ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸੀਐਮ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ’ਤੇ ਹੋਏ ਦੁਰਵਿਵਹਾਰ ਦੀ ਕੀਤੀ ਨਿੰਦਾ

Global Team
3 Min Read

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਦੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਮਾੜੇ ਸਲੂਕ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਸਾਡੀ ਸਤਿਕਾਰਤ ਸਖ਼ਸ਼ੀਅਤ ਹਨ। ਏਅਰ ਇੰਡੀਆ ਤੇ ਉਸ ਦੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਵਿਵਹਾਰ ਨਿੰਦਣਯੋਗ ਹੈ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਉਨ੍ਹਾਂ ਸੋਸ਼ਲ ਮੀਡੀਆ ‘ਤੇ ਟਵੀਟ ਕਰਦਿਆਂ ਲਿਖਿਆ ਕਿ ਸਿੱਖ ਕੌਮ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਰਘਬੀਰ ਸਿੰਘ ਜੀ ਨਾਲ ਏਅਰ ਇੰਡੀਆ ਤੇ ਉਸ ਦੇ ਕਰਮਚਾਰੀਆਂ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ।

ਸਿੰਘ ਸਾਹਿਬ ਸਾਡੀ ਸਤਿਕਾਰਤ ਸਖ਼ਸ਼ੀਅਤ ਹਨ, ਉਹਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਤੇ ਦੇਸ਼-ਵਿਦੇਸ਼ ’ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੰਘ ਸਾਹਿਬ ਨੇ ਵਿਦੇਸ਼ਾਂ ’ਚ ਕਈ ਪ੍ਰਚਾਰ ਦੌਰੇ ਕੀਤੇ ਹਨ ਤੇ ਹੁਣ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ ਸਨ ਤਾਂ ਏਅਰ ਇੰਡੀਆ ਵੱਲੋਂ ਬਿਜਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਬਹੁਤ ਮਾੜੇ ਹਾਲਾਤ ਵਾਲੀਆਂ ਸੀਟਾਂ ਉਨ੍ਹਾਂ ਸਮੇਤ ਹੋਰ ਯਾਤਰੀਆਂ ਨੂੰ ਦਿੱਤੀਆਂ ਗਈਆਂ, ਜਿਸ ਦਾ ਮੌਕੇ ’ਤੇ ਵਿਰੋਧ ਕੀਤਾ ਗਿਆ। ਜਥੇਦਾਰ ਗੜਗੱਜ ਨੇ ਕਿਹਾ ਕਿ ਵਿਰੋਧ ਕਰਨ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਿੰਘ ਸਾਹਿਬ ਸਮੇਤ ਹੋਰਨਾਂ ਦੇ ਪਾਸਪੋਰਟ ਲਏ ਗਏ। ਕਈ ਘੰਟੇ ਗਿਆਨੀ ਰਘਬੀਰ ਸਿੰਘ ਨੂੰ ਭੁੱਖਣ ਭਾਣੇ ਬਿਠਾ ਕੇ ਰੱਖਿਆ ਜੋ ਕਿ ਨਿੰਦਣਯੋਗ ਵਿਵਹਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀ ਬਹੁਤ ਸਤਿਕਾਰਯੋਗ ਹੈ, ਕਿਉਂਕਿ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਥਾਪੇ ਗਏ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੋਂ ਲੈ ਕੇ ਚੱਲਦੀ ਆ ਰਹੀ ਸਿੱਖਾਂ ਦੀ ਵਿਲੱਖਣ ਵਿਰਾਸਤ ਦਾ ਹਿੱਸਾ ਹੈ, ਇਸ ਲਈ ਕੇਂਦਰੀ ਏਜੰਸੀਆਂ ਤੇ ਹਵਾਈ ਅੱਡੇ ’ਤੇ ਤਾਇਨਾਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਸਤਿਕਾਰ ਤੇ ਸਨਮਾਨ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਸਿੰਘ ਸਾਹਿਬ ਨਾਲ ਸੰਪਰਕ ਕਰ ਕੇ ਸਮੁੱਚੀ ਘਟਨਾ ਦੀ ਜਾਣਕਾਰੀ ਲੈਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment