ਇਕਬਾਲ ਸਿੰਘ ਝੂੰਦਾਂ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲਾਂ ਲਈ ਖਾਰਿਜ: ਗੁਰਪ੍ਰਤਾਪ ਸਿੰਘ ਵਡਾਲਾ

Global Team
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਕਬਾਲ ਸਿੰਘ ਝੂੰਦਾਂ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲਾਂ ਲਈ ਖਾਰਿਜ ਕਰ ਦਿੱਤਾ ਗਿਆ ਹੈ।

ਵਡਾਲਾ ਨੇ ਦੱਸਿਆ ਕਿ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਜਾਂਦਿਆਂ ਪਹਿਲਾਂ ਵੀ ਝੂੰਦਾਂ ਨੇ ਆਪਣੇ ਤੌਰ ‘ਤੇ ਦੋ ਮੀਟਿੰਗਾਂ ਕੀਤੀਆਂ ਸਨ ਜਿੰਨਾਂ ਵਿੱਚ ਹੋਰਨਾਂ ਆਗੂਆਂ ਅਤੇ ਵਰਕਰਾਂ ਨੂੰ ਗੁੰਮਰਾਹ ਕਰਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਉਹਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਚੱਲਣ ਦਾ ਐਲਾਨ ਕੀਤਾ ਹੈ, ਜਦਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਦੂਜੀਆਂ ਪੰਥਕ ਧਿਰਾਂ ਨਾਲ ਏਕਤਾ ਕਰਨ ਲਈ ਇਕ ਤਾਲਮੇਲ ਕਮੇਟੀ ਬਣਾਈ ਹੋਈ ਹੈ ਜੋ ਆਪਣਾ ਕੰਮ ਬਹੁਤ ਸੁਚੱਜੇ ਢੰਗ ਨਾਲ ਕਰ ਰਹੀ ਹੈ।

ਝੂੰਦਾਂ ਨੇ ਏਕਤਾ ਦਾ ਇਹ ਐਲਾਨ ਉਸ ਤਾਲਮੇਲ ਕਮੇਟੀ ਤੋਂ ਬਾਹਰੇ ਹੋ ਕੇ ਕੀਤਾ ਹੈ, ਜਿਸ ਨਾਲ ਜਥੇਬੰਦੀ ਦੇ ਅਨੁਸ਼ਾਸਨ ਅਤੇ ਪੰਥਕ ਏਕਤਾ ਦੇ ਯਤਨਾਂ ਨੂੰ ਵੱਡੀ ਢਾਹ ਲੱਗੀ ਹੈ। ਉਹਨਾਂ ਦੇ ਇਸ ਆਪਹੁਦਰੇਪਣ ਦਾ ਨੋਟਿਸ ਲੈਂਦਿਆਂ ਅਨੁਸ਼ਾਸਨੀ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਇਕ ਵਰਚੁਅਲ ਮੀਟਿੰਗ ਕਰਕੇ ਸਿਫਾਰਸ਼ ਕੀਤੀ ਸੀ ਕਿ ਝੂੰਦਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ‘ਤੇ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਸਮਝੇ ਜਾਣ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment