ਇਸਲਾਮਿਕ ਕੱਟੜਵਾਦੀ ਤਾਲਿਬਾਨ ਦਾ ਅਫ਼ਗਾਨਿਸਤਾਨ ‘ਤੇ ਮੁੜ ਕਬਜ਼ਾ !

TeamGlobalPunjab
19 Min Read

-ਜਗਦੀਸ਼ ਸਿੰਘ ਚੋਹਕਾ;

ਵਿਸ਼ਵੀ ਪੂੰਜੀਵਾਦੀ ਦੇ ਇਸ ਜਾਰੀ ਆਰਥਿਕ ਸੰਕਟ ਦਾ ਸਿੱਟਾ ਵਿਸ਼ਵਵਿਆਪੀ ਅਤੇ ਵੱਖ-ਵੱਖ ਦੇਸ਼ਾਂ, ਦੋਵਾਂ ਵਿੱਚ ਹੀ, ਆਰਥਿਕ ਨਾਬਰਾਬਰੀਆਂ ਹੋਰ ਵੱਧਣ ਵਿੱਚ ਨਿਕਲਿਆ ਹੈ। ਠੰਢੀ ਜੰਗ ਦੌਰਾਨ ਅਤੇ 1991 ਨੂੰ ਸੋਵੀਅਤ ਰੂਸ ਦੇ ਟੁੱਟਣ ਬਾਅਦ ਅਮਰੀਕੀ ਸਾਮਰਾਜਵਾਦ ਦੀ ਦਾਦਾਗਿਰੀ ਦਾ ਵਧੇਰੇ ਹਮਲਾਵਰੀ, ਖਾਸ ਕਰਕੇ ਰਾਜਨੀਤਕ, ਆਰਥਿਕ ਤੇ ਫੌਜੀ ਦਖਲ ਅੰਦਾਜ਼ੀਆਂ ਰਾਹੀਂ ਡੰਡਾਮੈਨ (ਹਮਲਾਵਰੀ) ਦਾ ਪ੍ਰਗਟਾਵਾ ਹੋਇਆ ਹੈ। ਦੂਸਰੇ ਪਾਸੇ ਸਾਮਰਾਜੀ ਕੈਂਪ ਦੀ ਆਪਸੀ ਨੇੜਤਾ ਅਤੇ ਅੰਤਰ ਵਿਰੋਧਤਾਈ ਦਾ ਵੀ ਮੱਠਾ ਹੋਣਾ ਹੈ। ਪਰ ਇਸ ਸਮੇਂ ਦੌਰਾਨ ਬਹੁਤ ਸਾਰੇ ਦੇਸ਼ਾਂ ਅੰਦਰ ਰਾਜਨੀਤਕ ਤੌਰ ‘ਤੇ ਸੱਜੇ ਪਾਸੇ ਨੂੰ ਹੋਰ ਜਿਆਦਾ ਝੁਕਾਅ ਵੱਧਿਆ ਹੈ। ਵਿਸ਼ਵ ਪੂੰਜੀਵਾਦੀ ਸੰਕਟ ਕਾਰਨ ਅੰਤਰਰਾਸ਼ਟਰੀ ਵਿਤੀ ਪੂੰਜੀ ਦੀ ਅਗਵਾਈ ਅਧੀਨ ਆਰਥਿਕ ਨਾਬਾਰਾਬਰੀਆਂ ਵਿੱਚ ਵਾਧਾ, ਜਿਸ ਦੇ ਫਲਸਰੂਪ ਨਵਉਦਾਰਵਾਦ ਦਾ ਖੁਦ ਹੀ ਸੰਕਟ ਵਿੱਚ ਅੱਜ ਫਸਿਆ ਹੋਣਾ ਹੈ। ਅੱਜ ਦਹਿਸ਼ਤਗਰਦੀ ਤੇ ਕੱਟੜਵਾਦ ਦਾ ਪਨਪਣਾ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ ! ਸੰਸਾਰ ਦੀ ਵੱਸੋਂ ਦਾ ਇਕ ਵੱਡਾ ਭਾਗ ਗਰੀਬੀ ਅਤੇ ਅਸਮਾਨਤਾ ਦਾ ਅਜਿਹੇ ਅਸ਼ਲੀਲ ਰੂਪ ਨਾਲ ਉਚੇ ਪੱਧਰਾਂ ਤੇ ਪੁੱਜ ਗਿਆ ਹੈ। ਰਾਜਨੀਤਕ ਸੱਜ-ਪਿਛਾਖੜ, ਲੋਕ ਬੇਚੈਨੀ ਅਤੇ ਮੰਦੇ ਕਾਰਨ ਅੱਤ ਸੱਜ-ਪਿਛਾਖੜੀ ਦਹਿਸ਼ਤਗਰਦੀ ਤੇ ਨਵ-ਫਾਸ਼ੀ ਤਾਕਤਾਂ ਦੇ ਉਭਾਰ ਮੁੜ ਦੇਖਦੇ ਨੂੰ ਦਿਸ ਰਹੇ ਹਨ। ਖਾਸ ਕਰਕੇ ਗਰੀਬ ਤੇ ਪੱਛੜੇ ਦੇਸ਼ਾਂ ਅੰਦਰ 14-ਵੀਂ ਸਦੀ ਵੱਲ ਮੋੜਾ ਕੱਟਣ ‘ਤੇ ਖਤਰਨਾਕ ਅੱਤਵਾਦੀਆਂ ਦੇ ਸੰਗਠਨਾਂ ਵੱਜੋ ਰਾਜਸੱਤਾਂ ਤੇ ਕਬਜ਼ੇ ਕਰਨ ਦੇ ਯਤਨ ਸਾਹਮਣੇ ਆ ਰਹੇ ਹਨ। ਅਫਗਾਨਿਸਤਾਨ ਅੰਦਰ 20-ਸਾਲਾਂ ਬਾਅਦ ਮੁੜ ਤਾਲਿਬਾਨ ਦਾ ਕਾਬਲ ਤੇ ਕਬਜ਼ਾ ਖੁਰਾਸਾਨਾਂ ਦੀ ਜਿੱਤ ਵੱਲ ਇਕ ਕਦਮ ਹੈ, ਜਿਸ ਲਈ ਸਾਮਰਾਜੀ ਅਮਰੀਕਾ ਹੀ ਜਿੰਮੇਵਾਰ ਹੈ।

19-ਵੀਂ ਸਦੀ ਦੌਰਾਨ ਅਫ਼ਗਾਨਿਸਤਾਨ ਦੀ ਹੱਦਬੰਦੀ ਹੋਂਦ ‘ਚ ਆਈ ਸੀ। ਬਰਤਾਨਵੀ ਬਸਤੀਵਾਦੀ ਸਾਮਰਾਜ ਤੇ ਜ਼ਾਰਸ਼ਾਹੀ (ਰੂਸ) (ਰੂਦੀਯਾਰਦ ਕਿਪਲਿੰਗ-ਗਰੇਟ ਗੇਮ) ਵਿਚਕਾਰ ਇਕ ਰਾਜਨੀਤਕ ਸਮਝੌਤੇ ਅਨੁਸਾਰ ਅਫ਼ਗਾਨਿਸਤਾਨ ਦੀ ਹੋਂਦ ਸਾਹਮਣੇ ਆਈ ਸੀ। 20-ਵੀਂ ਸਦੀ ਦੌਰਾਨ ਸਿਵਲ (ਘਰੋਗੀ) ਜੰਗ, ਫੌਜੀ ਹਮਲੇ, ਕਬਾਇਲੀ ਸਰਦਾਰਾਂ ਦੀ ਮਾਰਧਾੜ ਦੇ ਸਾਏ ਹੇਠ ਕਾਬਲ ਦੀ ਹੋਣੀ ਰਾਜਾਸ਼ਾਹੀ ਹੇਠ ਆ ਗਈ ਸੀ। 1979-89 ਤੱਕ ਕਾਬਲ ਅੰਦਰ ਸੋਵੀਅਤ ਯੂਨੀਅਨ ਦੇ ਪ੍ਰਭਾਵ ਅਧੀਨ (24-12-1979 ਸਮਝੌਤਾ) ਅਫਗਾਨ ਕਮਿਊਨਿਸਟ ਪਾਰਟੀ (ਪੀ.ਡੀ.ਪੀ.ਏ) ਦਾ ਬੋਲਬਾਲਾ ਰਿਹਾ। ਇਸ ਸਮੇਂ ਦੌਰਾਨ ਹੀ ਕਾਬਲ ਅੰਦਰ ਰਾਜਾਸ਼ਾਹੀ ਦੇ ਖਾਤਮੇ ਬਾਦ ਕਮਿਊਨਿਸਟ ਪ੍ਰਭਾਵ ਵਿਰੁਧ ਸੀ.ਆਈ.ਏ ਨੇ ਪਾਕਿਸਤਾਨ ਦੀ ਫੌਜੀ ਜੂੰਡਲੀ ਦੀ ਮਦਤ ਨਾਲ , ‘ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਤਾਲਿਬਾਨ (ਵਿਦਿਆਰਥੀ) ਸੰਗਠਨ ਕਾਇਮ ਕਰਕੇ, ‘ਅਫਗਾਨਿਸਤਾਨ ਅੰਦਰ (03-07-1979) ਇਸਲਾਮਿਕ ਦਹਿਸ਼ਤਗਰਦੀ ਸ਼ੁਰੂ ਕਰ ਦਿੱਤੀ। 1989-92 ਤੱਕ ਅਮਰੀਕਾ ਦੀ ਨੰਗੀ-ਚਿੱਟੀ ਦਖਲ-ਅੰਦਾਜ਼ੀ ਰਾਹੀਂ ਜੁਲਾਈ 1979 ਨੂੰ ਪਾਕਿਸਤਾਨ ਅੰਦਰ ਕਾਇਮ ਕੀਤੇ ਮੁਜਾਹੀਦੀਨ ਧਾਰਮਿਕ ਵਿਦਿਆਰਥੀ (ਤਾਲਿਬਾਨ) ਸੰਗਠਨਾਂ ਨੇ (1996-2001 ਤਕ) ਸਾਰੇ ਅਫਗਾਨਿਸਤਾਨ ਅੰਦਰ ਇਸਲਾਮਿਕ ਦਹਿਸ਼ਤਗਰਦੀ ਰਾਹੀਂ ਡਾ. ਨਜੀਬਉਲ੍ਹਾਦੀ ਦੀ ਕਾਇਮ ਕੀਤੀ ਪੀਪਲਜ਼ ਡੈਮੋਕਰੈਟਿਕ ਪਾਰਟੀ ਆਫ ਅਫ਼ਗਾਨਿਸਤਾਨ ਦੀ ਸਰਕਾਰ ਦਾ (1996 ਨੂੰ) ਤਖਤਾ ਪਲਟ ਕੇ ਅਤੇ ਕਤਲੋ-ਗਾਰਤ ਰਾਹੀਂ ਅਫ਼ਗਾਨਿਸਤਾਨ ਤੇ ਕਬਜਾ ਕਰ ਲਿਆ ਸੀ। ਇਸੇ ਸਮੇਂ ਇਸਲਾਮਿਕ ਦਹਿਸ਼ਤਗਰਦਾਂ ਅੰਦਰ ‘‘ਬਿਨ ਲਾਡੇਨ“ ਦੀ ਜੱਥੇਬੰਦੀ ‘‘ਅਲ-ਕਾਇਦਾ“ ਵੀ ਕਾਇਮ ਹੋਈ। ਸਾਰੇ ਪਾਸਿਆਂ ਤੋਂ ਜਮੀਨੀ ਹੱਦਬੰਦੀ ਨਾਲ ਘਿਰਿਆ ਕਬਾਇਲੀ ਲੋਕਾਂ ਦਾ ਇਹ ਦੇਸ਼ ਜਿਥੇ ਪਸ਼ਤੂਨ (ਦੁਰਾਨੀ) ਜੋ 42-ਫੀ ਸਦ, ਗਿਲ ਜੀ-ਤਾਜਿਕ 27-ਫੀ ਸਦ, ਉਜ਼ਬੇਕ 9-ਫੀ ਸਦ, ਹਜਾਰਾ 9-ਫੀ ਸਦ, ੲੈਮਕ 4-ਫੀ ਸਦ, ਮੰਗੋਲ ਤੇ ਹੋਰ 15-16 ਫੀ ਸਦ ਆਦਿ ਕਬੀਲਿਆ ਦਾ ਬੋਲਬਾਲਾ ਹੈ। ਤਾਲਿਬਾਨ ਧੜਿਆ ਵੱਲੋਂ 1996 ਤੋਂ ਹੀ ਬਦਲਵੀ ਲੀਡਰਸ਼ਿਪ ਨਾਲ ਟੁੱਟੀ-ਫੁੱਟੀ ਜਮਹੂਰੀਅਤ ਵਾਲੀ ਇਸਲਾਮਿਕ ਦਹਿਸ਼ਤਗਰਦਾਂ ਦੀ ਸਰਕਾਰ ਕਾਇਮ ਕਰ ਲਈ ਤੇ ਅਫ਼ਗਾਨਿਸਤਾਨ ਉਪਰ ਕਾਬਜ਼ ਹੋ ਗਏ ਅਤੇ ਦੁਨੀਆਂ ਅੰਦਰ ਦਹਿਸ਼ਤਗਰਦੀ ਨੂੰ ਅੰਜਾਮ ਦਿੱਤਾ।

