ਨਵੀ ਦਿੱਲੀ, 22 ਮਾਰਚ : ਦੁਨੀਆ ਦੀ ਸਭ ਤੋਂ ਵੱਡੀ T-20 ਲੀਗ IPL ਦੀ ਸ਼ੁਰੂਆਤ ਅੱਜ ਸ਼ਨੀਵਾਰ ਤੋਂ ਹੋ ਰਹੀ ਹੈ। 65 ਦਿਨਾਂ ਤੱਕ ਚੱਲਣ ਵਾਲੇ ਕ੍ਰਿਕਟ ਦੇ ਇਸ ਫੈਸਟੀਵਲ ਵਿੱਚ ਚੌਕਿਆਂ-ਛੱਕਿਆਂ ਅਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਹੋਵੇਗੀ। ਲੀਗ ਦੇ 18ਵੇਂ ਸੀਜ਼ਨ ਦਾ ਪਹਿਲਾ ਮੈਚ ਸ਼ਨੀਵਾਰ ਨੂੰ ਕੋਲਕਾਤਾ ਦੇ ਈਡਨ ਗੋਰਡਨ ‘ਚ ਮੌਜੂਦਾ ਚੈਂਪੀਅਨ ਕੇਕੇਆਰ ਅਤੇ ਆਰਸੀਬੀ ਵਿਚਾਲੇ ਖੇਡਿਆ ਜਾਵੇਗਾ।
ਇਸ ਤੋਂ ਪਹਿਲਾ ਉਦਘਾਟਨੀ ਸਮਾਰੋਹ ਹੋਵੇਗਾ। ਉਦਘਾਟਨੀ ਸਮਾਰੋਹ ਸ਼ਾਮ 6 ਵਜੇ ਤੋਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਹੋਵੇਗਾ। ਜਿਸ ‘ਚ ਬਾਲੀਵੁੱਡ ਦੇ ਕੁਝ ਸਿਤਾਰੇ ਅਤੇ ਪੰਜਾਬੀ ਗਾਇਕ ਕਰਨ ਔਜਲਾ ਪਰਫਾਰਮੈਂਸ ਦੇਣਗੇ। ਇਸ ਤੋਂ ਇਲਾਵਾ ਦਿਸ਼ਾ ਪਟਾਨੀ, ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਵੀ ਪਰਫਾਰਮ ਕਰਨਗੇ।
ਜੇਕਰ ਪਿੱਚ ਰਿਪੋਰਟ ਦੀ ਗੱਲ ਕੀਤੀ ਜਾਏ ਤਾਂ ਈਡਨ ਗਾਰਡਨ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ 93 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 38 ਮੈਚ ਜਿੱਤੇ ਹਨ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ 55 ਮੈਚ ਜਿੱਤੇ ਹਨ।
ਮੰਨਿਆ ਜਾ ਰਿਹਾ ਹੈ ਕਿ 22 ਮਾਰਚ ਨੂੰ ਕੋਲਕਾਤਾ ਦਾ ਮੌਸਮ ਠੀਕ ਨਹੀਂ ਰਹੇਗਾ। ਸਵੇਰ ਦੇ ਸਮੇਂ ਕੁਝ ਹਿੱਸਿਆਂ ਵਿੱਚ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਦਿਨ ਭਰ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ 74% ਹੈ। ਇਸ ਦਿਨ ਇੱਥੇ ਤਾਪਮਾਨ 21 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਸੁਨੀਲ ਨਰਾਇਣ, ਕੁਇੰਟਨ ਡੀ ਕਾਕ (ਵਿਕਟਕੀਪਰ), ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ/ਮਨੀਸ਼ ਪਾਂਡੇ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਸਪੈਂਸਰ ਜੌਹਨਸਨ, ਵੈਭਵ ਅਰੋੜਾ, ਹਰਸ਼ਿਤ ਰਾਣਾ ਅਤੇ ਵਰੁਣ।
ਰਾਇਲ ਚੈਲੇਂਜਰਜ਼ ਬੰਗਲੌਰ: ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਫਿਲ ਸਾਲਟ, ਲਿਆਮ ਲਿਵਿੰਗਸਟਨ, ਜਿਤੇਸ਼ ਸ਼ਰਮਾ, ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ, ਅਤੇ ਸੁਯਸ਼ ਸ਼ਰਮਾ।