31 ਹਜ਼ਾਰ ਕਰੋੜ ਦੇ ਅਨਾਜ ਖਰੀਦ ਦੇ ਮਾਮਲੇ ’ਤੇ ਘਟੀਆ ਰਾਜਨੀਤੀ ਨਾ ਕਰਨ ਜਾਖੜ : ਅਕਾਲੀ ਦਲ

TeamGlobalPunjab
3 Min Read

 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੁੰ ਕਿਹਾ ਕਿ ਉਹ ਘਟੀਆ ਰਾਜਨੀਤੀ ਨਾ ਕਰਨ ਤੇ ਕਿਹਾ ਕਿ ਉਹਨਾਂ ਦੀ ਆਦਤ ਹੈ ਕਿ ਉਹ ਝੂਠੇ ਦੋਸ਼ ਲਗਾਉਣ ਮਗਰੋਂ ਜਦੋਂ ਸਾਬਤ ਕਰਨ ਦੀ ਵਾਰੀ ਆਉਂਦੀ ਹੈ ਤਾਂ ਭੱਜ ਜਾਂਦੇ ਹਨ।

ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਵਿਰਸੇ ਵਿਚ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਖਰੀਦ ਮਸਲਾ ਮਿਲਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ 2004 ਦੀ ਕਾਂਗਰਸ ਸਰਕਾਰ ਵੇਲੇ ਤੋਂ ਇਕੱਠਾ ਹੁੰਦਾ ਆ ਰਿਹਾ ਮਸਲਾ ਸੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਜਾਖੜ ਤੇ ਕਾਂਗਰਸ ਪਾਰਟੀ ਇਸ ਮਾਮਲੇ ਵਿਚ ਹਮੇਸ਼ਾ ਦੋਗਲਾ ਸਟੈਂਡ ਅਪਣਾਉਂਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮਸਲੇ ਦਾ ਜਾਣ ਬੁੱਝ ਕੇ ਪੰਜਾਬ ਵਿਚ ਸਿਆਸੀਕਰਨ ਕਰਨਾ ਚਾਹੁੰਦੀ ਹੈ ਜਦਕਿ ਸਰਕਾਰੀ ਤੌਰ ’ਤੇ ਉਹ ਮੰਨਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਖਰੀਦ ਦੇ ਮਾਮਲੇ ਵਿਚ ਟਰਾਂਸਪੋਰਟ ਤੇ ਲੇਬਰ ਖਰਚ ਗਿਣਨ ਦੀ ਉਣਤਾਈ ਰਹਿ ਜਾਣ ਕਾਰਨ ਇਹ ਰਕਮ ਇਕੱਠੀ ਹੋਈ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਰੈਡਿਟ ਗੈਪ ਦੇ ਮਸਲੇ ਨੂੰ ਸਾਂਝੀਆਂ ਜ਼ਿੰਮੇਵਾਰੀਆਂ ਦੇ ਆਧਾਰ ’ਤੇ ਨਿਬੇੜੇ ਕਿਉਂਕਿ ਅਨਾਜ ਦੀ ਖਰੀਦ ਵਿਚ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਬੈਂਕਾਂ ਤਿੰਨੋਂ ਹੀ ਸ਼ਾਮਲ ਹੁੰਦੀਆਂ ਹਨ।

ਡਾ. ਦਲਜੀਤ ਸਿੰਘ ਚੀਮਾ ਨੇ ਜਾਖੜ ਨੁੰ ਪੁੱਛਿਆ ਕਿ ਉਹ ਸੂਬੇ ਦੀ ਭਲਾਈ ਨਾਲ ਸਬੰਧਤ ਮਾਮਲੇ ’ਤੇ ਸਿਆਸੀ ਤਮਾਸ਼ਾ ਕਿਉਂ ਕਰ ਰਹੇ ਹਨ ? ਉਹਨਾਂ ਕਿਹਾ ਕਿ ਜਾਖੜ ਕੇਂਦਰ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਉਹ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਥਾਂ ਕੇਂਦਰ ਨੁੰ ਮੌਕਾ ਦੇ ਰਹੇ ਹਨ ਕਿ ਉਹ ਸੂਬੇ ਨੁੰ ਫਿਰ ਤੋਂ ਸਜ਼ਾ ਦੇਵੇ।

ਡਾ. ਚੀਮਾ ਨੇ ਜਾਖੜ ਨੁੰ 15ਵੇਂ ਵਿੱਤ ਕਮਿਸ਼ਨ ਅੱਗੇ ਆਪਣਾ ਸਟੈਂਡ ਵੀ ਚੇਤੇ ਕਰਵਾਇਆ ਜਦੋਂ ਉਹਨਾਂ ਕਿਹਾ ਸੀ ਕਿ ਇਹ ਬਕਾਇਆ ਰਾਸ਼ੀ ਅਸਲ ਵਿਚ ਲੰਬੇ ਸਮੇਂ ਤੋਂ ਖਰਚ ਦੀ ਗਿਣਤੀ ਦੇ ਫਰਕ ਕਾਰਨ ਹੈ। ਉਹਨਾਂ ਕਿਹਾ ਕਿ ਤੁਸੀਂ ਆਪਣੀ ਸੌੜੀ ਰਾਜਨੀਤੀ ਕਾਰਨ ਇਸ ਮਸਲੇ ਨੁੰ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਹੋ ਤੇ ਇਹ ਭੁੱਲ ਰਹੇ ਹੋ ਕਿ ਤੁਸੀਂ ਸੂਬੇ ਦਾ ਨੁਕਸਾਨ ਕਰਵਾ ਦਿਓਗੇ।

- Advertisement -

ਜਾਖੜ ਨੂੰ ਸੂਬੇ ਦੇ ਕੇਸ ਨੁੰ ਕਮਜ਼ੋਰ ਨਾ ਕਰਨ ਵਾਸਤੇ ਕਹਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਾਖੜ ਇਹ ਦਾਅਵਾ ਕਰ ਰਹੇ ਹਨ ਕਿ ਆਉਂਦਾ ਬਜਟ ਘਾਟੇ ਤੋਂ ਮੁਕਤ ਹੋਵੇਗਾ। ਉਹਨਾਂ ਕਿਹਾ ਕਿ ਇਹ ਇਕ ਰਿਕਾਰਡ ਹੈ ਕਿ ਕਾਂਗਰਸ ਸਰਕਾਰ ਨੇ ਬੁਨਿਆਦੀ ਢਾਂਚੇ ਦਾ ਕੋਈ ਵੀ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਅਤੇ ਪਿਛਲੇ ਚਾਰ ਸਾਲਾਂ ਵਿਚ ਸੂਬੇ ਵਿਚ ਕੋਈ ਪੂੰਜੀ ਨਿਵੇਸ਼ ਨਹੀਂ ਹੋਇਆ। ਪ੍ਰਤੀ ਵਿਅਕਤੀ ਆਮਦਨ ਪਹਿਲੀ ਵਾਰ ਕੌਮੀ ਔਸਤ ਨਾਲੋਂ ਵੀ ਘੱਟ ਗਈ ਹੈ। ਉਹਨਾਂ ਕਿਹਾ ਕਿ ਬਜਾਏ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਉਹ ਆਪਣੀ ਸਰਕਾਰ ਦੀ ਕੋਈ ਵੀ ਕਾਰਗੁਜ਼ਾਰੀ ਨਾ ਹੋਣ ਬਾਰੇ ਵੀ ਸ਼ੇਖੀਆਂ ਮਾਰ ਰਹੇ ਹਨ।

Share this Article
Leave a comment