ਨਵਦੀਪ ਸਿੰਘ ਗਿੱਲ
ਅੱਜ 21 ਫਰਵਰੀ ਨੂੰ ਕੁੱਲ ਦੁਨੀਆ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਭਾਸ਼ਾਈ ਖਿੱਤੇ ਦੇ ਵਾਸੀਆਂ ਲਈ ਮਾਣ ਵਾਲਾ ਦਿਨ ਹੁੰਦਾ ਜਦੋਂ ਉਸ ਨੂੰ ਆਪਣੀ ਮਾਂ ਬੋਲੀ ਦਾ ਦਿਨ ਦਿਨ ਮਨਾਉਣ ਦਾ ਮੌਕਾ ਮਿਲਦਾ ਹੈ। ਆਮ ਤੌਰ ਉਤੇ ਹਰ ਦਿਵਸ ਤੇ ਤਿਉਹਾਰ ਇੱਕੋ ਨਾਮ ਹੇਠ ਮਨਾਇਆ ਜਾਂਦਾ ਹੈ ਪਰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਤਾਂ ਆਲਮੀ ਪੱਧਰ ਉੱਤੇ ਜਾਂਦਾ ਹੈ ਪਰ ਹਰ ਖਿੱਤੇ ਦੇ ਲੋਕ ਆਪੋ-ਆਪਣੀ ਮਾਂ ਬੋਲੀ ਦਾ ਦਿਨ ਮਨਾਉਂਦੇ ਹਨ ਜਿਵੇਂ ਪੰਜਾਬੀ, ਮਰਾਠੀ, ਬੰਗਲਾ, ਕੰਨੜ, ਤੇਲਗੂ, ਤਾਮਿਲ ਆਦਿ।
ਸਾਲ 2000 ਵਿੱਚ ਪਹਿਲੀ ਵਾਰ 21 ਫ਼ਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ ਸੀ। ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਹਰ ਸਾਲ 21ਫ਼ਰਵਰੀ ਨੂੰ ਇਹ ਦਿਹਾੜਾ ਮਨਾਉਣ ਬਾਰੇ ਫੈਸਲਾ ਕੀਤਾ ਗਿਆ ਸੀ। 21 ਫਰਵਰੀ 2000 ਤੋਂ ਬਾਅਦ ਹਰ ਸਾਲ ਇਹ ਦਿਵਸ ਮਨਾਇਆ ਜਾਂਦਾ ਹੈ।
ਮਾਂ ਬੋਲੀ ਉਹ ਹੁੰਦੀ ਹੈ ਜੋ ਮਨੁੱਖ ਆਪਣੇ ਮਾਂ ਦੇ ਗਰਭ ਤੋਂ ਹੀ ਸਿੱਖ ਕੇ ਜਨਮ ਲੈੰਦਾ ਹੈ। ਇਸੇ ਲਈ ਕਿਹਾ ਜਾਂਦਾ ਜੋ ਸਿੱਖਿਆ ਬੱਚਾ ਮਾਤ ਭਾਸ਼ਾ ਵਿੱਚ ਹਾਸਲ ਕਰ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ। ਮਨੁੱਖ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਸਭ ਤੋਂ ਵਧੀਆ ਤਰੀਕੇ ਨਾਲ ਆਪਣੀ ਮਾਂ ਬੋਲੀ ਵਿੱਚ ਹੀ ਦੇ ਸਕਦਾ ਹੈ, ਇਸ ਲਈ ਆਪਣੀ ਮਾਤ ਭਾਸ਼ਾ ਵਿੱਚ ਸਭ ਨੂੰ ਮਾਣ ਹੁੰਦਾ ਹੈ। ਮਹਾਨ ਰੂਸੀ ਲੇਖਕ ਰਸੂਲ ਹਮਜ਼ਾਤੋਵ ਨੇ ਲਿਖਿਆ ਹੈ, “ਜੇ ਕਿਸੇ ਨੂੰ ਬਦ ਦੁਆਂ ਦੇਣੀ ਹੋਵੇ ਤਾਂ ਉਸ ਨੂੰ ਕਹਿ ਦੇਵੋ ਜਾ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ।” ਪੰਜਾਬੀ ਵਿੱਚ ਵੀ ਕਿਹਾ ਜਾਂਦਾ ਹੈ, “ ਮਾਂ ਬੋਲੀ ਜੇ ਭੁੱਲ ਜਾਵੋਗੇ, ਕੱਖਾਂ ਵਾਂਗੂ ਰੁਲ ਜਾਵੋਗੇ”
ਪੰਜਾਬ ਸੂਬੇ ਦਾ ਗਠਨ ਹੀ ਭਾਸ਼ਾਈ ਆਧਾਰ ਉੱਤੇ ਹੋਇਆ ਹੈ। ਪਟਿਆਲਾ ਵਿਖੇ ਸਥਾਪਤ ਪੰਜਾਬੀ ਯੂਨੀਵਰਸਿਟੀ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ ਜਿਹੜੀ ਬੋਲੀ ਦੇ ਨਾਮ ਉੱਪਰ ਬਣੀ ਹੈ। ਪੰਜਾਬੀ ਸਭ ਤੋਂ ਵੱਧ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ, ਉਸ ਤੋਂ ਬਾਅਦ ਭਾਰਤ ਅਤੇ ਫੇਰ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਯੂਰੋਪੀਅਨ ਤੇ ਖਾੜੀ ਮੁਲਕਾਂ ਵਿੱਚ ਵੀ ਬੋਲੀ ਜਾਂਦੀ ਹੈ।
ਪਿਛਲੇ ਕੁਝ ਅਰਸੇ ਤੋਂ ਪੰਜਾਬੀ ਬੋਲੀ ਹਿਤੈਸ਼ੀਆਂ ਵੱਲੋਂ ਮਾਂ ਬੋਲੀ ਦੀ ਹੋਂਦ ਵਾਸਤੇ ਸੰਘਰਸ਼ ਵੀ ਸ਼ੁਰੂ ਕੀਤੇ ਗਏ ਹਨ। ਇਹ ਸੰਘਰਸ਼ ਉਦੋਂ ਸ਼ੁਰੂ ਹੋਇਆ ਜਦੋਂ ਯੂਨੈਸਕੋ ਵੱਲੋਂ ਆਪਣੀ ਇਕ ਰਿਪੋਰਟ ਵਿੱਚ ਕਿਹਾ ਗਿਆ ਕਿ ਪੰਜਾਬੀ ਉਨ੍ਹਾਂ ਬੋਲੀਆਂ ਵਿੱਚੋਂ ਇਕ ਹੈ ਜਿਹੜੀ ਇਕ ਦਿਨ ਖਤਮ ਹੋ ਜਾਵੇਗੀ। ਅਸਲ ਵਿੱਚ ਆਉਣ ਵਾਲੀ ਪੀੜ੍ਹੀ ਮਾਂ ਬੋਲੀ ਤੋਂ ਬੇਮੁੱਖ ਹੋ ਰਹੀ ਹੈ ਜਿਸ ਕਾਰਨ ਇਸ ਦੇ ਅਲੋਪ ਹੋਣ ਦਾ ਡਰ ਮੰਡਰਾਉਣ ਲੱਗ ਗਿਆ। ਸਾਨੂੰ ਪੰਜਾਬੀਆਂ ਨੂੰ ਮੁਕਾਬਲੇ ਦੇ ਯੁੱਗ ਵਿੱਚ ਕੌਮਾਂਤਰੀ ਸੰਚਾਰ ਦੀ ਮੁੱਖ ਭਾਸ਼ਾ ਅੰਗਰੇਜ਼ੀ ਜ਼ਰੂਰ ਸਿੱਖਣੀ ਚਾਹੀਦੀ ਹੈ ਪਰ ਉਹ ਮਾਂ ਬੋਲੀ ਦੀ ਕੀਮਤ ਉਤੇ ਨਹੀਂ।
ਪੰਜਾਬੀ ਨੂੰ ਬਚਾਉਣ ਲਈ ਸ਼ੁਰੂ ਹੋਏ ਉਪਰਾਲਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਮਾਂ ਬੋਲੀ ਬੋਲਣ, ਲਿਖਣ ਤੇ ਪੜ੍ਹਨ ਵਿੱਚ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ, ਸਗੋਂ ਮਾਣ ਹੋਣਾ ਚਾਹੀਦਾ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਰਾਹੀਂ ਮਾਂ ਬੋਲੀ ਦਾ ਝੰਡਾ ਹੋਰ ਬੁਲੰਦ ਹੁੰਦਾ ਹੈ। ਤਕਨਾਲੋਜੀ ਦੇ ਯੁੱਗ ਵਿੱਚ ਆਧੁਨਿਕ ਸੰਚਾਰ ਸਾਧਨਾਂ ਉੱਤੇ ਪੰਜਾਬੀ ਬੋਲੀ ਦੇ ਫੌਂਟ ਜਿਸ ਨੂੰ ਅਸੀਂ ਯੂਨੀਕੋਡ ਜਾਂ ਰਾਵੀ ਫੌਂਟ ਆਖਦੇ ਹਾਂ, ਰਾਹੀਂ ਹਰ ਪੰਜਾਬੀ ਸੋਸ਼ਲ ਮੀਡੀਆ ਉੱਪਰ ਆਪਣੀਆਂ ਪੋਸਟਾਂ ਪੰਜਾਬੀ ਭਾਸ਼ਾ ਵਿੱਚ ਪਾਉਂਦਾ ਹੈ ਜਿਸ ਨਾਲ ਮਾਂ ਬੋਲੀ ਦਾ ਹੋਰ ਪ੍ਰਚਾਰ ਤੇ ਪਸਾਰ ਹੁੰਦਾ ਹੈ।
ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਉੱਤੇ ਪੰਜਾਬੀ ਦੇ ਮਹਾਨ ਸ਼ਾਇਰ ਫ਼ੀਰੋਜ਼ਦੀਨ ਸ਼ਰਫ਼ ਦੀ ਨਿਮਨਲਿਖਤ ਸਤਰਾਂ ਸਭ ਤੋਂ ਵੱਧ ਢੁੱਕਦੀਆਂ ਹਨ।
ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ,
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ ।
ਸਮਝਾਂ ਉਰਦੂ, ਹਿੰਦੀ ਵੀ ਖੂਬ ਬੋਲਾਂ,
ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ ।
ਬੋਲੀ ਆਪਣੀ ਨਾਲ ਪਿਆਰ ਰੱਖਾਂ,
ਇਹ ਗੱਲ ਆਖਣੋਂ ਕਦੀ ਨਾਂ ਸੰਗਦਾ ਹਾਂ ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ ।
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ ।
ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ ।
ਰਵਾਂ ਇੱਥੇ ਤੇ ਯੂ. ਪੀ. ‘ਚਿ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ।