ਜਲੰਧਰ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਇਰਲ ਹੋ ਰਹੀ ਸੀ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ।
ਉਥੇ ਹੀ ਜੱਗੂ ਭਗਵਾਨਪੁਰੀਆ ਨੇ ਪੋਸਟ ਕਰਕੇ ਸਾਫ ਕਰ ਦਿੱਤਾ ਹੈ ਕਿ ਵਾਇਰਲ ਪੋਸਟ ਫੇਕ ਹੈ ਤੇ ਸੰਦੀਪ ਨੰਗਲ ਅੰਬੀਆਂ ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ। ਜੱਗੂ ਭਗਵਾਨਪੁਰੀਆ ਦੀ ਫੇਸਬੁੱਕ ਪੋਸਟ ‘ਚ ਅੱਗੇ ਲਿਖਿਆ ਗਿਆ ਹੈ ਕਿ, ‘ਸੰਦੀਪ ਇਕ ਸੁਪਰਸਟਾਰ ਪਲੇਅਰ ਸੀ। ਬਹੁਤ ਦੁੱਖ ਆ ਉਸਦੇ ਚਲੇ ਜਾਣ ਦਾ। ਰੋਜ਼ ਰੋਜ਼ ਇੱਦਾ ਦੇ ਪੁੱਤ ਨਹੀਂ ਜੰਮਦੇ। ਅਸੀਂ ਕਬੱਡੀ ਨੂੰ ਪ੍ਰਮੋਟ ਕਰਦੇ ਹਾਂ।’
ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਤੋਂ ਵਾਇਰਲ ਪੋਸਟ ‘ਚ ਲਿਖਿਆ ਗਿਆ ਸੀ ਕਿ, ‘ਕਲ ਸੰਦੀਪ ਨੰਗਲ ਅੰਬੀਆਂ ਨੂੰ ਅਸੀਂ ਹੀ ਨਰਕ ਵੱਲ ਅਸੀਂ ਹੀ ਭੇਜਿਆ ਹੈ ਅਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਵਾ ਕੇ ਪਹਿਲਾਂ ਲਾਰਾ ਲਗਾ ਕੇ ਰੱਖਿਆ ਤੇ ਫ਼ਿਰ ਵਿਦੇਸ਼ ‘ਚ ਗਾਇਬ ਹੋ ਗਿਆ, ਅਸੀਂ ਇਸ ਨੂੰ ਮਾਰਿਆ ਹੈ, ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ।’
ਦੱਸਣਯੋਗ ਹੈ ਕਿ ਬੀਤੀ ਸ਼ਾਮ ਨੂੰ ਜਲੰਧਰ ਦੇ ਪਿੰਡ ਮੱਲੀਆਂ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਨੌਜਵਾਨਾਂ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਫੇਦ ਰੰਗ ਦੀ ਸਵਿੱਫਟ ਕਾਰ ‘ਚ ਆਏ ਸਨ ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ।