ਚਾਈਬਾਸਾ, (ਝਾਰਖੰਡ) : ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ‘ਚ 26 ਸਾਲਾ ਸਾਫਟਵੇਅਰ ਇੰਜੀਨੀਅਰ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਪੁਲਸ ਦੋ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ। 20 ਅਕਤੂਬਰ ਨੂੰ ਚਾਈਬਾਸਾ ਦੇ ਪੁਰਾਣੇ ਹਵਾਈ ਅੱਡੇ ਨੇੜੇ ਇੱਕ ਨੌਜਵਾਨ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਐਤਵਾਰ ਨੂੰ ਦੋ ਨਾਬਾਲਗਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਕਹਿਣਾ ਹੈ ਕਿ ਅਜੇ ਦੋ ਹੋਰ ਵਿਅਕਤੀ ਫਰਾਰ ਹਨ ਅਤੇ ਉਹ ਪੀੜਤਾ ਅਤੇ ਉਸਦੇ ਮਰਦ ਦੋਸਤ ਦੀ ਕੁੱਟਮਾਰ ਕਰਨ ਵਿੱਚ ਸ਼ਾਮਲ ਸਨ, ਪਰ ਉਨ੍ਹਾਂ ਬਲਾਤਕਾਰ ਨਹੀਂ ਕੀਤਾ। ਉਨ੍ਹਾਂ ਕਿਹਾ, “ਅਸੀਂ ਬਲਾਤਕਾਰ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਫੜੇ ਜਾਣਗੇ।
ਸਵਾਲ ਦੇ ਜਵਾਬ ਵਿੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਨਾਮੀ ਆਈਟੀ ਕੰਪਨੀ ਵਿੱਚ ਕੰਮ ਕਰਨ ਵਾਲੀ ਮੁਟਿਆਰ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਦੋ ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਕੋਲੋਂ ਲੜਕੀ ਦਾ ਬਟੂਆ ਬਰਾਮਦ ਹੋਇਆ ਹੈ, ਜਿਸ ਵਿੱਚ ਪੀੜਤਾ ਦਾ ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਏ.ਟੀ.ਐਮ. ਕਾਰਡ ਅਤੇ 4500 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ।ਦੋਸ਼ੀ ਕੋਲੋਂ ਪੀੜਤਾ ਦਾ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਪੀੜਤਾ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ । ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ।