ਜਲੰਧਰ: ਜਲੰਧਰ ਤੋਂ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਪਾਰਸ ਅਸਟੇਟ ਵਿੱਚ ਇੱਕ 13 ਸਾਲਾ ਲੜਕੀ ਦੀ ਸ਼ੱਕੀ ਮੌਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। 13 ਸਾਲ ਦੀ ਕੁੜੀ ਨਾਲ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ ਅਤੇ ਉਸਦੀ ਹੱਤਿਆ ਕਰ ਦਿੱਤੀ। ਫਿਰ ਬੱਚੀ ਦੀ ਲਾਸ਼ ਨੂੰ ਬਾਥਰੂਮ ਵਿੱਚ ਲੁਕਾ ਦਿੱਤਾ ਗਿਆ।
ਪਰਿਵਾਰ ਨੇ ਦੱਸਿਆ ਕਿ ਕੁੜੀ ਸਾਰਾ ਦਿਨ ਘਰ ਹੀ ਸੀ ਅਤੇ ਸ਼ਾਮ ਨੂੰ ਸੈਰ ਕਰਨ ਗਈ ਸੀ। ਜਦੋਂ ਉਹ ਰਾਤ ਤੱਕ ਘਰ ਨਹੀਂ ਪਰਤੀ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਉਹ ਇੱਕ ਗੁਆਂਢੀ ਦੇ ਘਰ ਗਈ ਸੀ। ਜਦੋਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਅਤੇ ਬਾਥਰੂਮ ਖੋਲ੍ਹਿਆ ਤਾਂ ਉਨ੍ਹਾਂ ਨੂੰ ਲੜਕੀ ਦੀ ਲਾਸ਼ ਅੰਦਰ ਪਈ ਮਿਲੀ।
ਇਸ ਸੰਬੰਧੀ ਲੋਕਾਂ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਸ਼ਿਕਾਇਤ ਕੀਤੀ। ਹੈਰਾਨੀ ਦੀ ਗੱਲ ਤਾ ਓਦੋ ਹੋਈ ਜਦ ਏਐਸਆਈ ਮੰਗਤਰਾਮ ਨੇ ਮੁਲਜ਼ਮ ਗੁਆਂਢੀ ਦੇ ਘਰ ਜਾ ਕੇ ਜਾਂਚ ਕੀਤੀ, ਅਤੇ ਦਾਅਵਾ ਕੀਤਾ ਕਿ ਅੰਦਰ ਕੁਝ ਵੀ ਨਹੀਂ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਸਹੀ ਢੰਗ ਨਾਲ ਤਲਾਸ਼ੀ ਨਹੀਂ ਲਈ। ਇਸ ਦੌਰਾਨ, ਕਈ ਲੋਕ ਆਪਣੇ ਆਪ ਘਰ ਵਿੱਚ ਦਾਖਲ ਹੋਏ ਅਤੇ ਕਮਰਿਆਂ, ਸਟੋਰਾਂ ਅਤੇ ਬਾਥਰੂਮਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਓਨਾ ਨੇ ਬਾਥਰੂਮ ‘ਚੋ ਕੁੜੀ ਦੀ ਲਾਸ਼ ਬਰਾਮਦ ਕੀਤੀ।
ਇਸ ਨਾਲ ਲੋਕਾਂ ਦਾ ਗੁੱਸਾ ਭੜਕ ਗਿਆ, ਅਤੇ ਉਨ੍ਹਾਂ ਨੇ ਰਾਤ 1 ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ । ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਾਮਲੇ ਬਾਰੇ ਏਸੀਪੀ ਗਗਨਦੀਪ ਸਿੰਘ ਘੁੰਮਣ ਨੇ ਕਿਹਾ ਕਿ ਏਐਸਆਈ ਮੰਗਤਰਾਮ, ਜਿਸਨੇ ਘਰ ਦੀ ਜਾਂਚ ਕੀਤੀ ਅਤੇ ਦਾਅਵਾ ਕੀਤਾ ਕਿ ਕੁਝ ਨਹੀਂ ਹੈ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਰਿੰਪੀ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ ਪੁਲਿਸ ਵੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਕਤਲ ਅਤੇ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