ਨਿਊ-ਯਾਰਕ ‘ਤੇ 9/11 ਹਮਲੇ ਬਾਦ ਅਮਰੀਕਾ ਨੇ ਅਫ਼ਗਾਨਿਸਤਾਨ ਤੇ ਕਾਬਜ਼ ਇਸਲਾਮਿਕ ਅੱਤਵਾਦੀ ਤਾਲਿਬਾਨ, ਤੇ ਅਲਕਾਇਦਾ (ਉਸਾਮਾ ਬਿਨ ਲਾਡੇਨ ਜਿਹੜਾ ਤਾਲਿਬਾਨਾਂ ਦੀ ਰੱਖਿਆ ਹੇਠ ਸੀ) ਉਨ੍ਹਾਂ ਵਿਰੁੱਧ ਸਿਧੀ ਕਾਰਵਾਈ ਕਰਕੇ, 2001-ਦੌਰਾਨ ਤਾਲਿਬਾਨਾਂ ਨੂੰ ਹਟਾ ਕੇ ਆਪਣੇ ਇਕ ਪਿਠੂ ਕਰਜ਼ਾਈ ਨੂੰ 2003 ਵਿੱਚ ਅੰਤਰਿਮ ਸਰਕਾਰ ਕਾਇਮ ਕਰਕੇ ਅਫ਼ਗਾਨਿਸਤਾਨ ਦਾ ਮੁੱਖੀ ਬਣਾ ਦਿੱਤਾ। ਤਾਲਿਬਾਨ ਅਤੇ ਅਲਕਾਇਦਾ ਦੇ ਮਨਸੂਬਿਆ, ‘ਜਿਸ ਲਈ ਖੁਦ ਅਮਰੀਕੀ ਸਾਮਰਾਜ ਜਿੰਮੇਵਾਰ ਸੀ ਅੰਜਾਮ ਦਿੱਤਾ। ਅਫ਼ਗਾਨਿਸਤਾਨ ਅਤੇ ਹੋਰ ਕਈ ਦੇਸ਼ਾਂ ਅੰਦਰ ਪਨਪੀ ਦਹਿਸ਼ਤਗਰਦੀ ਕਾਰਨ ਹੋਈ ਤਬਾਹੀ ਨੇ ਅਮਰੀਕਾ ਨੂੰ ਰਾਜਨੀਤਕ ਤੌਰ ‘ਤੇ ਸੰਸਾਰ ਅੰਦਰ ਕਿਸੇ ਪਾਸੇ ਜਾਣ ਜੋਗਾ ਨਾ ਛੱਡਿਆ। ਕਿਉਂਕਿ ਇਹ ਖੁਦ ਅੱਗ ਲਾਉਣ ਵਾਲਾ ਤੇ ਖੁਦ ਬੁਝਾਉਣ ਵਾਲਾ ਸਾਬਤ ਹੋ ਚੁੱਕਾ ਸੀ। ਅੰਤ 29-ਫਰਵਰੀ, 2021 ਨੂੰ ਸਾਮਰਾਜੀ ਅਮਰੀਕਾ ਨੇ ਤਾਲਿਬਾਨ ਨਾਲ ਕਤਰ-ਦੋਹਾ ਵਿਖੇ ਇਕ ਸਮਝੌਤੇ ਤੇ ਸਹੀ ਪਾ ਕੇ ਆਪਣੀਆਂ ਫੌਜਾਂ ਨੂੰ 30-ਅਗਸਤ ਤੋਂ ਅਫ਼ਗਾਨਿਸਤਾਨ ‘ਚ ਵਾਪਸੀ ਕਰਨ ਲਈ ਰਜ਼ਾਮੰਦੀ ਤੇ ਅਮਲ ਵੀ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ 30-ਅਗਸਤ, 2021 ਨੂੰ ਅਮਰੀਕੀ ਫੌਜਾਂ ਦੀ 20-ਸਾਲਾਂ ਦੇ ਅਧਿਕਾਰਤ ਤੌਰ ਤੇ ਅਫ਼ਗਾਨਿਸਤਾਨ ਅੰਦਰ ਦਖਲ-ਅੰਦਾਜ਼ੀ ਦਾ ਖਾਤਮਾ ਹੋਇਆ। ਸਾਮਰਾਜੀ ਅਮਰੀਕਾ ਨੇ 20 ਸਾਲਾਂ ਦੌਰਾਨ ਤਾਲਿਬਾਨ-ਅਲਕਾਇਦਾ ਇਸਲਾਮਕਿ ਅੱਤਵਾਦੀਆਂ ਵਿਰੁੱਧ ਇਸ ਮਨਸੂਬੇ ‘ਤੇ ਕੁਲ 2.24-ਟ੍ਰਿਲੀਅਨ ਅਤੇ ਫੌਜ ਤੇ 1.5 ਟ੍ਰਿਲੀਅਨ ਡਾਲਰ ਤੋਂ ਵੱਧ ਖਰਚਾ ਕੀਤਾ। 90,000 ਤੋਂ ਵੱਧ ਬੰਬ ਤੇ ਮਿਜ਼ਾਈਲਾ ਵਰਤੀਆਂ। ਗੋਲਾ, ਬਰੂਦ ਤੇ ਛੋਟੇ ਹਥਿਆਰਾਂ ਦੀ ਬੇਤਿਹਾਸ਼ਾ ਵਰਤੋਂ ਕੀਤੀ। ਹਥਿਆਰਾਂ ਤੇ ਫੌਜੀ ਉਪਕਰਨਾਂ ਲਈ ਸਾਰੇ ਠੇਕੇ, ਪ੍ਰਾਈਵੇਟ ਠੇਕੇਦਾਰਾਂ ਨੂੰ ਦਿੱਤੇ ਹੋਏ ਸਨ। 7-ਅਕਤੂਬਰ 2001- 30 ਅਗਸਤ 2021 ਤਕ ਅਮਰੀਕੀ ਫੌਜੀ -2448, ਤੇ ਠੇਕੇ ਤੇ ਰੱਖੇ ਗਏ 3846-ਫੌਜੀ, ਅਫ਼ਗਾਨ ਮਿਲਟਰੀ ਤੇ ਪੁਲੀਸ ਦੇ ਜਵਾਨ 66000, ਨਾਟੋ ਦੇ 1144 ਜਵਾਨ, ਅਫ਼ਗਾਨ-ਸਿਵਲੀਅਨ-47245, ਤਾਲਿਬਾਨੀ ਤੇ ਹੋਰ 51191, ਏਅਰ ਵਰਕਰਜ਼ 444 ਤੇ ਪੱਤਰਪ੍ਰੇਰਕ 672, ਇਸ ਘਸਮਾਨ ਅੰਦਰ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 2,40,000 ਅਫ਼ਗਾਨਿਸਤਾਨਹ ਲੋਕ ਵੀ ਇਸ ਸਾਮਰਾਜੀ ਤੇ ਦਹਿਸ਼ਤਗਰਦਾਂ ਦੀ ਆਪਸੀ ਲੜਾਈ ਅੰਦਰ ਵੀ ਮਾਰੇ ਗਏ (ਵਿਕੀ ਪੀਡੀਆ)।

ਅਫ਼ਗਾਨਿਸਤਾਨ ਅੰਦਰ ਡਾ.ਨਜੀਬਉਲ੍ਹਾ ਦੀ ਲੋਕ ਜਮਹੂਰੀ ਪਾਰਟੀ ਦੀ ਸਰਕਾਰ ਦਾ 1996 ‘ਚ ਤਖਤਾ ਉਲਟਾਕੇ ਸਾਮਰਾਜੀ ਅਮਰੀਕਾ ਨੇ ਅੱਜ ਤੋਂ 25 ਸਾਲ ਪਹਿਲਾਂ ਆਪਣੇ ਭਾਈਵਾਲ ਨਾਟੋ ਦੇਸ਼ਾਂ ਨਾਲ ਮਿਲਕੇ ਕੱਟੜਪੰਥੀ ਇਸਲਾਮਿਕ ਦਹਿਸ਼ਤਗਰਦ ਤਾਲਿਬਾਨਾਂ ਨੂੰ ਅਫ਼ਗਾਨਿਸਤਾਨ ਦੀ ਸੱਤਾ ਤੇ ਬਿਠਾ ਦਿੱਤਾ ਸੀ। ਅਜਿਹੇ ਹੱਥ ਕੰਡੇ ਸਾਮਰਾਜ ਅਮਰੀਕਾ, ‘ਏਸ਼ੀਆ, ਦੱਖਣੀ ਅਮਰੀਕਾ ਤੇ ਅਫਰੀਕਾ ਅੰਦਰ ਦੂਸਰੀ ਜੰਗ ਬਾਦ ਜਮਹੂਰੀ ਚੁਣੀਆਂ ਤੇ ਜੋ ਅਮਰੀਕਾ ਪੱਖੀ ਸਰਕਾਰਾਂ ਨਹੀਂ ਸਨ ਉਨ੍ਹਾਂ ਦੇ ਤਖਤੇ ਪਲਟਾਅ ਕੇ ਆਪਣੇ ਪੱਖੀ ਹੱਕ ਠੋਕਿਆਂ ਨੂੰ ਅੱਗੇ ਲਿਆ ਕੇ ਆਪਣੀਆਂ ਰੋਟੀਆਂ ਸੇਕਦਾ ਆ ਰਿਹਾ ਹੈ। ਹੁਣ ਅਮਰੀਕਾ ਨੇ 30-ਅਗਸਤ, 2021 ਨੂੰ ਅਫ਼ਗਾਨਿਸਤਾਨ ਤੋਂ ਆਪਣੀ ਵਾਪਸੀ ਕਰ ਲਈ ਹੈ। ਮੁੜ ਤਾਲਿਬਾਨ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ ਸਤਾ ਤੇ ਕਬਜ਼ਾ ਕਰ ਲਿਆ ਹੈ। ਅਸ਼ਰਫ-ਗਨੀ ਦੀ ਅਗਵਾਈ ਹੇਠ ਅਫਗਾਨ ਸਰਕਾਰ ਨੇ ਜਿਸ ਤਰ੍ਹਾਂ ਬਿਨਾਂ ਹੀਲ-ਹੁਜ਼ਤ ਤਾਲਿਬਾਨ ਸਾਹਮਣੇ ਗੋਡੇ ਟੇਕ ਦਿੱਤੇ ਹਨ, ਸਾਰਾ ਸੰਸਾਰ ਹੱਕਾ-ਬੱਕਾ ਰਹਿ ਗਿਆ। ਸਰਵਸ਼ਕਤੀ ਮਾਨ ਕਹਾਉਣ ਵਾਲਾ ਸਾਮਰਾਜੀ ਅਮਰੀਕਾ ਤੇ ਉਸ ਦੇ ਭਾਈਵਾਲ ਨਾਟੋ ਨੇ ਅਫ਼ਗਾਨਿਸਤਾਨ ਤੋਂ ਦੁੰਬ ਦਬਾਕੇ ਆਪਣੇ ਆਪ ਨੂੰ ਸਮੇਟ ਕੇ, ਦੌੜਨ ਦੀ ਗੱਲ ਕੀਤੀ ਹੈ। ਦੱਖਣੀ ਏਸ਼ੀਆ ਦੇ ਦੇਸ਼ਾਂ ਅੰਦਰ ਅਮਰੀਕਾ ਪ੍ਰਤੀ ਰੋਸ ਵੀ ਹੈ ਤੇ ਹੈਰਾਨੀ ਵੀ। ਸੰਯੁਕਤ ਰਾਸ਼ਟਰ ਅੰਦਰ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਨੇ 7-ਸਤੰਬਰ ਨੂੰ ਕਿਹਾ ਕਿ ਹੁਣ ਅਮਨ ਲਈ ਮੈਂਬਰ ਦੇਸ਼ਾਂ ਨੂੰ ਸੰਸਾਰਕ ਸਬੰਧਾਂ ਅੰਦਰ ਵੀ ਨੇੜੇ ਆਉਣਾ ਚਾਹੀਦਾ ਹੈ। ਜਦ ਕਿ ਅੱਜ ਉਹੀ ਅਨਸਰ ਰਾਜਸਤਾ ਤੇ ਕਾਬਜ਼ ਹੋ ਗਏ ਹਨ ਜਿਨ੍ਹਾਂ ਨੂੰ ਦਹਿਸ਼ਤਗਰਦ ਗਰਦਾਨਿਆਂ ਗਿਆ ਸੀ।

7-ਅਗਸਤ, 2021 ਨੂੰ ਅਫ਼ਗਾਨਿਸਤਾਨ ਦੀ ਸਤਾ ਤੇ ਤਾਲਿਬਾਨ ਨੇ ਅੰਤਰਿਮ ਸਰਕਾਰ ਦਾ ਐਲਾਨ ਕਰ ਕਰਕੇ 33-ਮੈਂਬਰੀ ਕਾਰਜਕਾਰਨੀ ਦੇ ਮੈਂਬਰਾਂ ਦੇ ਨਾਂ ਵੀ ਐਲਾਨ ਕਰ ਦਿੱਤੇ ਹਨ। ਤਾਲਿਬਾਨ ਦੇ ਨਾਲ-ਨਾਲ ਕੁਝ ਹੋਰ ਅੱਤਵਾਦੀ ਜੱਥੇਬੰਦੀਆਂ ਦੇ ਮੈਂਬਰ ਵੀ ਇਸ ਕਾਰਜਕਾਰਨੀ ਵਿੱਚ ਲਏ ਗਏ ਹਨ। ਮੁੱਲ੍ਹਾ ਮੁਹੰਮਦ ਹਸਨ ਅਖੁੰਦ ਇਸ ਅੰਤ੍ਰਿਮ ਸਰਕਾਰ ਦੇ ਮੁੱਖੀ ਭਾਵ ਪ੍ਰਧਾਨ ਮੰਤਰੀ, ਮੱਲ੍ਹਾ ਗਨੀ ਬਰਾਦਰ ਤੇ ਮੁੱਲ੍ਹਾ ਅਬਦੁਲ ਸਲਾਮ ਹਨਾਫ਼ੀ ਉਪ-ਪ੍ਰਧਾਨ ਮੰਤਰੀ ਹੋਣਗੇ। 1994 ਵੇਲੇ ਤਾਲਿਬਾਨ ਦੀ ਨੀਂਹ ਰੱਖਣ ਵੇਲੇ ਮੁੱਲ੍ਹਾ ਮੁਹੰਮਦ ਉਮਰ ਤੇ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਅਤੇ ਮੁੱਲ੍ਹਾ ਗਨੀ ਬਰਾਦਰ ਮੋਹਰੀ ਆਗੂ ਸਨ। ਮੁੱਲ੍ਹਾ ਮੁਹੰਮਦ ਉਮਰ ਦੀ ਮੌਤ (1913) ਬਾਦ ਮੁੱਲ੍ਹਾ ਅਖੁੰਦ ਤਾਲਿਬਾਨ ਦੀ ਸੰਸਥਾ ‘‘ਸ਼ੂਰਾ“ ਭਾਵ ਸਭਾ ਦਾ ਮੁੱਖੀ ਹੋਵੇਗਾ। ਮੁੱਲ੍ਹਾ ਮੁਹੰਮਦ ਉਮਰ ਦੇ ਪੁੱਤਰ ਮੁੱਲ੍ਹਾ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਸਿਰਾਜੂਦੀਨ ਹੱਕਾਨੀ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਜਿਸ ਨੂੰ ਆਈ.ਐਸ.ਆਈ. ਦੀ ਭਰਪੂਰ ਹਮਾਇਤ ਹਾਸਲ ਹੈ। 33-ਮੈਂਬਰੀ ਮੰਤਰੀ ਮੰਡਲ ਵਿੱਚ ਕੋਈ ਵੀ ਇਸਤਰੀ ਸ਼ਾਮਲ ਨਹੀਂ ਹੈ। 30-ਮੈਂਬਰ ਪਖਤੂਨਾਂ ਵਿੱਚੋਂ ਹਨ। ਮੁੱਲ੍ਹਾ ਹੈਬਤੁੱਲਾ ਅਖੂਨਜ਼ਾਦਾ ਦੇਸ਼ ਦਾ ਮੁੱਖ ਧਾਰਮਿਕ ਅਤੇ ਸਰਬ ਉਚ ਸਿਆਸੀ (ਭਾਵ ਖਲੀਫ਼ਾ) ਆਗੂ ਹੋਵੇਗਾ। ਘੱਟ ਗਿਣਤੀਆਂ, ਇਸਤਰੀਆਂ ਤੇ ਵੱਡੇ ਕਬੀਲਿਆਂ ਨੂੰ ਬਾਹਰ ਰੱਖਣ ਕਾਰਨ ਸੌੜੀ ਸਿਆਸਤ ਜਾਰੀ ਰਹਿਣ ਦਾ ਖੰਦਸ਼ਾਂ ਖੜਾ ਰਹੇਗਾ।

ਅਫ਼ਗਾਨਿਸਤਾਨ ਸਾਰੇ ਪਾਸਿਆਂ ਤੋਂ ਜਮੀਨੀ ਸੰਪਰਕਾਂ ਰਾਹੀ 7-ਦੇਸ਼ਾਂ ਨਾਲ ਪੂਰਬ ਤੋਂ ਦੱਖਣ ਵੱਲ ਪਾਕਿਸਤਾਨ, ਪੱਛਮ ‘ਚ ਇਰਾਕ ਨਾਲ, ਤੁਰਕਮੇਨਸਤਾਨ ਤੇ ਉਜ਼ਬੇਕਸਤਾਨ ਨਾਲ ਉਤਰ ਵੱਲ ਅਤੇ ਤਾਜ਼ਿਕਸਤਾਨ ਤੇ ਚੀਨ ਨਾਲ ਉਤਰ-ਪੂਰਬ ਵੱਲ ਘਿਰਿਆ ਹੋਇਆ ਦੇਸ਼ ਹੈ।ਅਫ਼ਗਾਨਿਸਤਾਨ ਜਿਹੜਾ 3,89,20,000 ਆਬਾਦੀ ਵਾਲਾ ਕਬਾਇਲੀ ਦੇਸ਼, ਜੋ ਕਈ ਨਸਲਾਂ ਅਤੇ ਵੱਖ-ਵੱਖ ਇਲਾਕਿਆਂ ਤੇ ਕੌਮਾਂ ਵਿੱਚ ਵੰਡਿਆ ਹੋਇਆ ਹੈ। ਜਿਹਨਾਂ ਦੇ ਆਗੂ ਜਾਂ ਸਰਦਾਰ ਮਜ਼ਾਰੇ ਸ਼ਰੀਫ, ਕੁਦਾਜ਼, ਬਮਿਆਨ, ਕਾਬਲ, ਹੇਰਾਤ, ਗਜ਼ਨੀ, ਕੰਧਾਰ, ਜਲਾਲਾਬਾਦ ਤੇ ਰੇਗਿਸਤਾਨੀ ਇਲਾਕਿਆ ਅੰਦਰ ਆਪੋ ਆਪਣੇ ਕਬੀਲਿਆ ਨਾਲ ਸਥਾਪਤ ਹੋਏ ਰਹਿ ਰਹੇ ਹਨ। ਪਖ਼ਤੂਨ 42-ਫੀਸਦ, ਤਾਜ਼ਿਕ 27-ਫੀ ਸਦ, ਹਜ਼ਾਰਾ 9-ਫੀ ਸਦ, ਉਜ਼ਬੇਕ 9-ਫੀ ਸਦ, ੲੈਮਕ 4-ਫੀ ਸਦ, ਤੁਰਕਮੇਨ 3-ਫੀ ਸਦ, ਬਲੋਚ 2-ਫੀ ਸਦ ਤੇ ਹੋਰ 4-ਫੀ ਸਦ ਵੱਖੋ ਵੱਖ ਕਬੀਲਿਆ ਅੰਦਰ ਜੋ ਪਿਛਲੀਆਂ ਕਈ ਸਦੀਆਂ ਤੋਂ ਪਿਛੜੇ ਹੋਏ ਧਾੜਵੀਆਂ ਵਰਗੀ ਜਿੰਦਗੀ ਜੀਅ ਰਹੇ ਹਨ। ਇਹੀ ਕਾਰਨ ਹੈ, ‘ਕਿ ਇਨ੍ਹਾਂ ਅੰਦਰ ਸੰਘਰਸ਼, ਨਸ਼ਿਆਂ ਦੀ ਤਸਕਰੀ, ਜੰਗੀ-ਕੁੜੱਤਣ ਅਤੇ ਆਜਾਦ ਤਬੀਅਤ ਵਾਲੀ ਜਿੰਦਗੀ ਜਿਊਣਾ ਚਲਿਆ ਆ ਰਿਹਾ ਹੈ ! ਜੋ ਸਮਾਗਮ 11-ਸਤੰਬਰ, 2021 ਨੂੰ ਜਿਸ ਰਾਹੀ ਨਵੀਂ ਸਰਕਾਰ ਨੇ ਸੌਂਹ ਚੁੱਕਣੀ ਸੀ ਉਹ ਹੁਣ ਮੁਲਤਵੀ ਹੋ ਗਿਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ, ਕੀ ਅਫ਼ਗਨਿਸਤਾਨ ਅੰਦਰ 20 ਸਾਲਾਂ ਬਾਅਦ ਆਈ ਨਵੀਂ ਰਾਜਸੀ ਤਬਦੀਲੀ, ‘ਜਿਹੜੀ ਬੇਭਰੋਸਗੀ ਦੇ ਆਲਮ ਨੂੰ ਦੂਰ ਕਰਕੇ ਦੱਖਣੀ ਏਸ਼ੀਆਂ ਦੇ ਲੋਕਾਂ ਦਰਮਿਆਨ ਮਨੁੱਖੀ ਨੇੜਤਾ ਤੇ ਸੰਘਰਕ ਕਾਇਮ ਕਰਨ ਜਾ ਰਹੀ ਹੈ ? ਕੀ ਉਹ ਜੰਗੀ ਕੁੜੱਤਣ ਨੂੰ ਦੂਰ ਕਰਕੇ ਆਪਸੀ ਸਹਿਯੋਗ ਲਈ ਅਹਿਮ ਰੋਲ ਨਿਭਾਏਗੀ ? ਲੋਕਾਂ ਦੇ ਚੰਗੇ ਭਵਿੱਖ ਲਈ ਕੀ ਇਹ ਸਰਕਾਰ ਟਿਕ ਸੱਕੇਗੀ, ਦੀ ਆਸ ਕੀਤੀ ਜਾਂਦੀ ਹੈ। ਸਵਾਲ ! ਦਹਿਸ਼ਤਗਰਦੀ ਨੂੰ ਤਿਆਗਣ ਦਾ ਹੋਵੇਗਾ ਜੋ ਇਸ ਦਾ ਠੋਸ ਉਤਰ ਹੋਵੇਗਾ ?

ਅਫ਼ਗਾਨਿਸਤਾਨ ਅੰਦਰ ਤਾਲਿਬਾਨ-2 ਦੀ ਸਰਕਾਰ ਦਾ ਰਾਜ ਕਾਲ ਹੱਫੜਾ-ਦੱਫੜੀ, ਤਬਾਹੀ, ਗਰੀਬੀ, ਨੰਗ-ਭੁੱਖ ਅਤੇ ਕੱਟੜਵਾਦ ਦੇ ਦੌਰ ਅੰਦਰ ਲੰਘ ਰਿਹਾ ਹੈ। ਇਸ ਗੰਭੀਰ ਸੰਕਟ ਲਈ ਜਿਨੀਆਂ ਦੋਸ਼ੀ ਇਸਲਾਮਿਕ ਅੱਤਵਾਦੀ ਤਾਲਿਬਾਨ ਅਤੇ ਅਲਕਾਇਦਾ ਜੱਥੇਬੰਦੀਆਂ ਹਨ, ਇਸ ਤੋਂ ਵੱਧ ਅਮਰੀਕੀ ਸਾਮਰਾਜ ਅਤੇ ਉਸ ਦਾ ਭਾਈਵਾਲ ਨਾਟੋ ਵੀ ਹੈ। ਅੱਜ ਸੰਸਾਰ ਅੰਦਰ ਅਮਨ, ਬੇਰੁਜ਼ਗਾਰੀ ਅਤੇ ਨਵ-ਉਦਾਰਵਾਦ ਕਾਰਨ ਫੈਲਿਆ ਆਰਥਿਕ ਸੰਕਟ ਤੇ ਦਹਿਸ਼ਤਗਰਦੀ ਮੁੱਖ ਮੁੱਦੇ ਹਨ। ਇਨ੍ਹਾਂ ਸਮੱਸਿਆਵਾਂ ਲਈ ਮੁੱਖ ਕਾਰਕ ਸਾਮਰਾਜੀ ਅਮਰੀਕਾ ਤੇ ਦਹਿਸ਼ਤਗਰਦੀ ਤੇ ਫਿਰਕੂ ਸ਼ਕਤੀਆਂ ਜਿੰਮੇਵਾਰ ਹਨ। ਪਿਛਲੇ ਦਿਨੀ ਬ੍ਰਿਕਸ ਦੀ ਹੋਈ ਮੀਟਿੰਗ ਦੌਰਾਨ ਰੂਸ, ਚੀਨ, ਭਾਰਤ, ਬ੍ਰਾਜੀਲ ਤੇ ਦੱਖਣੀ ਅਫਰੀਕਾ ਦੇ ਮੁਖੀਆਂ ਨੇ ਖਦਸ਼ਾ ਜਾਹਿਰ ਕੀਤਾ ਕਿ ਅਫ਼ਗਾਨਿਸਤਾਨ ਅੰਦਰ ਤਾਲਿਬਾਨ ਦਾ ਮੁੜ ਕਬਜ਼ਾ ਹੋ ਗਿਆ ਹੈ, ਅਮਰੀਕੀ ਹਥਿਆਰ ਜੋ ਉਥੇ ਰਹਿ ਗਏ ਹਨ, ਹੁਣ ਅਫ਼ਗਾਨਿਸਤਾਨ ਮੁੜ ਦਹਿਸ਼ਤਗਰਦੀ ਤੇ ਨਸ਼ਿਆਂ ਦਾ ਕਿਲਾ ਨਾ ਬਣ ਜਾਵੇ। ਹਕਾਨੀ ਨੈੱਟ ਵਰਕਸ ਦਾ ਮੁੱਖੀ ਅੱਤਵਾਦੀ ਹਕਾਨੀ ਦੇਸ਼ ਦਾ ਗ੍ਰਿਹਮੰਤਰੀ ਬਣਿਆ ਹੈ। ਜਿਸ ਨੂੰ ਆਈ.ਐਸ.ਆਈ ਦੀ ਪੂਰਨ ਹਮਾਇਤ ਹੈ। ਦੱਖਣੀ ਦੇਸ਼ਾਂ ਦੀ ਸਲਾਮਤੀ ਇਹ ਖਤਰਾ ਬਣ ਸਕਦਾ ਹੈ। ਇਸ ਲਈ ਨਵੀਂ ਸਰਕਾਰ ਨੂੰ ਉਸ ਸਮੇਂ ਤਕ ਮਾਨਤਾ ਨਹੀਂ ਦੇਣੀ ਚਾਹੀਦੀ ਜਿਨਾਂ ਚਿਰ ਤਾਲਿਬਾਨੀ ਸਰਕਾਰ ਕੌਮਾਂਤਰੀ ਕਨੂੰਨ ਮੰਨਣ ਦਾ ਵਾਹਦਾ ਨਹੀਂ ਕਰਦੀ। ਪਰ ਕਈ ਦੇਸ਼ਾਂ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਉਸਲਵੱਟੇ ਵੀ ਲੈਣੇ ਸ਼ੁਰੂ ਕਰ ਦਿੱਤੇ ਹਨ।

ਲੰਬਾ ਸਮਾਂ ਯੁੱਧ-ਗ੍ਰਸਤ ਅਫ਼ਗਾਨਿਸਤਾਨ ਭੂਗੋਲਿਕ ਨਕਸ਼ੇ ਤੇ ਦਰਿਆ ਮੰਡ ਦੀ ਵਾਦੀ ਅੰਦਰ ਜਿਥੇ ਪਾਣੀ ਦੀ ਸਹੂਲਤ ਹੈ, ਖੇਤੀ ਹੁੰਦੀ ਹੈ। ਬਾਕੀ ਉਚੀ-ਨੀਵੀ, ਮਾਰੂਥਲ, ਉਚੇ ਪਠਾਰ ਅਤੇ ਬਰਫਾਨੀ ਢੱਕੇ ਪਹਾੜਾਂ ਵਾਲਾ ਇਹ ਦੇਸ਼ ਹੈ। ਪੂਰਬੀ ਹਿੱਸਾ ਪਹਾੜੀ-ਹਿੰਦੂਕੁਸ਼, ਪਾਮੀਰ ਜਿਥੇ ਪਹਾੜੀਆਂ ਦੀ ਉਚਾਈ 24,000 ਫੁੱਟ ਤੱਕ ਹੈ। ਸਾਰੇ ਪਾਸੇ ਤੋਂ ਜਮੀਨੀ ਘੇਰਾਬੰਦੀ ਤੇ ਸਮੰੁਦਰੋ ਦੂਰ ਹੋਣ ਕਰਕੇ ਇਥੋਂ ਦੇ ਜੀਵ-ਜੰਤੂ, ਲੋਕ ਅਤੇ ਬਨਸਪਤੀ, ਵਾਤਾਵਰਨ ਬੜਾ-ਵੰਨ ਸਵੰਨਤਾ ਵਾਲਾ ਹੈ। ਇਨ੍ਹਾਂ ਵਿਰਾਸਤੀ ਗੁਣਾਂ ਕਰਕੇ ਪ੍ਰਵਾਸ, ਹਮਲਾਵਰੀ ਤੇ ਮਾਰਧਾੜ ਸੁਭਾਅ ਵਾਲੇ ਕਬਾਇਲੀ ਲੋਕ ਹਨ ਜਿਨਾਂ ਦਾ 2000 ਬੀ.ਸੀ. ਪੁਰਾਣਾ ਵਿਰਾਸਤੀ ਪਿਛੋਕੜ ਹੈ। ਛੋਟੀਆਂ ਛੋਟੀਆਂ ਨਦੀਆਂ ਵਾਲੀ ਵਾਦੀ ਜਿਥੇ ਖੇਤੀ ਤੇ ਹੋਰ ਫਸਲਾਂ ਤੇ ਪੋਸਤ ਦੀ ਕਾਸ਼ਤ ਹੰੁਦੀ ਹੈ। ਦੁਨੀਆਂ ਦੀ 90-ਫੀ ਸਦ ਅਫੀਮ ਅਫ਼ਗਾਨਿਸਤਾਨ ਅੰਦਰ ਹੀ ਪੈਦਾ ਹੁੰਦੀ ਹੈ। ਦੱਖਣ, ਪੱਛਮ ਵੱਲ ਹੇਲਮੰਡ ਤੇ ਅਰਘਾਨ-ਢਾਬ ਘਾਟੀ, ਇਰਾਨ ਨਾਲ ਲਗਦਾ ਮਾਰਸ਼ੀ ਇਲਾਕਾ-ਸੀਸਤਾਨ ਹੈ। ਕਾਬਲ ਦਰਿਆ ਦੱਖਣ ਵੱਲ ਵਹਿੰਦਾ ਹੈ ਜੋ ਸਿੰਧ ਵਿੱਚ ਮਿਲ ਜਾਂਦਾ ਹੈ। ਅੇਮੂ ਦਰਿਆ ਉਤਰੀ ਬਾਡਰ ਨਾਲ ਕੇਂਦਰੀ ਏਸ਼ੀਆਈ ਦੇਸ਼ਾਂ ਨਾਲ ਜੁੜਦਾ ਹੈ। ਮੌਸਮ, ਪਹਾੜੀ ਇਲਾਕਿਆਂ ‘ਚ ਠੰਡਾ, ਸਰਦੀਆਂ ਨੂੰ ਬਰਫੀਲਾ ਅਤੇ ਗਰਮੀਆਂ ਨੂੰ ਖੁਸ਼ਕ ਗਰਮ ਹੁੰਦਾ ਹੈ। ਮੀਂਹ ਬੜਾ ਘੱਟ ਪੈਂਦਾ ਹੈ। ਘੱਟੇ ਵਾਲਾ ਖੁਸ਼ਕ ਮੌਸਮ ਹੈ। ਸਾਖਰਤਾ ਦਰ 38-ਫੀ ਸਦ ਜਦ ਕਿ ਕੌਮਾਂਤਰੀ ਦਰ 84-ਫੀ ਸਦ ਹੈ। ਕੁਦਰਤੀ ਸੋਮੇ ਜਿਨਾਂ ਵਿੱਚ 1400 ਮਿਨਰਲ ਫੀਲਫ ਜੋ, ਬੌਕਸਾਈਟ, ਕਰੋਮਾਈਟ, ਕੋਲ, ਤਾਂਬਾ, ਸੋਨਾ, ਲੋਹਾ, ਸਿਕਾ, ਕੁਦਰਤੀ ਗੈਸ, ਪੈਟਰੋਲੀਅਮ, ਵੱਖ ਵੱਖ ਤਰ੍ਹਾਂ ਦੇ ਸਟੋਨ, ਸਾਲਟ, ਗੰਧਕ, ਜਿੰਕ, ਜੈਮ-ਸਟੋਨ, ਰੱਬੀ ਆਦਿ ਕੁਦਰਤੀ ਸੋਮਿਆ ਨਾਲ ਭਰਪੂਰ ਹਨ। ਜਿਹੜੇ ਦੇਸ਼ ਲਈ ਵੱਡਮੁਲੀ ਦੌਲਤ ਬਣ ਸਕਦੇ ਹਨ।

ਲੰਬੇ ਸਮੇਂ ਤੋਂ ਯੁਧ-ਗ੍ਰਹਤ ਰਹੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਹੁਣ ਹੱਫੜਾ-ਦੱਫੜੀ, ਤਬਾਹੀ, ਗਰੀਬੀ, ਨੰਗ-ਭੁੱਖ ਤੇ ਬੇਰੁਜ਼ਗਾਰੀ ਜਿਹੀ ਅਨਿਸਚਿਤਾ ਤੋਂ ਕਿਵੇਂ ਮੁਕਤੀ ਮਿਲੇ ਇਕ ਵੱਡਾ ਸਵਾਲ ਹੈ ? ਇਸਤਰੀਆਂ ਦੀ ਆਜ਼ਾਦੀ, ਵੱਖੋ ਵੱਖ ਫਿਰਕਿਆ ਅੰਦਰ ਸਹਿਯੋਗ, ਕੌਮਾਂਤਰੀ ਭਾਈਚਾਰੇ ਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਦੇਸ਼ਾਂ ਨਾਲ ਮਿਲ ਵਰਤੋ, ਨਸ਼ਿਆਂ ਤੇ ਦਹਿਸ਼ਤਗਰਦੀ ਦੇ ਮਨਸੂਬਿਆਂ ਤੋਂ ਤੋਬਾ ਕਰਨੀ ਤਾਲਿਬਾਨ ਸਰਕਾਰ ਸਾਹਮਣੇ ਵੱਡੇ ਸਵਾਲ ਹਨ। ਇਸ ਵੇਲੇ ਤਾਲਿਬਾਨਾਂ ਪਾਸ ਹਰ ਪਾਸੇ ਆਫ਼ੀਮ ਦੇ ਗੰਜ਼ ਤੇ ਮਾਰੂ ਹਥਿਆਰਾਂ ਨਾਲ ਤਾਂ ਗੁਦਾਮ, ਮਕਾਨ, ਅੱਡੇ ਸਭ ਭਰੇ ਪਏ ਹਨ। ਪਰ ਅਨਾਜ ਤੇ ਖੁਰਾਕੀ ਵਸਤਾਂ ਤੋਂ ਸਭ ਦੁਕਾਨਾਂ ਖਾਲੀ ਪਈਆਂ ਹਨ। ਹਸਪਤਾਲ ਖਾਲੀ ਹਨ, ਨਾ ਦਵਾਈ ਹੈ ਤੇ ਨਾ ਕੋਈ ਮੁਲਾਜ਼ਮ ਉਥੇ ਹੈ। ਸਕੂਲ ਸਭ ਤਬਾਹ ਹੋਏ ਪਏ ਹਨ ਤੇ ਟੀਚਰ ਨਹੀਂ ਹਨ। ਹਰ ਪਾਸੇ ਤਬਾਹੀ ਦਾ ਆਲਮ ਹੈ ਤੇ ਤਾਲਿਬਾਨੀ ਹੁਕਮ ਚਲ ਰਹੇ ਹਨ। ਹੁਣ ਸਵਾਲ ਉਠਦਾ ਹੈ, ‘ਕਿ ਇਸਲਾਮਿਕ ਕੱਟੜਵਾਦੀ ਕੀ ਆਪਣਾ (ਅੰਜੇਡਾ)ਸੁਭਾਅ ਬਦਲਣਗੇ ? ਇਸਤਰੀਆਂ ਨੂੰ ਆਜ਼ਾਦੀ, ਸ਼ਹਿਰੀ ਆਜ਼ਾਦੀ, ਸ਼ਰੀਅਤ ਕਾਨੂੰਨਾਂ ਤੇ ਬੰਦੂਕ ਦੀ ਨਾਲੀ ਰਾਹੀ ਗਲ ਮਨਾਉਣ ਤੋਂ ਤੋਬਾ ਕਰਨੀ, ਕੀ ਇਸ ਅੰਦਰ ਮੋੜਾ ਕੱਟਿਆ ਜਾਵੇਗਾ ? ਜੇਕਰ ਤਾਲਿਬਾਨ ਜੁੰਡਨੀ ਵਾਕਿਆਤ ਲੋਕਾਂ ਦੀ ਗੱਲ ਸੁਣੇਗੀ, ਮੱਸਲੇ ਹੱਲ ਕਰਨ ਲਈ ਪਹਿਲ ਕਦਮੀ ਕਰੇਗੀ ਤਾਂ ਉਹ ਮੌਜੂਦਾ ਸੰਕਟ ਵਿੱਚੋਂ ਬਾਹਰ ਆਉਣ ਲਈ ਵੀ ਜ਼ਰੂਰ ਸਫਲ ਹੋ ਜਾਵੇਗੀ, ਨਹੀਂ ਤਾਂ ਉਹ ਮੁੜ ਸਿਵਿਆ ਵਾਲੇ ਰਾਹ ਪੈ ਜਾਵੇਗੀ ? ਮੌਜੂਦਾ ਅਨਿਸਚਿਤਾ ਵਾਲੇ ਭਵਿੱਖ ਨੂੰ ਮੋੜਾ ਦੇ ਕੇ ਤਾਲਿਬਾਨਾਂ ਨੂੰ 14-ਵੀਂ ਸਦੀ ਵੱਲ ਜਾਂਦੇ ਰਾਹ ਤੋਂ ਤੋਬਾ ਕਰਨੀ ਚਾਹੀਦੀ ਹੈ, ਇਸ ਵਿੱਚ ਦੋਨਾਂ ਅਫ਼ਗਾਨਿਸਤਾਨ ਦੇ ਲੋਕਾਂ ਤੇ ਹਾਕਮਾਂ ਦਾ ਭਲਾ ਹੋਵੇਗਾ।

ਅੱਜ ਦੁਨੀਆਂ ਅੰਦਰ ਸਭ ਤੋਂ ਵੱਧ ਦੋ ਖਤਰੇ ਪਨਪ ਰਹੇ ਹਨ। ਪਹਿਲਾ ਅਮਰੀਕੀ ਸਾਮਰਾਜ ਵੱਲੋ ਅੰਤਰਰਾਸ਼ਟਰੀ ਸਥਿਤੀ ਅੰਦਰ ਆਪਣੀ ਵਿਸ਼ਵਵਿਆਪੀ ਸਰਦਾਰੀ ਨੂੰ ਹੋਰ ਮਜ਼ਬੂਤ ਕਰਨ ਤੇ ਆਰਥਿਕ ਸੰਕਟ ਦੇ ਨਾਂਹ ਪੱਖੀ ਪ੍ਰਭਾਵਾਂ ਉਪਰ ਕਾਬੂ ਪਾਉਣ ਦੇ ਆਪਣੇ ਯਤਨਾਂ ਵਿੱਚ ਸਰਵਪੱਖੀ ਵਧੇਰੇ ਹਮਲਾਵਰੀ ਦਾ ਰਾਜਨੀਤਕ, ਆਰਥਿਕ ਤੇ ਫੌਜੀ ਦਖਲ ਅੰਦਾਜ਼ੀਆਂ ਰਾਹੀ ਹਮਲਾਵਰੀ ਹੋਣਾ ਹੈ। ਦੂਸਰਾ ਖਤਰਾ ਦਹਿਸ਼ਤਗਰਦੀ, ਜਿਸ ਦਾ ਜਨਮ-ਦਾਤਾ ਵੀ ‘‘ਪੂੰਜੀਵਾਦ-ਸਾਮਰਾਜ“ ਹੀ ਹੈ। ਦਹਿਸ਼ਤਗਰਦੀ ਵੀ ਪੂੰਜੀਵਾਦ ਦੇ ਸੰਕਟ ਦੀਆਂ ਕੜਵੱਲਾਂ ‘ਚੋ ਹੀ ਪੈਦਾ ਹੋਇਆ ਬੱਚਾ ਹੈ। ਇਹ ਦੋਨੋ ਕਾਰਕ ਮਿਹਨਤਕਸ਼ ਜਮਾਤ ਦਾ ਘੋਰ ਸ਼ੋਸ਼ਣ ਕਰਨ ਅਤੇ ਕਿਰਤੀ-ਜਮਾਤ ਦੀ ਏਕਤਾ ਦੇ ਦੁਸ਼ਮਣ ਹਨ। ਰਾਜਨੀਤਕ ਸੱਜ ਪਿਛਾਖੜ, ਲੋਕ ਬੇਚੈਨੀ ਨੂੰ ਲਾਮਬੰਦ ਕਰਨ ਦੁਆਰਾ ਅਤੇ ਸੁਨਿਸ਼ਚਿਤ ਕਰਨ ਦੁਆਰਾ ਅੱਗੇ ਵੱਧਦਾ ਹੈ ਕਿ ਖੱਬੇ ਪੱਖੀ ਤੇ ਜਮਹੂਰੀ ਸ਼ਕਤੀਆਂ ਇਕ ਵੱਡੀ ਸ਼ਕਤੀ ਵੱਜੋ ਅੱਗੇ ਨਾ ਆ ਸੱਕਣ। ਵਰਤਮਾਨ ਹਾਲਤ ਸੰਯੋਗ ਦੇ ਸੰਦਰਭ ਵਿੱਚ ਲੰਬੇ ਆਰਥਿਕ ਸੰਕਟ ਦੇ ਵਿਰੁਧ ਵਧਦੀ ਲੋਕ ਬੇਚੈਨੀ, ਅੱਤ ਸੱਜ-ਪਿਛਾਖੜੀ ਨਵ-ਫਾਸ਼ੀ ਤਾਕਤਾਂ ਦੇ ਉਭਾਰ ਦੇ ਲਈ ਬਾਲਣ ਮੁਹੱਈਆ ਕਰਦੀ ਹੈ। ਭਾਰਤ ਨੂੰ ਖੁਦ ਆਪਣੇ ਅੰਦਰ ਵੀ ਝਾਤੀ ਮਾਰਦੇ ਹੋਏ ਅਫ਼ਗਾਨਿਸਤਾਨ, ਅਮਰੀਕਾ ਅਤੇ ਪਾਕਿਸਤਾਨ ਦੇ ਜੋ ਅਲੱਗ-ਅਲੱਗ ਮਕਸਦ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਦੇ ਹੋਏ ਉਨ੍ਹਾਂ ਅੰਦਰ ਜੋ ਤਨਾਅ ਹਨ। ਉਨ੍ਹਾਂ ਨੂੰ ਆਪਣੇ ਲੋਕਾਂ ਦੇ ਹਿੱਤਾਂ ਲਈ ਵਰਤਣਾ ਚਾਹੀਦਾ ਹੈ।

ਮੌਜੂਦਾ ਤਾਲਿਬਾਨ ਦਾ ਡੀ.ਐਨ.ਏ. ਚੌਮੁੱਖੀ ਇਸਲਾਮਿਕ ਨਜ਼ਰੀਏ ਵਾਲਾ ਨਹੀਂ ਹੈ ਤੇ ਉਹ ਨਾ ਹੀ ਅਲਕਾਇਦਾ ਵਰਗਾ ਹੈ। ਤਾਲਿਬਾਨੀ ਕਬਾਇਲੀ ਇਸਲਾਮਿਕ ਖਖ਼ਤੂਨ ਹਨ ਜਿਨ੍ਹਾਂ ਦੇ ਸਾਰੋਕਾਰ ਅਫ਼ਗਾਨਿਸਤਾਨ ਦੀ ਸੀਮਾਂ ਤੋਂ ਬਾਹਰ ਕਤਈ ਨਹੀਂ ਹਨ। ਹੁਣ ਦੇਖਣਾ ਇਹ ਹੈ ਕਿ ਤਾਲਿਬਾਨ ਨੇਤਾ ਆਪਣੇ ਕੌਮੀਂਅਤ ਹਿੱਤਾਂ ‘ਤੇ ਟਿਕੇ ਰਹਿਣਗੇ ਜਾਂ ਫਿਰ ਆਪਣੇ ਆਪ ਨੂੰ ਇਕ ਹੋਰ ਸੰਕਟ ਵਿਚ ਪਾ ਕੇ ਕੁਲ ਇਸਲਾਮ ਦੀ ਨਵੀਂ ਚਾਲਕ ਸ਼ਕਤੀ ਦਾ ਰੂਪ ਧਾਰਨ ਲਗ ਪੈਣਗੇ ? ਹੁਣ ਭਾਰਤ ਲਈ ਸਮਾਂ ਆ ਗਿਆ ਹੈ ਕਿ ਖਿਤੇ ਅੰਦਰ ਅਮਨ ਲਈ ਉਹ ਅਫ਼ਗਾਨਿਸਤਾਨ ਨੂੰ ਲੈ ਕੇ ਇਕ ਅਲੱਗ ਅਤੇ ਆਜ਼ਾਦ ਰਵੱਈਆ ਅਪਣਾਏ। ਸਾਨੂੰ ਕਿਸੇ ਦਾ ਪਿਛ ਲੱਗੂ ਨਹੀਂ ਬਣਨਾ ਚਾਹੀਦਾ, ਸਗੋਂ ਨਵੇਂ ਹਲਾਤਾਂ ਅੰਦਰ ਨਿਰਪੱਖ ਵਿਵਹਾਰਕ ਦ੍ਰਿਸ਼ਟੀਕੋਣ ਅਤੇ ਆਜ਼ਾਦ ਫੈਸਲਾ ਲੈਣਾ ਚਾਹੀਦਾ ਹੈ। ਦਹਿਸ਼ਤਗਰਦੀ ਰੋਕਣ ਲਈ ਇਸ ਲਈ ਪਹਿਲਾ ਕਦਮ ਕਸ਼ਮੀਰ ਦੀ ਸੁੁਰੱਖਿਆ ਨੂੰ ਲੈ ਕੇ ਉਥੇ ਇਕ ਰਾਜਨੀਤਕ ਪ੍ਰਕਿਰਿਆ ਸ਼ੁਰੂ ਕਰਕੇ ਜੰਮੂ-ਕਸ਼ਮੀਰ ਨੂੰ ਮੁਕੰਮਲ ਰਾਜ ਦਾ ਦਰਜਾ ਬਹਾਲ ਕਰਨਾ ਚਾਹੀਦਾ ਹੈ।

ਭਾਰਤ ਸਰਕਾਰ ਨੇ 2001 ਤੋਂ ਲੈ ਕੇ ਅੱਜ ਤੱਕ ਤਿੰਨ ਅਰਬ ਡਾਲਰ ਅਫ਼ਗਾਨਿਸਤਾਨ ਅੰਦਰ ਵੱਖੋ ਵੱਖ ਵਿਕਾਸ ਪਰਯੋਜਨਾ ਲਈ ਖਰਚ ਕੀਤੇ ਹਨ। ਅੱਗੋ ਵੀ ਮਨੁੱਖੀ ਅਧਾਰ ਤੇ ਸਹਾਇਤਾ ਜਾਰੀ ਰੱਖਣੀ ਚਾਹੀਦੀ ਹੈ ਤੇ ਕੌਮਾਂਤਰੀ ਪੱਧਰ ‘ਤੇ ਵੱਖੋ ਵੱਖ ਫੋਰਮਾਂ ‘ਤੇ ਅਫ਼ਗਾਨਿਸਤਾਨ ਦੇ ਲੋਕਾਂ ਦੀ ਸਹਾਇਤਾ ਲਈ ਗੁਹਾਰ ਲਾਉਣੀ ਚਾਹੀਦੀ ਹੈ। ਸਾਨੂੰ ਅਫ਼ਗਾਨ ਲੋਕਾਂ ਦੇ ਦਿਲ ਜਿੱਤਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਾਮਰਾਜੀ ਪੱਛਮ ਅਫ਼ਗਾਨਿਸਤਾਨ ਅੰਦਰ ਅੱਗ ਲਾ ਕੇ ਸਭ ਕੁਝ ਕਰਕੇ ਭੱਜ ਗਿਆ ਹੈ। ਭਾਰਤ ਦੱਖਣੀ ਏਸ਼ੀਆਂ ਦਾ ਆਗੂ ਦੇਸ਼ ਹੋਣ ਕਰਕੇ ਇਨ੍ਹਾਂ ਦੇਸ਼ਾਂ ਦੀ ਸਲਾਮਤੀ ਅਤੇ ਅਮਨ ਲਈ ਸਾਨੂੰ ਹੱਥ ਵਧਾਉਂਦੇ ਰਹਿਣਾ ਚਾਹੀਦਾ ਹੈ।

ਸੰਪਰਕ: 91-9217997445 : 001-403-285-4208 ਕੈਲਗਰੀ (ਕੈਨੇਡਾ)

Share This Article
Leave a Comment