ਭ੍ਰਿਸ਼ਟਾਚਾਰੀ ਕਾਂਗਰਸੀਆਂ ਦੀਆਂ ਸੂਚੀਆਂ ਗਾਂਧੀ ਪਰਿਵਾਰ ਨੂੰ ਸੌਂਪਣ ਦੀ ਥਾਂ ਉਨ੍ਹਾਂ ‘ਤੇ ਕਾਰਵਾਈ ਕਰੇ ਕੈਪਟਨ-ਭਗਵੰਤ ਮਾਨ

TeamGlobalPunjab
4 Min Read

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵੱਲੋਂ ਭ੍ਰਿਸ਼ਟਾਚਾਰੀ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਅਤੇ ਉਨ੍ਹਾਂ ਦੀਆਂ ਸੂਚੀਆਂ ਦਿੱਲੀ ਦਰਬਾਰ ਵਿੱਚ ਰਾਹੁਲ ਗਾਂਧੀ ਨੂੰ ਸੌਂਪਣ ਉੱਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਭ ਤੋਂ ਕਮਜੋਰ ਮੁੱਖ ਮੰਤਰੀ ਸਾਬਤ ਹੋਏ ਹਨ, ਜਿਹੜੇ ਮਾਫੀਆ ਰਾਜ ਚਲਾ ਰਹੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਖਲਿਾਫ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਕਾਂਗਰਸ ਹਾਈਕਮਾਂਡ ਕੋਲ ਸ਼ਿਕਾਇਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਮਜ਼ੋਰ ਮੁੱਖ ਮੰਤਰੀ ਪੰਜਾਬ ਲਈ ਵਿਨਾਸ਼ਕਾਰੀ ਸਿੱਧ ਹੋ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਕਮਜੋਰ ਆਗੂ ਦੀ ਲੋੜ ਨਹੀਂ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਮੁੱਖ ਮੰਤਰੀ ਬਣਾਇਆ ਹੈ ਨਾ ਕਿ ਰਾਹੁਲ ਗਾਂਧੀ ਨੂੰ।

ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਹਰ ਥਾਂ ਸਹੁੰ ਖਾ ਕੇ ਕਹਿੰਦਾ ਸੀ ਕਿ ਉਹ ਮੁੱਖ ਮੰਤਰੀ ਬਣ ਕੇ ਪੰਜਾਬ ਵਿਚੋਂ ਹਰ ਤਰ੍ਹਾਂ ਦਾ ਮਾਫੀਆ ਰਾਜ ਖਤਮ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਵਿੱਚ ਕੈਪਟਨ ਨੇ ਮਾਫੀਆ ਰਾਜ ਤਾਂ ਕੀ ਖਤਮ ਕਰਨਾ ਸੀ, ਸਗੋਂ ਕਾਂਗਰਸੀਆਂ ਨੇ ਅਕਾਲੀਆਂ ਵੱਲੋਂ ਸਥਾਪਿਤ ਕੀਤੇ ਮਾਫੀਆ ਰਾਜ ਇਸ ਵਿੱਚ ਹਿੱਸਾ ਪਾ ਲਿਆ ਹੈ। ਅੱਜ ਰੇਤ, ਬਜਰੀ, ਸ਼ਰਾਬ, ਟਰਾਂਸਪੋਰਟ, ਕੇਬਲ ਮਾਫੀਆ ਆਦਿ ਦੇ ਨਾਲ ਨਾਲ ਵੈਕਸੀਨ ਅਤੇ ਨੌਕਰੀ ਮਾਫੀਆ ਵੀ ਕੈਪਟਨ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਸਥਾਪਤ ਕਰ ਲਿਆ ਅਤੇ ਇਸ ਮਾਫੀਆ ਰਾਜ ਰਾਹੀਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ।

ਭਗਵੰਤ ਮਾਨ ਨੇ ਚੁੱਟਕੀ ਲੈਂਦਿਆਂ ਕਿਹਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਸਟੇਜਾਂ ‘ਤੇ ਖੜ੍ਹ ਕੇ ਮਾਫੀਆ ਰਾਜ ਖਤਮ ਕਰਨ ਦੇ ਦਮਗਜੇ ਮਾਰਦਾ ਸੀ ਅਤੇ ਉਹ ਮੁੱਖ ਮੰਤਰੀ ਬਣ ਕੇ ਚਾਰ ਸਾਲਾਂ ਤੋਂ ਮਾਫੀਆ ਰਾਜ ਸਥਾਪਤ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਫਾਇਲਾਂ ਹੀ ਤਿਆਰ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਮਾਫੀਆ ਦੇ ਸਰਪ੍ਰਸਤਾ ਖਿਲਾਫ ਕਾਰਵਾਈ ਕਰਨ ਦੀ ਥਾਂ ਕਾਂਗਰਸ ਦੀ ਹਾਈਕਮਾਂਡ ਨੂੰ ਸ਼ਿਕਾਇਤਾਂ ਕਰ ਰਿਹਾ ਹੈ, ਜੋ ਕੇਵਲ ਕਮਜੋਰ ਬੰਦਾ ਹੀ ਕਰ ਸਕਦਾ ਪੰਜਾਬ ਦਾ ਮੁੱਖ ਮੰਤਰੀ ਨਹੀਂ। ਮਾਨ ਨੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਨ੍ਹਾਂ ਦੋਸ਼ੀ ਮੰਤਰੀਆਂ, ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ?

ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੀ ਨਲਾਇਕੀ ਅਤੇ ਚੋਣ ਵਾਅਦਿਆਂ ਤੋਂ ਮੁਕਰਨ ਕਾਰਨ ਪੰਜਾਬ ਦੇ ਲੋਕਾਂ ਤੋਂ ਦੂਰ ਹੋ ਗਿਆ ਹੈ ਅਤੇ ਹੁਣ ਉਹ ਆਪਣੀ ਸਾਖ ਤੇ ਕੁਰਸੀ ਬਚਾਉਣ ਲਈ ਵਿਧਾਇਕਾਂ ਤੇ ਮੰਤਰੀਆਂ ਦੇ ਨਾਵਾਂ ਦੀਆਂ ਫਾਇਲਾਂ ਕਾਂਗਰਸ ਹਾਈਕਮਾਂਡ ਅੱਗੇ ਪੇਸ਼ ਕਰਕੇ ਸਮਝੌਤਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਮਾਫੀਆ ਨਾਲ ਸਬੰਧਤ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਵਾਂ ਲੁਕਾ ਕੇ ਪੰਜਾਬ ਵਾਸੀਆਂ ਨੂੰ ਧੋਖਾ ਦਿੱਤਾ ਹੈ, ਸੱਚ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਮਾਫੀਆ ਰਾਜ ਦਾ ਸਰਪ੍ਰਸਤ ਬਣਿਆ ਹੋਇਆ ਹੈ। ਮਾਨ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਂਡ ਨੂੰ ਦਿੱਤੀ ਵਿਧਾਇਕਾਂ ਤੇ ਮੰਤਰੀਆਂ ਦੀ ਸੂਚੀ ਜਨਤਕ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮਾਫੀਆ ਰਾਜ ਨਾਲ ਸਬੰਧਤ ਕਾਂਗਰਸੀਆਂ ਦਾ ਪਤਾ ਚੱਲ ਸਕੇ।

- Advertisement -

Share this Article
Leave a comment