ਮੁਹਾਲੀ: ਕਾਲਜਾਂ ਦੀ ਜੁਆਇੰਟ ਐਸੋਸੀਏਸ਼ਨ ਨੇ ਸਾਬਕਾ ਮੰਤਰੀ ਰਮਨ ਭੱਲਾ ਦੇ ਇੰਜੀਨੀਅਰਿੰਗ ਕਾਲਜ ‘ਤੇ ਜਬਰਨ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ। ਇਸ ਸਬੰਧ ਵਿਚ ਅੱਜ ਪੰਜਾਬ ਦੇ ਲਗਭਗ 1650 ਕਾਲਜਾਂ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਕੀਤੀ, ਜਿਸ ਵਿਚ ਇਸ ਕਾਰਵਾਈ ਖਿਲਾਫ 05 ਦਸੰਬਰ 2020 ਨੂੰ ਪਠਾਨਕੋਟ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ।
ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਅਤੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਕਾਲਜਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਜੇ ਵੀ ਸਰਕਾਰ ਕਰਕੇ ਰੁਕੀ ਪਈ ਹੈ, ਉਨ੍ਹਾਂ ਦਾ ਕਬਜ਼ਾ ਬੈਂਕਾਂ ਨੂੰ ਨਾ ਦਿੱਤਾ ਜਾਵੇ। ਅਤੇ ਗਰੀਬ ਬੱਚਿਆਂ ਅਤੇ ਬਿਨਾਂ ਸਹਾਇਤਾ ਪ੍ਰਾਪਤ ਕਾਲਜਾਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਸਿੱਖਿਆ ਦਾ ਚੰਗਾ ਮਾਹੌਲ ਸਿਰਜਿਆ ਜਾ ਸਕੇ।
ਡਾ ਅੰਸ਼ੂ ਕਟਾਰੀਆ, ਸਹਿ-ਚੇਅਰਮੈਨ, ਜੈਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕਾਲਜ ਨੂੰ ਤਕਰੀਬਨ 7 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਹੈ। ਪਰ ਦੂਜੇ ਪਾਸੇ ਬੈਂਕ ਨੇ ਕਾਲਜ ਦੀ 25-30 ਕਰੋੜ ਦੀ ਜਾਇਦਾਦ ਆਪਣੇ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਨੇ ਮੀਡੀਆ ਨੂੰ ਅੱਗੇ ਦੱਸਿਆ ਕਿ ਅਮਨ ਭੱਲਾ ਕਾਲਜ ਨੇ ਬੈਂਕ ਦਾ ਸਿਰਫ 1.70 ਕਰੋੜ ਲੋਨ ਦੇਣਾ ਹੈ।
ਜੈਕ ਦੇ ਪੈਟਰਨ ਚਰਨਜੀਤ ਸਿੰਘ ਵਾਲੀਆ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 1650 ਅਨਏਡਿਡ ਕਾਲਜ 1850 ਕਰੋੜ ਰੁਪਏ ਜਾਰੀ ਕਰਵਾਉਣ ਲਈ ਦਰ-ਦਰ ਦੀ ਠੋਕਰਾਂ ਖਾ ਰਹੇ ਹਨ। ਦੂਜੇ ਪਾਸੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਕਰਜ਼ੇ ਦੀ ਅਦਾਇਗੀ ਨਾ ਕਰਨ ਕਾਰਨ ਕਾਲਜਾਂ ਦਾ ਕਬਜ਼ਾ ਕਰ ਰਹੇ ਹੈ।
ਇਸ ਪ੍ਰਦਰਸ਼ਨ ਵਿੱਚ ਪੰਜਾਬ ਦੀਆਂ 13 ਐਸੋਸੀਏਸ਼ਨਾਂ ਹਿੱਸਾ ਲੈਣਗੀਆਂ ਜਿਸ ਵਿੱਚ ਚਰਨਜੀਤ ਸਿੰਘ ਵਾਲੀਆ, ਪ੍ਰਧਾਨ, ਨਰਸੰਗ ਐਸੋਸੀਏਸ਼ਨ; ਮਨਜੀਤ ਸਿੰਘ, ਉਪ-ਪ੍ਰਧਾਨ, ਪੰਜਾਬ ਅਨਏਡਿਡ ਤਕਨੀਕੀ ਸੰਸਥਾਵਾਂ ਐਸੋਸੀਏਸ਼ਨ; ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਜੈਕ; ਸਰਦਾਰ ਜਗਜੀਤ ਸਿੰਘ, ਬੀ ਐਡ ਫੈਡਰੇਸ਼ਨ; ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਸਰਦਾਰ ਜਸਨੀਕ ਸਿੰਘ, ਬੀ ਐਡ ਐਸੋਸੀਏਸ਼ਨ, ਪੀਯੂ; ਡਾ. ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸ਼ਨ, ਜੀਐਨਡੀਯੂ; ਵਿਪਨ ਸ਼ਰਮਾ, ਫੈਡਰੇਸ਼ਨ ਆਫ ਪੰਜਾਬ ਅਨਏਡਿਡ ਸੰਸਥਾਵਾਂ; ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੁਡਕਾ); ਸ਼ੀਮਾਂਸ਼ੂ ਗੁਪਤਾ, ਆਈਟੀਆਈ ਐਸੋਸੀਏਸ਼ਨ; ਸਰਦਾਰ ਰਾਜਿੰਦਰ ਸਿੰਘ ਧਨੋਆ, ਪੌਲੀਟੈਕਨਿਕ ਐਸੋਸੀਏਸ਼ਨ ਆਦਿ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ “ਦ ਹਿੰਦੂ ਕੋਓਪਰੇਟਿਵ ਬੈਂਕ”” ਨੇ ਕਰਜ਼ਾ ਨਾ ਮਿਲਣ ਕਾਰਨ 2 ਦਸੰਬਰ, 2020 ਨੂੰ ਅਮਨ ਭੱਲਾ ਇੰਜੀਨੀਅਰਿੰਗ ਕਾਲਜ ਤੇ ਕਬਜ਼ਾ ਕਰ ਲਿਆ ਸੀ।