ਜਿਉਂਦਾ ਰਹਿ ਪੰਜਾਬ ਸਿਆਂ !

TeamGlobalPunjab
4 Min Read

ਇਕਬਾਲ ਸਿੰਘ ਲਾਲਪੁਰਾ

ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਤੇ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਸੁਣਦਿਆਂ ਬਚਪਨ ਤੇ ਜੁਆਨੀ ਵਿੱਚ ਪਹੁੰਚੇ ਸਾਂ। ਹੁਣ ਇਹ ਅਖਾਣ ਸੁਨਣ ਨੂੰ ਨਹੀਂ ਮਿਲਦੇ, ਹੋ ਸਕਦੇ ਇਹ ਗੱਲਾਂ ਵਾਰ ਵਾਰ ਕਰਨ ਵਾਲੇ ਸਾਡੇ ਬਜ਼ੁਰਗ ਤੇ ਉਸਤਾਦ ਬਹੁਤੇ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ ਤੇ ਮੇਰੀ ਪੀੜੀ ਇਸ ਨੂੰ ਭੁੱਲਦੀ ਜਾ ਰਹੀ ਹੈ।
ਪਰ ਨਵੇਂ ਹਾਲਾਤ ਤੇ ਨਵੇਂ ਆਗੂਆਂ ਰਾਹੀਂ ਲੁੱਟ ਦੀਆਂ ਗੱਲਾਂ ਅੱਜ ਵੀ ਸਾਰਥਿਕ ਹਨ।

ਦੇਸ਼ ਦੀ ਆਜ਼ਾਦੀ ਆਖੀਏ ਜਾਂ ਭਾਰਤ ਦੀ ਵੰਡ ਜਾਂ ਪੰਜਾਬ ਦੇ ਟੁਕੜੇ ਹੋਣੇ, ਇਹ ਤੂੰ ਪਿੰਡੇ ‘ਤੇ ਹੰਢਾਇਆ ਹੈ। ਅਣਖ ਤੇ ਮਜ਼੍ਹਬ ‘ਤੇ ਪਹਿਰਾ ਦੇਣ ਵਾਲੇ ਕਰੀਬ ਦਸ ਲੱਖ ਇਨਸਾਨ ਮਾਰੇ ਗਏ। ਬੇਇੱਜ਼ਤ ਹੋਈਆਂ ਤੇਰੀਆਂ ਬੇਟੀਆਂ ਇਹ ਸੰਤਾਪ ਭੋਗਦੀਆਂ ਮੌਟ ਦੇ ਮੂੰਹ ਜਾ ਪਈਆਂ ਹਨ ਜਾਂ ਜਿਉਂਦਾ ਲਾਸ਼ਾਂ ਹਨ। ਮੈਨੂੰ ਦੁੱਖ ਹੁੰਦਾ ਹੈ ਜਦੋਂ ਸੁਣਦਾ ਹਾਂ ਕੇ ਭਡਾਣੇ ਵਾਲੇ ਸੰਧੂ ਤੇ ਕਈ ਹੋਰ ਸਰਦਾਰ ਬੂਟਾ ਸਿੰਘ ਤੋਂ ਬੂਟਾ ਮੁਹੰਮਦ ਬਣ ਆਪਣੇ ਬਜ਼ੁਰਗਾਂ ਦਾ ਧਰਮ ਬਦਲ ਕੇ ਜ਼ਮੀਨ ਲਈ ਅੱਜ ਕਲਮਾ ਪੜਨ ਵਾਲੇ ਬਣ ਆਪਣੇ ਬਜ਼ੁਰਗਾਂ ਦੀਆਂ ਸਮਾਧਾਂ ਵੀ ਢਾਹ ਰਹੇ ਹਨ।

ਇਸ ਇਕ ਵੰਡ ਨਾਲ ਤੇਰੀ ਟੁੱਟ ਭੱਜ ਦਾ ਖਹਿੜਾ ਨਹੀਂ ਛੁਟਿਆ ਤੇ ਫੇਰ ਕੁਰਸੀ ਲਈ ਤੇਰੀ ਮਾਖਿਉ ਮਿੱਠੀ ਪੰਜਾਬੀ ਤੇ ਗੁਰਮੁਖੀ ਦਾ ਰੌਲਾ ਤੇਰੇ ਨਾਲਾਇਕ ਪੁੱਤਰਾਂ ਨੇ ਪਾ ਲਿਆ। ਪੁਆਧੀ, ਪਹਾੜੀ ਤੇ ਡੋਗਰੀ ਹੀ ਨਹੀਂ ਮਾਝੀ, ਦੁਆਬੀ ਤੇ ਮਲਵਈ ਬੋਲਣ ਵਾਲੇ ਅੰਮ੍ਰਿਤਸਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਅੰਬਾਲਾ ਕਰਨਾਲ ਵਾਲੇ ਆਪਣੀ ਮਾਂ ਤੋਂ (ਬੋਲੀ) ਹੀ ਬਾਗ਼ੀ ਹੋ ਗਏ। ਤੇਰੇ ਚਾਰ ਟੁਕੜੇ ਹੋਰ ਕਰ ਲਏ ਤੇ ਮਾਂ ਪੰਜਾਬੀ ਤੋਂ ਸਾਰੇ ਬਾਗ਼ੀ।

ਜਿਹੜੇ ਲੜਾਉਣ ਵਾਲੇ ਸਨ, ਉਹ ਦੋਵੇਂ ਤੇਰੇ ਕਪੂਤ ਕੁਰਸੀਆਂ ਤਾਂ ਮਾਣ ਰਹੇ ਹਨ ,ਪਰ ਤੇਰੀ ਪੰਜਾਬੀ ਪੜਨ ਪੜਾਉਣ ਲਈ ਕੁਝ ਨਹੀਂ ਕੀਤਾ, ਮਾਣਸ ਕੀ ਜਾਤ ਸਭੈ ਏਕੋ ਪਹਿਚਾਨਵੋ ਵਾਲੇ ਤੇਰੇ ਗੀਤ ਭੁੱਲ, ਜਾਤ ਪਾਤ ਤੇ ਧਾਰਮਿਕ ਵਖਰੇਵਿਆਂ ਦੀਆ ਗੱਲਾਂ ਕਰਦੇ ਹਨ, ਇਹ ਪੰਜਾਬ ਕਰਾਂ ਕੀ ਸਿਫ਼ਤ ਤੇਰੀ , ਲਿਖਣ ਵਾਲੇ ਅਸਲੀ ਪੁੱਤਰ ਧਨੀ ਰਾਮ ਚਾਤ੍ਰਿਕ ਤੋਂ ਬਾਅਦ ਇਹ ਕਲਾ ਹੀ ਭੁੱਲ ਗਏ ਹਨ। ਜੁਝਾਰ ਦੀ ਕਲਗੀ ਚੁੰਮਣ ਵਾਲੇ ਨੰਦ ਲਾਲ ਨੂਰਪੁਰੀ ਦੀ ਕਲਮ ਵੀ ਕਿਧਰੇ ਸਾਂਭ ਕੇ ਨਹੀਂ ਰੱਖੀ ਤੇ ਨਾ ਹੀ ਸ਼ਿਵ ਕੁਮਾਰ ਦੀ ਲਿਖੀ ਗੁਰੂ ਗੋਬਿੰਦ ਸਿੰਘ ਦੀ ਆਰਤੀ ਕੋਈ ਗਾਉਂਦਾ ਹੈ।

ਤੇਰੀ ਧਾਰਮਿਕ ਤੇ ਰਾਜਸੀ ਹਟੀ ਚਲਾਉਣ ‘ਤੇ ਆਕੀ ਹੋ ਰੁਜ਼ਗਾਰ ਲਈ ਬੇਅਦਬੀ ਕਰਨ ਵਾਲ਼ਿਆਂ ਨੇ ਤੇਰੇ ਪੁੱਤਰਾਂ , ਧੀਆਂ ਦੇ ਖ਼ੂਨ ਨਾਲ ਤੇਰੀ ਜ਼ਰਖੇਜ਼ ਮਿੱਟੀ ਅਪਵਿੱਤਰ ਕਰ ਦਿੱਤੀ ਹੈ।
ਡਰਦੇ ਹੋਏ ਤੇਰੇ ਬੱਚੇ ਇਸ ਧਰਤੀ ਨੂੰ ਹੀ ਛੱਡ ਕੇ ਵਿਦੇਸ਼ਾਂ ਵੱਲ ਮੂੰਹ ਕਰ ਗਏ ਹਨ। ਲੜੇ ਕਿਸ ਗੱਲੋਂ ਤੇ ਖੱਟਿਆ ਕੀ ਤੇ 70 ਸਾਲ ਤੇ ਇਹ ਧਰਤੀ ਭੱਠੀ ਕਿਉਂ ਬਣੀ ਹੋਈ ਇਹ ਤਾਂ ਪੰਜਾਬ ਸਿਆਂ ਤੂੰ ਹੀ ਦਸ ਸਕਦਾ ਹੈਂ ?

ਤੇਰੀ ਧਰਤੀ ਮਾਂ ਨੂੰ ਜ਼ਹਿਰ ਪਾ ਕੇ ਜਿਆਦਾ ਦਾਣੇ ਲੱਭਦਿਆਂ ਅਸੀਂ ਅਪਵਿੱਤਰ ਕਰ ਦਿੱਤਾ ਹੈ, ਅੱਜ ਇਹ ਜ਼ਹਿਰੀਲੇ ਦਾਣੇ ਖਰੀਦਣ ਵਾਲਾ ਕੋਈ ਨਹੀਂ, ਤੇ ਤੇਰੇ ਪੁੱਤਰ ਕਿਸਾਨ ਨਹੀਂ ਕੁਰਸੀਆਂ ਵਾਲੇ ਆਪਣੀ ਜ਼ੁੰਮੇਵਾਰੀ ਭੁੱਲ ਸੜਕਾਂ ‘ਤੇ ਬੈਠੇ ਡਰਾਮੇ ਕਰ ਰਹੇ ਹਨ। ਕਿਸਾਨ ਲੁਟਿਆ ਤੇ ਠੱਗਿਆ ਗਿਆ ਹੈ। ਬੇਈਮਾਨ ਕੌਣ ਹੈ ?

ਪਾਣੀ ਪਿਤਾ ਤਾਂ ਅਸੀਂ ਖਤਮ ਹੀ ਕਰ ਲਿਆ ਹੈ। ਪਉਣ ਵੀ ਸਾਹ ਲੈਣ ਵਾਲੀ ਨਹੀਂ ਰਹੀ।

ਜਿਹੜੀ ਗੱਲ ਅਸੀਂ ਗੱਲ-ਬਾਤ ਰਾਹੀਂ ਦੱਸਣੀ ਸੀ, ਉਹ ਤਾਂ ਕਿਛੁ ਸੁਣੀਐ ਕਿਛ ਕਹੀਐ ਦਾ ਸਬਕ ਹੀ ਸਾਨੂੰ ਯਾਦ ਨਹੀਂ ਰਿਹਾ।

ਦਿੱਲੀ ਦੀ ਲੋਕ ਸਭਾ ਤੇ ਰਾਜ ਸਭਾ ਵਿੱਚ ਬੈਠੇ ਤੇਰੇ ਬੀਹ ਨਿਆਣੇ ਇਕ ਦੂਜੇ ਦੀ ਬਾਂਹ ਫੜ ਨਾ ਤਾ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਣ ਯੋਗ ਹਨ ਨਾ ਹੀ ਖੇਤੀ ਮੰਤਰੀ ਨੂੰ ਮਿਲ ਸਕਣ ਵਾਲੇ।

ਅੰਮ੍ਰਿਤਾ ਪ੍ਰੀਤਮ ਨੇ ਵੰਡ ਦਾ ਦਰਦ ਵਾਰਿਸ ਸ਼ਾਹ ਨੂੰ ਸੁਣਾਇਆ ਸੀ ਪਰ ਵਾਰਿਸ ਦਾ ਦਿਲ ਨਹੀਂ ਪਸੀਜਿਆ ਸੀ।

ਮੇਰੀ ਤਾਂ ਬੇਨਤੀ, ਅਰਦਾਸ, ਜੋਦੜੀ ਤੇਰੇ ਕੋਲ ਹੀ ਹੈ ਪੰਜਾਬ ਸਿਆਂ, ਇਸਦੇ ਹਾਸੇ, ਭੰਗੜੇ, ਗਿੱਧੇ, ਖ਼ੁਸ਼ਹਾਲੀ, ਮੇਲੇ ਤੇ ਭਾਈਚਾਰਾ ਮੋੜ ਦੇ। ਸਭ ਦੀਆਂ ਗਲਤੀਆਂ ਮੁਆਫ ਕਰ ਦੇ! ਇਸ ਨੂੰ ਸ਼ਾਨਾਂ ਦੇ ਸਭ ਸਮਾਨ ਤੇਰੇ ਵਾਲਾ ਸਵਰਗ ਬਣਾ ਦੇ !! (ਲੇਖਕ ਦੀਆਂ ਨਿਜੀ ਭਾਵਨਾਵਾਂ)

Share This Article
Leave a Comment