ਨਿਊਜ਼ ਡੈਸਕ: ਅਮਰੀਕਾ ਵੱਲੋਂ ਈਰਾਨ ’ਤੇ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਵਿਚਾਲੇ ਈਰਾਨ ਨੇ ਡਾਲਰ ’ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ। ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਲੀਬਾਫ ਨੇ ਇਰਾਕ ਨਾਲ ਸਥਾਨਕ ਮੁਦਰਾਵਾਂ ਵਿੱਚ ਵਪਾਰ ਵਧਾਉਣ ਦੀ ਅਪੀਲ ਕੀਤੀ ਹੈ।
ਸ਼ੁੱਕਰਵਾਰ ਨੂੰ ਬਗਦਾਦ ਵਿੱਚ ਈਰਾਨੀ ਅਤੇ ਇਰਾਕੀ ਕਾਰੋਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਗਲੀਬਾਫ ਨੇ ਕਿਹਾ ਕਿ ਦੋਵੇਂ ਦੇਸ਼ ਆਪਣੀਆਂ ਰਾਸ਼ਟਰੀ ਮੁਦਰਾਵਾਂ ਵਿੱਚ ਵਪਾਰ ਕਰਕੇ ਅਮਰੀਕੀ ਡਾਲਰ ’ਤੇ ਨਿਰਭਰਤਾ ਘਟਾ ਸਕਦੇ ਹਨ।
ਉਨ੍ਹਾਂ ਮੁਤਾਬਕ ਅੱਜ ਸਥਾਨਕ ਮੁਦਰਾਵਾਂ ਵਿੱਚ ਵਪਾਰ ਕਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਈਰਾਨ ਅਤੇ ਇਰਾਕ ਨੂੰ ਅਮਰੀਕਾ ਵੱਲੋਂ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਯੋਜਨਾ ਬਣਾਉਣੀ ਹੋਵੇਗੀ।
ਅਮਰੀਕਾ ਅਤੇ ਇਜ਼ਰਾਈਲ ’ਤੇ ਆਰਥਿਕ ਜੰਗ ਦਾ ਦੋਸ਼
ਗਲੀਬਾਫ ਨੇ ਅਮਰੀਕਾ ਅਤੇ ਇਜ਼ਰਾਈਲ ’ਤੇ ਈਰਾਨ ਅਤੇ ਇਰਾਕ ਖ਼ਿਲਾਫ਼ ਆਰਥਿਕ ਤੇ ਮਨੋਵਿਗਿਆਨਕ ਜੰਗ ਛੇੜਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਰਥਿਕ ਮੋਰਚੇ ’ਤੇ ਵੀ ਉਸੇ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਉਹ ਸੁਰੱਖਿਆ ਦੇ ਮੋਰਚੇ ’ਤੇ ਕਰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਜੰਗ ਦਾ ਸਮਰਥਕ ਨਹੀਂ ਹੈ, ਪਰ ਆਪਣੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਕਰੇਗਾ। ਉਨ੍ਹਾਂ ਮੁਤਾਬਕ ਖੇਤਰ ਵਿੱਚ ਸੁਰੱਖਿਆ ਅਤੇ ਆਰਥਿਕ ਵਿਕਾਸ ਆਪਸ ਵਿੱਚ ਜੁੜੇ ਹੋਏ ਹਨ।
ਸੋਮਵਾਰ ਨੂੰ ਅਮਰੀਕੀ ਪਾਬੰਦੀਆਂ ਦਾ ਖ਼ਾਕਾ
