੰਸ Jio ਨੇ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਵੀ TRAI ਨੂੰ ਇਕ ਪੱਤਰ ਵਿਚ ਇਤਰਾਜ਼ ਜਤਾਇਆ ਸੀ, ਪਰ ਇਸਦੇ ਬਾਵਜੂਦ ਦੋਵੇਂ ਕੰਪਨੀਆਂ ਆਪਣੇ ਨਕਾਰਾਤਮਕ ਪ੍ਰਚਾਰ ‘ਤੇ ਕਾਇਮ ਹਨ। Jio ਨੇ ਕਿਹਾ ਕਿ ਦੋਵੇਂ ਕੰਪਨੀਆਂ ਕਿਸਾਨਾਂ ਦੇ ਵਿਰੋਧ ਦਾ ਫਾਇਦਾ ਚੁੱਕਣਾ ਚਾਹੁੰਦੀਆਂ ਹਨ।