ਨਿਊਜ਼ ਡੈਸਕ: ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਕਈ ਸਖ਼ਤ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਬੈਨ ਕਰਨਾ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਹਨੀਆ ਆਮਿਰ, ਮਾਹਿਰਾ ਖਾਨ ਅਤੇ ਅਲੀ ਜ਼ਫਰ ਵਰਗੇ ਮਸ਼ਹੂਰ ਨਾਮ ਹਨ।
ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਭਾਰਤ ਵਿੱਚ ਇਨ੍ਹਾਂ ਸਲੇਬ੍ਰਿਟੀਜ਼ ਦੇ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ। ਦੱਸਣਯੋਗ ਹੈ ਕਿ ਨਵੀਂ ਦਿੱਲੀ ਨੇ ਪਹਿਲਗਾਮ ਹਮਲੇ ਲਈ ਇਸਲਾਮਾਬਾਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਯਾਦ ਰਹੇ, ਮੰਗਲਵਾਰ ਨੂੰ ਅੱਤਵਾਦੀਆਂ ਨੇ ਕਸ਼ਮੀਰ ਘਾਟੀ ਦੇ ਪਹਿਲਗਾਮ ਵਿੱਚ ਟੂਰਿਸਟਾਂ ‘ਤੇ ਹਮਲਾ ਕੀਤਾ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ, ਜਿਸ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਸ਼ਾਮਲ ਸੀ। ਘਟਨਾ ਤੋਂ ਬਚੇ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਦਾ ਧਰਮ ਪੁੱਛਿਆ ਅਤੇ ਫਿਰ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ।
ਭਾਰਤ ਸਰਕਾਰ ਨੇ ਭੜਕਾਊ ਅਤੇ ਧਾਰਮਿਕ ਤਣਾਅ ਪੈਦਾ ਕਰਨ ਵਾਲੀ ਸਮੱਗਰੀ ਫੈਲਾਉਣ ਵਾਲੇ 16 ਪਾਕਿਸਤਾਨੀ ਯੂਟਿਊਬ ਚੈਨਲਾਂ ਉੱਤੇ ਵੀ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਤੁਰੰਤ ਬਾਅਦ ਕਲਾਕਾਰਾਂ ਦੇ ਖਾਤਿਆਂ ‘ਤੇ ਕਾਰਵਾਈ ਹੋਈ। ਹਨੀਆ ਆਮਿਰ, ਜੋ “ਮੇਰੇ ਹਮਸਫ਼ਰ” ਅਤੇ “ਕਭੀ ਮੈਂ ਕਭੀ ਤੁਮ” ਨਾਲ ਭਾਰਤ ਵਿੱਚ ਲੋਕਪ੍ਰਿਯ ਹੋਈ, ਨੇ ਕਿਹਾ ਕਿ ਦੁਖ ਕਿਤੇ ਵੀ ਹੋਵੇ, ਦੁਖ ਸਭ ਲਈ ਹੁੰਦਾ ਹੈ।
ਇਸੇ ਤਰ੍ਹਾਂ, ਮਾਹਿਰਾ ਖਾਨ, ਜਿਸ ਨੇ 2017 ਵਿੱਚ ਸ਼ਾਹਰੁਖ ਖਾਨ ਦੇ ਨਾਲ ਫ਼ਿਲਮ “ਰਈਸ” ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ, ਵੀ ਪ੍ਰਭਾਵਿਤ ਹੋਈ ਹੈ। ਯਾਦ ਰਹੇ ਕਿ 2016 ਦੇ ਉੜੀ ਹਮਲੇ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਅਦਾਕਾਰ ਨੇ ਭਾਰਤੀ ਫਿਲਮ ਇੰਡਸਟਰੀ ਵਿਚ ਕੰਮ ਨਹੀਂ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।