ਸ੍ਰੀਨਗਰ: ਉੱਤਰ ਭਾਰਤ ਵਿੱਚ ਮੌਸਮ ਲਗਾਤਾਰ ਵਿਗੜਦਾ ਜਾ ਰਿਹਾ ਹੈ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਜੰਮੂ ਕਸ਼ਮੀਰ ‘ਚ ਵੀ ਭਾਰੀ ਬਰਫਬਾਰੀ ਕਾਰਨ ਜੰਮੂ ਸ੍ਰੀਨਗਰ ਨੈਸ਼ਨਲ ਹਾਈਵੇਅ ਅੱਜ ਤੀਜੇ ਦਿਨ ਵੀ ਬੰਦ ਰਿਹਾ ਹੈ। ਜਿਸ ਕਾਰਨ ਚਾਰ ਹਜ਼ਾਰ ਤੋਂ ਵੱਧ ਵਾਹਨ ਹਾਈਵੇਅ ‘ਤੇ ਫਸੇ ਹਨ। ਮੰਗਲਵਾਰ ਨੂੰ ਮੌਸਮ ਵਿਭਾਗ ਦੀ ਮਿਲੀ ਜਾਣਕਾਰੀ ਮੁਤਾਬਕ ਟਰੈਫਿਕ ਵਿਭਾਗ ਨੇ ਹਾਈਵੇਅ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਕੰਟਰੋਲ ਰੂਮ ਤੋਂ ਹਾਈਵੇਅ ਦੀ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਸੜਕ ‘ਤੇ ਚੱਲਣ ਦੀ ਅਪੀਲ ਕੀਤੀ ਹੈ।
ਸ੍ਰੀਨਗਰ ਟਰੈਫਿਕ ਵਿਭਾਗ ਮੁਤਾਬਕ ਜਵਾਹਰ ਸੁਰੰਗ ਦੇ ਨੇੜੇ ਰਾਮਬਨ ਵਿਚ ਬਰਫਬਾਰੀ ਕਾਰਨ ਹਾਈਵੇ ਨੂੰ ਹੁਣ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਵੀ ਜੰਮੂ ਡਿਵੀਜ਼ਨ ਦੇ ਵੱਖ-ਵੱਖ ਇਲਾਕਿਆਂ ਵਿੱਚ ਬਾਰਸ਼ ਅਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ। ਇਸ ਲਈ ਲਗਾਤਾਰ ਤੀਸਰੇ ਦਿਨ ਜੰਮੂ ਸ੍ਰੀਨਗਰ ਹਾਈਵੇ ‘ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ।
ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਖ਼ਰਾਬ ਮੌਸਮ ਦੇ ਕਾਰਨ ਸ੍ਰੀਨਗਰ ਵਿੱਚ ਹਵਾਈ ਸੇਵਾ ‘ਤੇ ਵੀ ਅਸਰ ਹੋਇਆ ਹੈ। ਫਿਲਹਾਲ ਮੌਸਮ ਵਿਭਾਗ ਦੇ ਡਾਇਰੈਕਟਰ ਸੋਨਮ ਲੋਟਸ ਨੇ ਕਿਹਾ ਕਿ ਬਰਫਬਾਰੀ ਅਤੇ ਮੀਂਹ ਛੇ ਜਨਵਰੀ ਤੱਕ ਜਾਰੀ ਰਹੇਗਾ।