ਗਲੀਬਾਫ ਦਾ ਇਹ ਬਿਆਨ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਆਇਆ। ਬੇਸੈਂਟ ਨੇ ਕਿਹਾ ਹੈ ਕਿ ਈਰਾਨ ’ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦਾ ਵਿਸਥਾਰਤ ਖ਼ਾਕਾ ਸੋਮਵਾਰ ਨੂੰ ਸਾਹਮਣੇ ਆਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਈਰਾਨ ਨੂੰ ਵਿੱਤੀ ਜਾਂ ਵਪਾਰਕ ਮਦਦ ਦੇਣ ਵਾਲੇ ਦੇਸ਼ਾਂ ਨੂੰ ਗੰਭੀਰ ਆਰਥਿਕ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਪਾਬੰਦੀਆਂ ਦਾ ਨਿਸ਼ਾਨਾ ਈਰਾਨ ਦਾ ਤੇਲ ਕਾਰੋਬਾਰ, ਵਿੱਤੀ ਲੈਣ-ਦੇਣ, ਕਰੰਸੀ ਐਕਸਚੇਂਜ, ਜਹਾਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਕਥਿਤ ਮੁਖੌਟਾ ਕੰਪਨੀਆਂ ਵਰਗੇ ਆਰਥਿਕ ਤੰਤਰ ਹੋ ਸਕਦੇ ਹਨ।
ਚੀਨ ਨੂੰ ਵੀ ਅਮਰੀਕਾ ਦੀ ਅਪੀਲ
ਬੇਸੈਂਟ ਨੇ ਚੀਨ ਨੂੰ ਵੀ ਅਮਰੀਕੀ ਕੋਸ਼ਿਸ਼ਾਂ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ। ਚੀਨ ਈਰਾਨੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਹਾਲਾਂਕਿ ਚੀਨ ਨੇ ਅਮਰੀਕੀ ਪਾਬੰਦੀਆਂ ਅਤੇ ਦਬਾਅ ਦੀ ਨੀਤੀ ਨੂੰ ਹੱਲ ਮੰਨਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਮੌਜੂਦਾ ਸੰਕਟ ਦਾ ਹੱਲ ਕੂਟਨੀਤੀ ਰਾਹੀਂ ਹੋਣਾ ਚਾਹੀਦਾ ਹੈ।
ਈਰਾਨੀ ਤੇਲ ਨਿਰਯਾਤ ’ਤੇ ਦਬਾਅ
ਦਿੱਤੀ ਗਈ ਜਾਣਕਾਰੀ ਮੁਤਾਬਕ ਈਰਾਨੀ ਬੰਦਰਗਾਹਾਂ ’ਤੇ ਅਮਰੀਕੀ ਨਾਕਾਬੰਦੀ ਦਾ ਅਸਰ ਦਿਖਾਈ ਦੇ ਰਿਹਾ ਹੈ। ਚੀਨ ਨੂੰ ਈਰਾਨੀ ਤੇਲ ਦੇ ਨਿਰਯਾਤ ਵਿੱਚ 80 ਫ਼ੀਸਦੀ ਤੱਕ ਦੀ ਕਮੀ ਆਉਣ ਦਾ ਦਾਅਵਾ ਕੀਤਾ ਗਿਆ ਹੈ। ਰਾਇਟਰਜ਼ ਮੁਤਾਬਕ ਨਾਕਾਬੰਦੀ ਤੋਂ ਪਹਿਲਾਂ ਰੋਜ਼ਾਨਾ 10.5 ਕਰੋੜ ਬੈਰਲ ਤੇਲ ਨਿਰਯਾਤ ਹੁੰਦਾ ਸੀ, ਜੋ ਬਾਅਦ ਵਿੱਚ 8 ਕਰੋੜ ਬੈਰਲ ਪ੍ਰਤੀ ਦਿਨ ਰਹਿ ਗਿਆ।
ਕੇਪਲਰ ਦੇ ਅਨੁਸਾਰ ਅਗਸਤ ਵਿੱਚ ਚੀਨ ਨੂੰ ਈਰਾਨੀ ਤੇਲ ਦਾ ਨਿਰਯਾਤ 5,34,000 ਬੈਰਲ ਪ੍ਰਤੀ ਦਿਨ ਤੱਕ ਪਹੁੰਚ ਗਿਆ ਹੈ।
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਕਿਹਾ ਕਿ ਈਰਾਨ ਤਾਕਤ ਅਤੇ ਸਨਮਾਨ ਨਾਲ ਆਪਣੀ ਥਾਂ ’ਤੇ ਖੜ੍ਹਾ ਹੈ ਅਤੇ ਹੁਣ ਜੰਗ ਖ਼ਤਮ ਕਰਨਾ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਕਿਸੇ ਨਾ ਕਿਸੇ ਸਮੇਂ ਜੰਗ ਖ਼ਤਮ ਕਰਨੀ ਹੀ ਪਵੇਗੀ ਅਤੇ ਬਿਹਤਰ ਹੋਵੇਗਾ ਕਿ ਇਹ ਹੁਣੇ ਖ਼ਤਮ ਕੀਤੀ ਜਾਵੇ।

