ਕੈਨੇਡਾ ਦੀ ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਲੁੱਟਣ ਲਈ ਕਰ ਰਹੀ ਫੇਲ੍ਹ! ਪੀੜਤਾਂ ‘ਚ ਜ਼ਿਆਦਾਤਰ ਪੰਜਾਬੀ

Global Team
2 Min Read

ਓਨਟਾਰੀਓ: ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਅਲਗੋਮਾ ਯੂਨੀਵਰਸਿਟੀ ‘ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੱਡੇ ਦੋਸ਼ ਲਗਾਏ ਹਨ। ਦਰਅਸਲ, ਯੂਨੀਵਰਸਿਟੀ ਨੇ ਸਿਸਟਮ ਵਿਸ਼ਲੇਸ਼ਣ ਦੇ ਤਕਨੀਕੀ ਸਿਖਲਾਈ ਕੋਰਸ ਵਿਚ 230 ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 132 ਨੂੰ ਫੇਲ੍ਹ ਕਰ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀ ਬੀਤੇ ਹਫਤੇ ਤੋਂ ਯੂਨੀਵਰਸਿਟੀ ਖ਼ਿਲਾਫ਼ ਰੋਸ ਵਿਖਾਵਾ ਕਰ ਰਹੇ ਹਨ। ਇਨ੍ਹਾਂ ਪੀੜਤ ਵਿਦਿਆਰਥੀਆਂ ਵਿਚ ਵਧੇਰੇ ਪੰਜਾਬੀ ਵੀ ਸ਼ਾਮਲ ਹਨ। ਦੋਸ਼ ਹੈ ਕਿ ਯੂਨੀਵਰਸਿਟੀ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਮੁੜ-ਨਾਮਜ਼ਦਗੀ ਦੇ ਨਾਂ ‘ਤੇ ਫੀਸਾਂ ਤੋਂ ਮੋਟਾ ਮੁਨਾਫਾ ਕਮਾਉਣਾ ਚਾਹੁੰਦੀ ਹੈ।

ਪਿਛਲੇ ਐਤਵਾਰ ਵੀ ਅਲਗੋਮਾ ਯੁਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਵਿਚ ਰੋਸ ਵਿਖਾਵਾ ਜਾਰੀ ਰੱਖਿਆ। ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (ਐੱਮ. ਬਾਈ. ਐਸ. ਓ.) ਇਨ੍ਹਾਂ ਵਿਦਿਆਰਥੀਆਂ ਦੇ ਅੰਦੋਲਨ ਦਾ ਸਮਰਥਨ ਕਰ ਰਹੀ ਹੈ।

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਅਲਗੋਮਾ ਯੂਨੀਵਰਸਿਟੀ ਵਿਚ ਵਧੇਰੇ ਵਿਦਿਆਰਥੀ ਪੰਜਾਬੀ ਮੂਲ ਦੇ ਹਨ। ਦੱਸ ਦੇਈਏ ਕਿ ਇਕ ਅੰਦਾਜ਼ੇ ਮੁਤਾਬਕ ਪੰਜਾਬੀ ਹਰ ਸਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਪੜ੍ਹਾਉਣ ਲਈ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਕ ਸੂਚਨਾ ਤਕਨਾਲੋਜੀ ਦੇ ਪ੍ਰੋਫੈਸਰ ਨੇ 130 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਇਕ ਵਿਦਿਆਰਥੀ ਨੇ ਕਿਹਾ ਕਿ ਇਹ ਸਾਰੀ ਖੇਡ ਮੁੜ-ਪ੍ਰੀਖਿਆ ਫੀਸ ਵਸੂਲਣ ਦੀ ਚਾਲ ਹੈ। ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (ਮਾਈ. ਵਾਈ. ਐੱਸ. ਓ.) ਦਾ ਕਹਿਣਾ ਹੈ ਕਿ ਇੰਨੇ ਸਾਰੇ ਵਿਦਿਆਰਥੀਆਂ ਨੂੰ ਫੇਲ ਕਰਕੇ ਅਲਗੋਮਾ ਮੁੜ-ਨਾਮਜ਼ਦਗੀ ਦੇ ਲਈ ਪ੍ਰਤੀ ਵਿਦਿਆਰਥੀ ਤੋਂ ਵੱਧ ਤੋਂ ਵੱਧ 3,500 ਡਾਲਰ ਫੀਸ ਵਸੂਲਣ ਦੀ ਤਾਕ ਵਿਚ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਅਲਗੋਮਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਘੱਟ ਆ ਰਹੀਆਂ ਹਨ। ਐੱਮ.ਵਾਈ.ਐੱਸ.ਓ. ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਿੱਥੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਫੇਲ੍ਹ ਹੋਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment