ਇਰਾਨ : ਮੱਧ-ਪੂਰਬ ਵਿੱਚ ਜਾਰੀ ਜੰਗ ਦੇ ਵਿਚਕਾਰ ਇਜ਼ਰਾਈਲ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਇਜ਼ਰਾਈਲੀ ਫੌਜੀ ਅਧਿਕਾਰੀ ਦੇ ਦਾਅਵੇ ਅਨੁਸਾਰ, ਈਰਾਨ ਦੇ IRGC ਨੇਵੀ ਦੇ ਚੀਫ ਅਲੀਰੇਜ਼ਾ ਤੰਗਸੀਰੀ ਮਾਰੇ ਗਏ ਹਨ। ਉਨ੍ਹਾਂ ਦੀ ਜਾਨ ਬੰਦਰ ਅੱਬਾਸ ‘ਤੇ ਹੋਈ ਸਟ੍ਰਾਈਕ ਵਿੱਚ ਚਲੀ ਗਈ। ਇਜ਼ਰਾਈਲੀ ਅਧਿਕਾਰੀ ਦਾ ਕਹਿਣਾ ਹੈ ਕਿ ਅਲੀਰੇਜ਼ਾ ਤੰਗਸੀਰੀ ਹੋਰਮੁਜ਼ ਦੇ ਜਲਡਮਰੂ ਨੂੰ ਬੰਦ ਕਰਨ ਦੇ ਜ਼ਿੰਮੇਵਾਰ ਸਨ। ਹਾਲਾਂਕਿ, ਈਰਾਨ ਵੱਲੋਂ ਇਜ਼ਰਾਈਲੀ ਫੌਜੀ ਹਮਲੇ ਅਤੇ ਅਲੀਰੇਜ਼ਾ ਤੰਗਸੀਰੀ ਦੀ ਮੌਤ ਬਾਰੇ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਅਗਸਤ, 2018 ਤੋਂ IRGC ਨੇਵੀ ਦੀ ਕਮਾਨ ਸੰਭਾਲ ਰਹੇ ਤੰਗਸੀਰੀ ਨੇ ਹਾਲੀਆ ਹਫ਼ਤਿਆਂ ਵਿੱਚ ਖਾੜੀ ਖਾਸ ਤੌਰ ‘ਤੇ ਹੋਰਮੁਜ਼ ਦੇ ਜਲਡਮਰੂ ਦੇ ਆਲੇ-ਦੁਆਲੇ ਈਰਾਨ ਦੀਆਂ ਕਾਰਵਾਈਆਂ ਦੇ ਸਬੰਧ ਵਿੱਚ ਹਮਲਾਵਰ ਰੁਖ਼ ਅਪਣਾਇਆ ਸੀ। ਪਿਛਲੇ ਹਫ਼ਤੇ, ਤੰਗਸੀਰੀ ਨੇ ਖਾੜੀ ਦੇਸ਼ਾਂ ਵਿੱਚ ਅਮਰੀਕੀ ਟਿਕਾਣਿਆਂ ‘ਤੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਥਾਵਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਸੀ।
ਹੋਰਮੁਜ਼ ਦਾ ਜਲਡਮਰੂ ਵਿਸ਼ਵ ਦਾ ਮਹੱਤਵਪੂਰਨ ਅਤੇ ਰਣਨੀਤਕ ਤੇਲ ਸ਼ਿਪਿੰਗ ਸਮੁੰਦਰੀ ਰਸਤਾ ਹੈ, ਜੋ ਉੱਤਰ ਦਿਸ਼ਾ ਵਿੱਚ ਈਰਾਨ ਅਤੇ ਦੱਖਣ ਵਿੱਚ ਓਮਾਨ ਤੇ ਯੂ.ਏ.ਈ ਦੇ ਵਿਚਕਾਰ ਸਥਿਤ ਹੈ। ਹੋਰਮੁਜ਼ ਦਾ ਜਲਡਮਰੂ ਫ਼ਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ।
ਇੱਥੋਂ ਦੁਨੀਆ ਭਰ ਦਾ ਲਗਭਗ 20 ਫੀਸਦੀ ਕੱਚਾ ਤੇਲ ਅਤੇ ਐਲ.ਐਨ.ਜੀ. (LNG) ਗੁਜ਼ਰਦਾ ਹੈ। ਇਸੇ ਰਸਤੇ ਨੂੰ ਈਰਾਨ ਦੀ ਨੇਵੀ ਨੇ ਜੰਗ ਦੌਰਾਨ ਬੰਦ ਕਰ ਰੱਖਿਆ ਹੈ ਅਤੇ ਸਿਰਫ਼ ਗਿਣੇ-ਚੁਣੇ ਜਹਾਜ਼ਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

