-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
(ਕੌਮਾਂਤਰੀ ਅੱਗ ਬੁਝਾਊ ਦਸਤੇ ਦਿਵਸ ‘ਤੇ) ਅੱਗ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਜਾਂ ਪ੍ਰਕਿਰਤੀ ਵੱਲੋਂ ਬੜੀ ਮਿਹਨਤ ਨਾਲ ਤੇ ਸਾਲਾਂ ਬੱਧੀ ਸਮਾਂ ਖ਼ਰਚ ਕਰਕੇ ਬਣਾਈਆਂ ਵਸਤਾਂ, ਇਮਾਰਤਾਂ, ਕੱਪੜਿਆਂ, ਰੁੱਖਾਂ, ਮਨੁੱਖਾਂ, ਪਸ਼ੂਆਂ ਤੇ ਪੰਛੀਆਂ ਨੂੰ ਘੜੀਆਂ ਪਲਾਂ ਵਿੱਚ ਸਾੜ੍ਹ ਕੇ ਸੁਆਹ ਕਰ ਦਿੰਦੀ ਹੈ। ਜਦੋਂ ਕਿਧਰੇ ਵੀ ਅੱਗ ਲੱਗਦੀ ਹੈ ਤਾਂ ਉੱਥੇ ਮੌਜੂਦ ਹਰ ਸ਼ਖ਼ਸ਼ ਜਾਂ ਜੀਵ ਉਸ ਥਾਂ ਤੋਂ ਦੂਰ ਭੱਜਣ ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ ਕਰਦਾ ਹੈ ਪਰ ਫ਼ਾਇਰ ਬ੍ਰਿਗੇਡ ਦੇ ਅੱਗ ਬੁਝਾਊ ਦਸਤੇ ਦੇ ਮੈਂਬਰ ਉਹ ਸਿਰੜੀ ਯੋਧੇ ਹੁੰਦੇ ਹਨ ਜੋ ਆਪਣੀਆਂ ਜਾਨਾਂ ਤਲੀ ‘ਤੇ ਧਰ ਕੇ ਉਸ ਸਥਾਨ ਵੱਲ ਨੂੰ ਹੋ ਤੁਰਦੇ ਹਨ ਜੋ ਅੱਗ ਦੇ ਭਾਂਬੜਾਂ ਨਾਲ ਮੱਚਿਆ ਹੁੰਦਾ ਹੈ ਤੇ ਜਿੱਥੇ ਤਾਪਮਾਨ ਬਹੁਤ ਹੀ ਖ਼ਤਰਨਾਕ ਹੱਦ ਤੱਕ ਵਧ ਚੁੱਕਿਆ ਹੁੰਦਾ ਹੈ। ਅਜਿਹੇ ਸਮੂਹ ਸੂਰਮਿਆਂ ਦੀ ਸੂਰਬੀਰਤਾ ਨੂੰ ਸਲਾਮ ਕਰਨ ਹਿੱਤ ਕੌਮਾਂਤਰੀ ਪੱਧਰ ‘ਤੇ ‘ਫਾਇਰ ਫਾਈਟਰਜ਼ ਡੇਅ’ ਅੱਜ ਦੇ ਦਿਨ 4 ਮਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ।
ਦਰਅਸਲ ਸੰਨ 1999 ਵਿੱਚ ਆਸਟ੍ਰੇਲਿਆ ਦੇ ਲੰਟਨ ਖੇਤਰ ਵਿੱਚ ਰੁੱਖਾਂ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ ਸਮੇਂ ਫ਼ਾਇਰ ਬ੍ਰਿਗੇਡ ਦੇ ਪੰਜ ਯੋਧੇ ਸਰਬ ਸ੍ਰੀ ਗੈਰੀ ਡੈਵਲੱਟ, ਕ੍ਰਿਸ ਈਵਨਜ਼, ਸਟੂਅਰਟ ਡੇਵਿਡਸਨ, ਜੇਸਨ ਥੌਮਸ ਅਤੇ ਮੈਥਿਊ ਆਰਮਸਟ੍ਰਾਂਗ ਸ਼ਹੀਦੀਆਂ ਪਾ ਗਏ ਸਨ। ਇਨ੍ਹਾ ਯੋਧਿਆਂ ਦੀ ਯਾਦ ਵਿੱਚ ਇੱਕ ਦਿਨ ਨਿਰਧਾਰਤ ਕਰਨ ਦੇ ਮਕਸਦ ਨਾਲ ਦੁਨੀਆ ਭਰ ਵਿੱਚ ਕਰੋੜਾਂ ਹੀ ਈਮੇਲ ਕੀਤੇ ਗਏ ਸਨ। ਇਸ ਘਟਨਾ ਤੋਂ ਪ੍ਰੇਰਿਤ ਹੋ ਕੇ ਜੇ.ਜੇ.ਐਡਮੰਡਸਨ ਨੇ ਅਪੀਲ ਕੀਤੀ ਸੀ ਕਿ ਅੱਗ ਲੱਗਣ ਦੇ ਹਾਦਸਿਆਂ ਸਮੇਂ ਆਪਣੀਆਂ ਜਾਨਾਂ ਜੋਖ਼ਿਮ ‘ਚ ਪਾ ਕੇ ਦੂਜਿਆਂ ਦੀਆਂ ਜਾਨਾਂ ਤੇ ਸਮਾਨ ਦੀ ਰਾਖੀ ਕਰਨ ਵਾਲੇ ਬਹਾਦਰ ਜਵਾਨਾਂ ਲਈ ਕੌਮਾਂਤਰੀ ਪੱਧਰ ‘ਤੇ ਨਿਸ਼ਿਚਿਤ ਕਰਕੇ ਘੱਟੋ ਘੱਟ ਇੱਕ ਦਿਨ ਤਾਂ ਜ਼ਰੂਰ ਮਨਾਉਣਾ ਚਾਹੀਦਾ ਹੈ। ਐਡਮੰਡਸਨ ਨੇ ਨੀਲੇ ਤੇ ਲਾਲ ਰੰਗਾਂ ਦੇ ਰਿਬਨ ਲੈ ਕੇ ਇੱਕ ਚਿੰਨ੍ਹ ਵੀ ਤਿਆਰ ਕੀਤਾ ਸੀ ਜਿਸ ਵਿੱਚ ਸ਼ਾਮਿਲ ਲਾਲ ਰੰਗ ਅੱਗ ਦਾ ਅਤੇ ਨੀਲਾ ਰੰਗ ਪਾਣੀ ਦਾ ਪ੍ਰਤੀਕ ਸੀ।
ਉਂਜ ਜੇਕਰ ਅੱਗ ਬੁਝਾਉਣ ਵਾਲੇ ਯੋਧਿਆਂ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੰਤ ਫਲੋਰਿਨ ਨੂੰ ਅੱਗ ਬੁਝਾਊ ਯੋਧਿਆਂ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸਦਾ ਜੀਵਨ ਕਾਲ ਤੀਜੀ ਸ਼ਤਾਬਦੀ ਵਿੱਚ ਰੋਮ ਵਿਖੇ ਬੀਤਿਆ ਦੱਸਿਆ ਜਾਂਦਾ ਹੈ। ਉਹ ਉਸ ਵਕਤ ਦੀ ਇੱਕ ਬਟਾਲੀਅਨ ਦਾ ਪਹਿਲਾ ਕਮਾਂਡਿੰਗ ਫ਼ਾਇਰ ਅਫ਼ਸਰ ਸੀ। ਕਿਹਾ ਜਾਂਦਾ ਹੈ ਕਿ ਉਸਨੇ ਇਕੱਲੇ ਨੇ ਹੀ ਇੱਕ ਬਾਲਟੀ ਵਿੱਚ ਪਾਣੀ ਭਰ ਭਰ ਕੇ ਇੱਕ ਪੂਰੇ ਪਿੰਡ ਨੂੰ ਸਾੜ੍ਹ ਦੇਣ ਵਾਲੀ ਅੱਗ ਬੁਝਾਇਆ ਸੀ। 4 ਮਈ ਦੇ ਸੁਭਾਗੇ ਦਿਨ ਇਸ ਸੰਤ ਦਾ ਸਨਮਾਨ ਕੀਤਾ ਗਿਆ ਸੀ ਤੇ ਇਸ ਕਰਕੇ ਉਸਦੇ ਮਾਣ ਵਿੱਚ ਇਹ ਦਿਨ ਕੌਮਾਂਤਰੀ ਫ਼ਾਇਰ ਫਾਈਟਰਜ਼ ਡੇਅ ਵਜੋਂ ਹਰ ਸਾਲ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ।
ਅੱਗ ਬੁਝਾਊ ਦਸਤਿਆਂ ਵਿੱਚ ਕੇਵਲ ਪੁਰਸ਼ ਹੀ ਜਾਨਾਂ ਖ਼ਤਰੇ ‘ਚ ਪਾ ਕੇ ਕੰਮ ਨਹੀਂ ਕਰਦੇ ਹਨ ਸਗੋਂ ਔਰਤਾਂ ਵੀ ਇਸ ਖ਼ਤਰਨਾਕ ਅਤੇ ਦਿਲ ਕੰਬਾਊ ਕਾਰਜ ਨੂੰ ਕਰਨ ਹਿੱਤ ਮੈਦਾਨ ਵਿੱਚ ਨਿੱਤਰੀਆਂ ਹਨ। ਦੁਨੀਆਂ ਦੇ ਇਤਿਹਾਸ ਵਿੱਚ ਸੰਨ 1901 ਵਿੱਚ ਨਿਊ ਸਾਊਥ ਵੇਲਜ਼ ਦੇ ਆਰਮੀਡੇਲ ਵਿਖੇ ‘ ਦਿ ਅਮੇਜ਼ਨ ’ ਸਿਰਲੇਖ ਹੇਠ ਔਰਤਾਂ ਦਾ ਇੱਕ ਅੱਗ ਬੁਝਾਊ ਦਸਤਾ ਕਾਇਮ ਕੀਤਾ ਗਿਆ ਸੀ। ਉਂਜ ਆਸਟ੍ਰੇਲੀਆ ਵਿੱਚ ਸੈਂਕੜੇ ਸਾਲ ਤੋਂ ਔਰਤਾਂ ਅੱਗ ਬੁਝਾਊ ਦਸਤਿਆਂ ਵਿੱਚ ਸੇਵਾ ਨਿਭਾਅ ਰਹੀਆਂ ਹਨ ਪਰ ਸੰਨ 1818 ਵਿੱਚ ਮੌਲੀ ਵਿਲੀਅਮਜ਼ ਉਹ ਪਹਿਲੀ ਔਰਤ ਸੀ ਜਿਸਨੇ ਅਮਰੀਕਾ ਵਿਖੇ ਅੱਗ ਬੁਝਾਊ ਦਸਤੇ ਵਿੱਚ ਸ਼ਮੂਲੀਅਤ ਦਾ ਮਾਣ ਹਾਸਿਲ ਕੀਤਾ ਸੀ। ਯੂ.ਕੇ.ਵਿੱਚ ਇਹ ਮਾਣ ਮੈਰੀ ਜੋਅ ਨੂੰ ਸੰਨ 1976 ਵਿੱਚ ਮਿਲਿਆ ਸੀ ਜਦੋਂ ਕਿ ਨਿਊਜ਼ੀਲੈਂਡ ਵਿਖੇ ਇਹ ਫ਼ਖ਼ਰ ਸੰਨ 1981 ਵਿੱਚ ਐਨੀ ਬੇਰੀ ਦੇ ਹਿੱਸੇ ਆਇਆ ਸੀ। ਭਾਰਤ ਵਿੱਚ ਤਾਮਿਲਨਾਡੂ ਵਿਖੇ ਸੰਨ 2003 ਵਿੱਚ ਪ੍ਰਿਆ ਰਵੀਚੰਦਰਨ ਨੂੰ ਪਹਿਲੀ ਡਿਵੀਜ਼ਨਲ ਫ਼ਾਇਰ ਅਫ਼ਸਰ ਬਣਨ ਦਾ ਮਾਣ ਪ੍ਰਦਾਨ ਕੀਤਾ ਗਿਆ ਸੀ ਜਦੋਂ ਕਿ ਚੰਡੀਗੜ੍ਹ ਦੀ ਮਿਊਨਸੀਪਲ ਕਾਰਪੋਰੇਸ਼ਨ ਨੇ ਸੰਨ 2009 ਵਿੱਚ ਔਰਤਾਂ ਦੀ ਫ਼ਾਇਰ ਬ੍ਰਿਗੇਡ ਵਿੱਚ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਸੀ। ਸ਼ਾਜ਼ੀਆ ਪਰਵੀਨ ਪਾਕਿਸਤਾਨ ਦੀ ਉਹ ਪਹਿਲੀ ਔਰਤ ਸੀ ਜਿਸਨੂੰ ਸੰਨ 2010 ਵਿੱਚ ਫ਼ਾਇਰ ਬ੍ਰਿਗੇਡ ਵਿੱਚ ਨਿਯੁਕਤ ਕੀਤਾ ਗਿਆ ਸੀ।
ਅਜੋਕੇ ਸਮੇਂ ਅੰਦਰ ਅੱਗ ਬੁਝਾਊ ਦਸਤਿਆਂ ਦੀ ਸਹਾਇਤਾ ਹਿੱਤ ਵੱਖ ਵੱਖ ਐਨ.ਜੀ.ਓ. ਵੀ ਸਰਗਰਮ ਹਨ। ਅੱਜ ਦਾ ਦਿਨ ਇਹ ਸਮਝਣ ਤੇ ਮਹਿਸੂਸ ਕਰਨ ਦਾ ਦਿਨ ਹੈ ਕਿ ਅੱਗ ਬੁਝਾਊ ਦਸਤੇ ਦੇ ਯੋਧੇ ਕਿੰਨੀ ਭਾਰੀ ਮਸ਼ੀਨਰੀ ਲੈ ਕੇ ਅੱਗ ਬੁਝਾਉਣ ਦੀ ਜੱਦੋਜਹਿਦ ਕਰਦੇ ਹਨ। ਅੱਜ ਦਾ ਦਿਨ ਇਹ ਵੀ ਪ੍ਰਣ ਕਰਨ ਦਾ ਦਿਨ ਹੈ ਕਿ ਅਸੀਂ ਸਾਰੀਆਂ ਵਸਤੂਆਂ ਦਾ ਇਸਤੇਮਾਲ ਪੂਰੇ ਧਿਆਨ ਤੇ ਚੌਕਸੀ ਪੂਰਵਕ ਕਰੀਏ ਕਿ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਹੀ ਨਾ। ਇਸ ਤੋਂ ਇਲਾਵਾ ਅੱਜ ਭਾਰੀ ਲੋੜ ਹੈ ਕਿ ਅੱਗ ਬੁਝਾਊ ਦਸਤੇ ਦੇ ਅਫ਼ਸਰਾਂ ਤੇ ਕਰਮਚਾਰੀਆ ਨੂੰ ਅਤਿ ਆਧੁਨਿਕ ਬਣਾਉਣ ਲਈ ਵਿਸ਼ੇਸ਼ ਸਿਖਲਾਈ ਤੇ ਸਾਧਨ ਉਪਲਬਧ ਕਰਵਾਏ ਜਾਣ ਤਾਂ ਜੋ ਇਹ ਯੋਧੇ ਹੋਰ ਵਧੀਆ ਢੰਗ ਨਾਲ ਆਪਣੇ ਫ਼ਰਜ਼ਾਂ ਨੂੰ ਅੰਜਾਮ ਦੇ ਸਕਣ।
ਸੰਪਰਕ: 97816-46008