ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੀ ਪੰਜ ਮੈਂਬਰੀ ਕਮੇਟੀ ਦਾ ਵੱਡਾ ਖੁਲਾਸਾ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੱਦੇ ਉਤੇ ਅਕਾਲੀ ਦਲ ਦੇ ਏਕੇ ਲਈ ਤਿਆਰ ਹਨ ਕਿਉਂਕਿ ਅਕਾਲੀ ਦਲ ਦੇ ਤਾਂ ਕਦੇ ਵੀ ਵਿਰੋਧ ਵਿੱਚ ਨਹੀਂ ਗਏ ਹਨ ਪਰ ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਵਲੋਂ ਐਲਾਨੇ ਫੈਸਲੇ ਅਨੁਸਾਰ ਹੀ ਏਕਾ ਸੰਭਵ ਹੈ । ਉਸ ਫੈਸਲੇ ਅਨੁਸਾਰ ਅਕਾਲੀ ਦਲ ਦੀ ਭਰਤੀ ਸਿੰਘ ਸਾਹਿਬਾਨ ਦੀ ਕਮੇਟੀ ਨੇ ਕਰਨੀ ਸੀ ਅਤੇ ਕਮੇਟੀ ਦੀ ਨਿਗਰਾਨੀ ਹੇਠ ਹੀ ਪਾਰਟੀ ਪ੍ਰਧਾਨ ਦੀ ਚੋਣ ਹੋਣੀ ਤੈਅ ਸੀ। ਗਲੋਬਲ ਪੰਜਾਬ ਟੀਵੀ ਨਾਲ ਖਾਸ ਮੁਲਾਕਾਤ ਦੌਰਾਨ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਇਹ ਖੁਲਾਸਾ ਕੀਤਾ ਗਿਆ ਹੈ।
ਪੰਜ ਮੈਂਬਰੀ ਕਮੇਟੀ ਵਲੋ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਦੀ ਉਪਚੋਣ ਦਾ ਜਿਕਰ ਕਰਦਿਆਂ ਇਯਾਲੀ ਦਾ ਕਹਿਣਾ ਹੈ ਕਿ ਪੰਜ ਮੈਂਬਰੀ ਕਮੇਟੀ ਇਸ ਚੋਣ ਲਈ ਕੋਈ ਸਰਗਰਮੀ ਨਹੀਂ ਕਰੇਗੀ ਕਿਉਂਕਿ ਅਕਾਲੀ ਦਲ ਦੇ ਉਮੀਦਵਾਰ ਵਲੋਂ ਕੋਈ ਹਮਾਇਤ ਨਹੀਂ ਮੰਗੀ ਗਈ ਅਤੇ ਪੰਜ ਮੈਂਬਰੀ ਕਮੇਟੀ ਦਾ ਵਿਰੋਧ ਕੀਤਾ ਹੈ। ਪੰਜ ਮੈਂਬਰੀ ਕਮੇਟੀ ਦਾ ਲੁਧਿਆਣਾ ਵਿੱਚ ਆਪਣਾ ਚੰਗਾ ਅਧਾਰ ਹੈ ਕਿਉਂਕਿ ਮਨਪ੍ਰੀਤ ਸਿੰਘ ਇਯਾਲੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਨ ਅਤੇ ਲੁਧਿਆਣਾ ਵਿੱਚ ਉਨਾਂ ਦਾ ਤਕੜਾ ਪ੍ਰਭਾਵ ਹੈ । ਅਕਾਲੀ ਸਰਕਾਰ ਵੇਲੇ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤਾਂ ਇਯਾਲੀ ਨੇ ਲੁਧਿਆਣਾ ਦੇ ਪਿੰਡਾਂ ਵਿੱਚ ਵੱਡੀ ਪੱਧਰ ਤੇ ਸਟੇਡੀਅਮ ਬਣਾਏ ਸਨ ਅਤੇ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਵਾਇਆ ਸੀ। ਮਰਹੂਮ ਮੁੱਖ ਮੰਤਰੀ ਬਾਦਲ ਨੇ ਵਿਧਾਨ ਸਭਾ ਵਿੱਚ ਖੜ੍ਹੇ ਹੋਕੇ ਇਯਾਲੀ ਦੀਆਂ ਵਿਕਾਸ ਸਰਗਰਮੀਆਂ ਦੀ ਤਰੀਫ ਕੀਤੀ ਸੀ।
ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਦੋਂ ਚੋਣ ਲੜਨੀ ਪੈ ਰਹੀ ਹੈ ਤਾਂ ਉਸ ਸੀਟ ਦੇ ਤੇਈ ਜੂਨ ਨੂੰ ਆਉਣ ਵਾਲੇ ਨਤੀਜਿਆਂ ਦਾ ਚੰਗਾ ਜਾਂ ਮਾੜਾ ਅਸਰ ਵੀ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਏਗਾ। ਜੇ ਭਵਿੱਖ ਲਈ ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਦੀ ਸੰਭਾਵਨਾ ਨੂੰ ਵੇਖਿਆ ਜਾਵੇ ਤਾਂ ਵੀ ਲੁਧਿਆਣਾ ਦੀ ਜ਼ਿਮਨੀ ਚੋਣ ਅਕਾਲੀ ਦਲ ਅਤੇ ਭਾਜਪਾ ਦੀ ਕਾਰਗੁਜ਼ਾਰੀ ਪ੍ਰਭਾਵਿਤ ਕਰੇਗੀ ।ਅਜਿਹੀ ਸਥਿਤੀ ਵਿੱਚ ਅਕਾਲੀ ਦਲ ਦੀ ਭਰਤੀ ਮੁਹਿੰਮ ਵੀ ਪੰਜ ਮੈਂਬਰੀ ਕਮੇਟੀ ਨੇ ਪੂਰੀ ਸਰਗਰਮੀ ਨਾਲ਼ ਚਲਾਈ ਹੋਈ ਹੈ ਅਤੇ ਜੂਨ ਤੱਕ ਮੁਹਿੰਮ ਦੇ ਮੁਕੰਮਲ ਹੋਣ ਬਾਅਦ ਸਿੱਧੇ ਤੌਰ ਤੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਮਾਮਲਾ ਆਏਗਾ। ਕੀ ਜਥੇਦਾਰ ਗੜਗੱਜ ਇਸ ਸਥਿਤੀ ਨੂੰ ਸੰਭਾਲ ਸਕਣਗੇ? ਸੌ ਹੱਥ ਰੱਸਾ, ਸਿਰੇ ਤੇ ਗੰਢ ।ਗੜਗੱਜ ਸਾਹਿਬ ਦਾ ਏਕੇ ਦਾ ਸੱਦਾ ਤਾਂ ਬਹੁਤ ਚੰਗਾ ਹੈ ਪਰ ਇਹ ਗੰਢ ਤਾਂ ਖੋਲਣੀ ਬਣਦੀ ਹੈ।
ਸੰਪਰਕ 9814002186