ਈਰਾਨ : ਸੈਨਿਕ ਅਭਿਆਸ ਦੌਰਾਨ ਜੰਗੀ ਜਹਾਜ਼ਾਂ ਨੇ ਗਲਤੀ ਨਾਲ ਆਪਣੇ ਹੀ ਸਮੁੰਦਰੀ ਜਹਾਜ਼ ਨੂੰ ਬਣਾਇਆ ਨਿਸ਼ਾਨਾ, 20 ਦੀ ਮੌਤ

ਤਹਿਰਾਨ : ਸੈਨਿਕ ਅਭਿਆਸ ਦੌਰਾਨ ਈਰਾਨ ਦੇ ਜੰਗੀ ਜਹਾਜ਼ ਜਮਰਾਨ ਨੇ ਫ੍ਰੈਂਡਲੀ ਫਾਇਰ ਵਿਚ ਗਲਤੀ ਨਾਲ ਆਪਣੇ ਹੀ ਦੂਸਰੇ ਸਮੁੰਦਰੀ ਜਹਾਜ਼ ਕੋਨਾਰਕ ਨੂੰ ਨਿਸ਼ਾਨਾ ਬਣਾ ਲਿਆ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 20 ਤੋਂ ਵੱਧ ਕਰਿਊ ਮੈਂਬਰਾਂ ਦੇ ਮਾਰੇ ਜਾਣ ਦੀ ਖਬਰ ਹੈ। ਜਲ ਸੈਨਾ ਦੇ ਸਮੁੰਦਰੀ ਜਹਾਜ਼ ਕੋਨਾਰਕ ‘ਚ ਚਾਲਕ ਦਲ ਦੇ 30 ਤੋਂ 40 ਮੈਂਬਰ ਮੌਜੂਦ ਸਨ, ਜੋ ਹਾਲ ਹੀ ਵਿਚ ਈਰਾਨੀ ਜਲ ਸੈਨਾ ਵਿਚ ਸ਼ਾਮਲ ਹੋਏ ਸਨ।

ਈਰਾਨ ਦੀ ਨਿਊਜ਼ ਏਜੰਸੀ ਅਨੁਸਾਰ ਇਸ ਹਾਦਸੇ ਵਿੱਚ ਜਹਾਜ਼ ਦੇ ਕਮਾਂਡਰ ਦੀ ਵੀ ਮੌਤ ਹੋ ਗਈ ਹੈ। ਜਦ ਕਿ ਈਰਾਨ ਦੀ ਇਸਲਾਮਿਕ ਰੈਵੋਲਿਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਨੇ ਇਸ ਘਟਨਾ ਨੂੰ ਮਨੁੱਖੀ ਗਲਤੀ ਮੰਨਿਆ ਹੈ। ਹਾਲਾਂਕਿ ਈਰਾਨੀ ਸੈਨਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਜਲ ਸੈਨਾ ਦਾ ਲੜਾਕੂ ਜਹਾਜ਼ ਜਮਰਾਨ ਇਕ ਨਵੀਂ ਮਿਜ਼ਾਈਲ ਦਾ ਟੈਸਟ ਕਰ ਰਿਹਾ ਸੀ, ਜਿਸ ਨੇ ਗਲਤੀ ਨਾਲ ਲਾਜਿਸਟਿਕ ਸਮੁੰਦਰੀ ਜਹਾਜ਼ ਕੋਨਾਰਕ ਨੂੰ ਨਿਸ਼ਾਨਾ ਬਣਾ ਲਿਆ।

ਰਿਪੋਰਟਾਂ ਦੇ ਅਨੁਸਾਰ ਆਈਆਰਜੀਸੀ ਤੋਂ ਮਿਜ਼ਾਈਲ ਨਿਰਧਾਰਿਤ ਸਮੇਂ ਤੋਂ ਪਹਿਲਾਂ ਦਾਗੀ ਗਈ ਸੀ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ‘ਚ ਜ਼ਖਮੀਆਂ ਨੂੰ ਐਂਬੂਲਸ ਰਾਹੀਂ ਹਸਪਤਾਲ ‘ਚ ਦਾਖਿਲ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਜਨਵਰੀ ਵਿਚ ਵੀ ਆਈਆਰਜੀਸੀ ਨੇ ਤੇਹਰਾਨ ਦੇ ਨੇੜੇ ਇਕ ਯਾਤਰੀ ਜਹਾਜ਼ ਨੂੰ ਗਲਤੀ ਨਾਲ ਮਾਰ ਗਿਰਾਇਆ ਸੀ। ਜਿਸ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ।

ਦੂਜੇ ਪਾਸੇ ਈਰਾਨ ‘ਚ ਕੋਰੋਨਾ ਮਹਾਮਾਰੀ ਵੀ ਆਪਣੇ ਪੈਰ ਪਸਾਰ ਰਹੀ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 6,500 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 86,143 ਲੋਕ ਅਜਿਹੇ ਹਨ ਜਿਹੜੇ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

 

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.