ਸੋਸ਼ਲ ਮੀਡੀਆ ‘ਤੇ ਸੰਤਾਂ ਵਿਰੁੱਧ ਵਾਇਰਲ ਹੋ ਰਹੀ ਅਪਮਾਨਜਨਕ ਵੀਡੀਓ ਖਿਲਾਫ ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ

Global Team
2 Min Read

ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵਾਇਰਲ ਵੀਡੀਓ ਵਿੱਚ ਸਤਿਕਾਰਯੋਗ ਸੰਤਾਂ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।

ਮੁਲਜ਼ਮ ਦੀ ਪਛਾਣ ਸੰਜੀਵ ਕੁਮਾਰ ਉਰਫ਼ ਬੰਟੀ ਪੁੱਤਰ ਮੱਖਣ ਰਾਮ ਵਾਸੀ ਪਿੰਡ ਪੱਦੀ ਖਾਲਸਾ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਫਿਲਹਾਲ ਉਹ ਇਟਲੀ ਵਿਚ ਰਹਿ ਰਿਹਾ ਹੈ।

ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਭੜਕਾਹਟ ਫੈਲਾਉਣ ਵਾਲੀਆਂ ਹਰਕਤਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਅਪਰਾਧੀਆਂ ਵਿਰੁੱਧ ਜਲਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐਸਪੀ (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਅਤੇ ਡੀਐਸਪੀ ਫਿਲੌਰ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਗੁਰਾਇਆ ਥਾਣੇ ਦੇ ਐਸ.ਐਚ.ਓ ਨੇ ਆਪਣੀ ਟੀਮ ਸਮੇਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਲਸ਼ਨ ਕੁਮਾਰ ਵਾਸੀ ਪਿੰਡ ਮੁਸੰਦਪੁਰ ਅਤੇ ਡਾ. ਅੰਬੇਡਕਰ ਸੈਨਾ ਆਫ਼ ਇੰਡੀਆ (ਜਲੰਧਰ ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਨੇ ਭੜਕਾਊ ਵੀਡੀਓ ਮਿਲਣ ‘ਤੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ, ਜਿਸ ‘ਤੇ ਜਲੰਧਰ ਦਿਹਾਤੀ ਪੁਲਿਸ ਦੀ ਇੱਕ ਸਮਰਪਿਤ ਤਕਨੀਕੀ ਟੀਮ ਨੇ ਵਾਇਰਲ ਵੀਡੀਓ ਦੀ ਸਮੀਖਿਆ ਕੀਤੀ ਅਤੇ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ। ਟੀਮ ਨੇ ਮੁੱਖ ਸਬੂਤ ਸੁਰੱਖਿਅਤ ਕਰਨ ਅਤੇ ਸਮੱਗਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਸੋਸ਼ਲ ਮੀਡੀਆ ਨਿਗਰਾਨੀ ਯੂਨਿਟਾਂ ਨਾਲ ਮਿਲ ਕੇ ਕੰਮ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਫਆਈਆਰ (ਨੰਬਰ 143), ਮਿਤੀ 25 ਨਵੰਬਰ, 2024 ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 299 ਅਤੇ 352 ਦੇ ਤਹਿਤ ਪੁਲਿਸ ਸਟੇਸ਼ਨ ਗੁਰਾਇਆ ਵਿਖੇ ਦਰਜ ਕੀਤੀ ਗਈ ਹੈ।

ਐਸਐਸਪੀ ਖੱਖ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਫਿਰਕੂ ਭੜਕਾਹਟ ਦੀਆਂ ਕਾਰਵਾਈਆਂ ਵਿਰੁੱਧ ਜ਼ੀਰੋ-ਟੌਲਰੈਂਸ ਦੀ ਨੀਤੀ ‘ਤੇ ਕਾਇਮ ਹੈ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ।

Share This Article
Leave a Comment