ਲਖਨਊ : ਨਿਰਭਿਯਾ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਲਈ ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਵੀ ਨਿਰਭਿਯਾ ਕੇਸ ਦੇ ਦੋਸ਼ੀਆਂ ਨੂੰ ਜਲਦ ਫਾਂਸੀ ਦੇਣ ਦੀ ਮੰਗ ਕਰਦਿਆਂ ਭੁੱਖ ਹੜਤਾਲ ‘ਤੇ ਵੀ ਬੈਠੀ ਸੀ। ਬੀਤੇ ਕੱਲ੍ਹ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਤਾਂ ਇਸ ਦੌਰਾਨ ਅੰਤਰਰਾਸ਼ਟਰੀ ਸ਼ੂਟਰ ਵਰਤਿਕਾ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਖੂਨ ਨਾਲ ਪੱਤਰ ਲਿਖ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਵਰਤਿਕਾ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਨਿਰਭਿਯਾ ਕੇਸ ਦੇ ਚਾਰਾਂ ਦੋਸ਼ੀਆਂ ਨੂੰ ਕਿਸੇ ਔਰਤ ਵੱਲੋਂ ਫਾਂਸੀ ਦਿੱਤੀ ਜਾਵੇ। ਉਨ੍ਹਾਂ ਲਿਖਿਆ ਕਿ ਉਹ ਖੁਦ ਆਪਣੇ ਹੱਥਾਂ ਨਾਲ ਚਾਰਾਂ ਨੂੰ ਫਾਂਸੀ ਦੇਣਾ ਚਾਹੁੰਦੀ ਹੈ। ਵਰਤਿਕਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਦੇਸ਼ ਵਿੱਚ ਇੱਕ ਸੰਦੇਸ਼ ਜਾਵੇਗਾ ਕਿ ਔਰਤਾਂ ਵੀ ਫਾਂਸੀ ਦੇ ਸਕਦੀਆਂ ਹਨ। ਵਰਤਿਕਾ ਅਨੁਸਾਰ ਅਜਿਹਾ ਕਰਨ ਨਾਲ ਬਹੁਤ ਜਿਆਦਾ ਬਦਲਾਅ ਆਵੇਗਾ। ਵਰਤਿਕਾ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਮਹਿਲਾ ਸੰਸਦ ਉਸ ਦੀ ਮੰਗ ਦਾ ਸਮਰਥਨ ਕਰਨ।
ਦੱਸ ਦੇਈਏ ਕਿ ਨਿਰਭਿਯਾ ਸਮੂਹਕ ਬਲਾਤਕਾਰ ਮਾਮਲੇ ਵਿੱਚ ਚਾਰ ਦੋਸ਼ੀਆਂ ਪਵਨ, ਮੁਕੇਸ਼, ਅਕਸ਼ੇ ਅਤੇ ਵਿਨੈ ਨੂੰ ਫਾਂਸੀ ਦੇਣ ਦੀ ਪਟੀਸ਼ਨ ‘ਤੇ 18 ਦਸੰਬਰ ਨੂੰ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਨਿਰਭਿਯਾ ਦੀ ਮਾਂ ਨੇ ਕਿਹਾ ਹੈ ਕਿ ਚਾਰੋਂ ਦੋਸ਼ੀ ਮੌਤ ਦੀ ਸਜ਼ਾ ਤੋਂ ਬਚਣ ਲਈ ਕਾਨੂੰਨੀ ਚਾਲਾਂ ਅਪਣਾ ਰਹੇ ਹਨ। ਉਸ ਨੂੰ ਉਮੀਦ ਹੈ ਕਿ 18 ਦਸੰਬਰ ਨੂੰ ਹਾਈ ਕੋਰਟ ਤੋਂ ਅੰਤਮ ਫੈਸਲਾ ਆਵੇਗਾ ਅਤੇ ਮੌਤ ਦੇ ਵਾਰੰਟ ਜਾਰੀ ਹੋਣ ਤੋਂ ਬਾਅਦ ਹੀ ਸਾਰੇ ਚਾਰਾਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ।