-ਅਵਤਾਰ ਸਿੰਘ
ਕਰੋਨਾ ਵਾਇਰਸ ਦੇ ਮੌਜੂਦਾ ਦੌਰ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਅਹਿਮ ਭੂਮਿਕਾ ਹੈ। ਅੱਜ ਉਨ੍ਹਾਂ ਨੂੰ ਆਪਣੇ ਪਰਿਵਾਰ ਛੱਡ ਕੇ ਲੰਮਾ ਸਮਾਂ ਡਿਊਟੀ ਕਰਨੀ ਪੈਂਦੀ ਹੈ। ਨਰਸਾਂ ਨੂੰ ਆਪਣੀ ਸਖਤ ਤੋਂ ਸਖਤ ਡਿਊਟੀ ਕਰਨੀ ਪੈਂਦੀ ਹੈ। ਇਸ ਸਟਾਫ ਨੂੰ ਮਨੁੱਖਤਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨੇ ਪੈਂਦੇ ਹਨ। ਨਰਸਿੰਗ ਕਿੱਤੇ ਦੀ ਜਨਮਦਾਤੀ ਫਲੋਰੈਂਸ ਨਾਈਟਿੰਗੇਲ ਜਿਸ ਨੂੰ ‘ਲੈਂਪ ਵਾਲੀ ਦੇਵੀ’ ਵੀ ਕਿਹਾ ਜਾਂਦਾ ਹੈ, ਦਾ ਜਨਮ ਫਲੋਂਰੈਂਸ, ਇਟਲੀ ਵਿੱਚ 12-5-1820 ਨੂੰ ਹੋਇਆ। ਬਚਪਨ ਤੋਂ ਹੀ ਪੜਨ ਲਿਖਣ ਅਤੇ ਸਮਾਜ ਸੇਵਾ ਵੱਲ ਰੁਚੀ ਸੀ।
1853 ਵਿੱਚ ਉਸਨੇ ਨਰਸਿੰਗ ਦੀ ਟਰੇਨਿੰਗ ਕੀਤੀ ਅਤੇ ਇੰਗਲੈਂਡ ਦੇ ਇਕ ਹਸਪਤਾਲ ਵਿੱਚ ਕੰਮ ਕਰਨ ਲੱਗੀ। ਹਸਪਤਾਲ ਦੇ ਵਾਰਡਾਂ ਦੀ ਸਫਾਈ, ਰੋਗੀਆਂ ਲਈ ਗਰਮ ਪਾਣੀ,ਪੌਸ਼ਟਿਕ ਭੋਜਨ ਆਦਿ ਦਾ ਖਿਆਲ ਰੱਖਣਾ ਉਸਦਾ ਨਿੱਤ ਨੇਮ ਸੀ।
1854 ਵਿੱਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ। ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਵਿੱਚ ਫੌਜੀ ਜਖ਼ਮੀ ਹੋਏ। ਬਰਤਾਨੀਆ ਸਰਕਾਰ ਨੇ ਫਲੋਂਰੈਂਸ ਦੀ ਅਗਵਾਈ ਹੇਠ ਨਰਸਾਂ ਦੀ ਇਕ ਟੋਲੀ ਤੁਰਕੀ ਜਿਥੇ ਲੜਾਈ ਹੋ ਰਹੀ ਸੀ ਭੇਜੀ।
ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ ਪਰ ਉਸਨੇ ਦਿਨ ਰਾਤ ਨੀਂਦ ਦੀ ਬਿਨਾ ਪ੍ਰਵਾਹ ਕੀਤੇ ਤੜਫ ਰਹੇ ਫੌਜੀਆਂ ਦੀ ਮਲਮ ਪੱਟੀ ਤੇ ਸੇਵਾ ਕੀਤੀ। ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ ‘ਲੇਡੀ ਵਿਦ ਦਾ ਲੈਂਪ’ ਰੱਖਿਆ।
ਉਸੇ ਸਾਲ 1854 ਵਿੱਚ ਕਰੀਮੀਆ ਦਾ ਯੁੱਧ ਛਿੜ ਗਿਆ ਜਿਥੇ ਫੌਜੀਆਂ ਦਾ ਇਲਾਜ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਵਿੱਚ ਪਹੁੰਚ ਕੇ ਜਖ਼ਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਲਵੇ।ਉਹ ਉਥੇ ਪਹੁੰਚ ਕੇ ਸਿਰ ਤੇ ਸਫੈਦ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਨ ਕੇ ਫੌਜੀਆਂ ਦੀ ਹੱਥ ਵਿੱਚ ਲੈਂਪ ਲੈ ਕੇ ਰਾਤ ਦਿਨ ਮਲਮ ਪੱਟੀ ਤੇ ਸੇਵਾ ਕਰਦੀ।
1907 ਵਿੱਚ ਉਸਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿਜੀ ਤੌਰ ‘ਤੇ ਬੁਲਾ ਕੇ ‘ਆਰਟ ਆਫ ਮੈਰਿਟ’ ਅਤੇ 1908 ਵਿੱਚ ‘ਫਰੀਡਮ ਆਫ ਦਾ ਸਿਟੀ ਆਫ ਲੰਡਨ’ ਦੀ ਉਪਾਧੀ ਦਿਤੀ।
ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ ‘ਰੈੱਡ ਕਰਾਸ ਅੰਦੋਲਨ’ ਦੀ ਆਗੂ ਐਲਾਨਿਆ। ਇਸ ਕਿੱਤੇ ਵਿੱਚ ਰਹਿੰਦੇ ਹੋਏ ਇਨਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈਡ ਕਰਾਸ, ਆਡਰ ਆਫ ਮੈਰਿਟ ਆਦਿ ਨਾਲ ਵੀ ਸਨਮਾਨਿਆ ਗਿਆ।
13 ਅਗਸਤ 1910 ਵਿੱਚ ਲੈਂਪ ਵਾਲੀ ਦੇਵੀ ਫਲੋਰੈਂਸ ਨਾਈਟਿੰਗੇਲ ਇੰਗਲੈਂਡ ਵਿਚ ਸੰਸਾਰ ਨੂੰ ਅਲਵਿਦਾ ਕਹਿ ਗਈ। ਕੌਮਾਂਤਰੀ ਨਰਸਿਜ਼ ਦਿਵਸ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੋਈ ਜੋ ਯੂਨਾਈਟਡ ਸਟੇਟਸ ਦੇ ਸਿਹਤ ਸਿਖਿਆ ਵਿਭਾਗ ਦੇ ਇਕ ਅਫਸਰ ਨੇ ਆਪਣੇ ਪੱਧਰ ‘ਤੇ ਕੀਤੀ ਸੀ।
ਇੰਟਰਨੈਸ਼ਨਲ ਕੌਂਸਲ ਆਫ ਨਰਸਿਜ਼ ਨੇ 1965 ਵਿੱਚ ਪਹਿਲੀਵਾਰ ਨਰਸਿਜ਼ ਦਿਵਸ ਮਨਾਇਆ।1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਨਰਸਿਜ਼ ਦਿਵਸ ਮਨਾਉਣ ਦੀ ਪ੍ਰਵਾਨਗੀ ਦਿੱਤੀ “ਕਈ ਦੇਸ਼ਾਂ ਵਿੱਚ 2003 ਤੋਂ 6 ਮਈ ਤੋਂ 12 ਮਈ ਤਕ ਨਰਸਿਜ਼ ਹਫਤਾ ਮਨਾਇਆ ਜਾਂਦਾ ਹੈ।
ਇਸ ਦਿਨ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।ਪੈਰਾਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ ਹੈ। ਡਾਕਟਰ ਦੇ ਕਹਿਣ ਤੇ ਨਰਸ ਆਪਣੇ ਵਾਰਡ ਵਿੱਚ ਦਾਖਲ ਮਰੀਜਾਂ ਨੂੰ ਸਮੇਂ ਸਿਰ ਦਵਾਈ ਦਿੰਦੀ ਤੇ ਉਨਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ।
ਮਰੀਜਾਂ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਹੈ ਜੋ ਜਰੂਰੀ ਵੀ ਹੈ ਕਿਉਕਿ ਦਵਾਈ ਦੇ ਨਾਲ ਹੌਂਸਲਾ ਵੀ ਜਰੂਰੀ ਹੈ। ਜਨਤਕ ਸਿਹਤ ਕੇਂਦਰਾਂ ਵਿਚ ਕੁਝ ਕੁ ਨਰਸਾਂ ਦਾ ਵਿਹਾਰ ਸਦਾ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ ਕਿਉਕਿ ਇਨ੍ਹਾਂ ਕੇਂਦਰਾਂ ਵਿੱਚ ਜਾਣ ਵਾਲੇ ਮਰੀਜ ਅਨਪੜ੍ਹ ਤੇ ਗਰੀਬ ਹੁੰਦੇ ਹਨ ਉਹ ਇਨ੍ਹਾਂ ਨੂੰ ਟਿਚ ਹੀ ਜਾਣਦੀਆਂ ਹਨ। ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੀਆਂ।
ਦੇਸ਼ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ 2020 ਤੱਕ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ। ਨਰਸ ਦਿਵਸ ‘ਤੇ ਨਰਸਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ‘ਚ ਲਾਉਣ ਤੇ ਲੋਕਾਂ ਦੀ ਵੱਧ ਤੋੰ ਵੱਧ ਸੇਵਾ ਕਰਨ।