ਬਿੰਦੂ ਸਿੰਘ
ਪੰਜਾਬ ਵਿੱਚ ਅੱਜ 117 ਹਲਕਿਆਂ ‘ਚ ਵੋਟਾਂ ਪਈਆਂ ਹਨ। ਪੰਜਾਬ ਦੀ 2.14 ਕਰੋੜ ਵੋਟਰਾਂ ਨੇ 1304 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰਨ ਲਈ ਮੋਹਰ ਲਗਾਉਣੀ ਸੀ। ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ ਸ਼ਡਿਊਲ ਮੁਤਾਬਕ ਪੰਜਾਬ ਵਿੱਚ ਇਕ ਹੀ ਗੇਡ਼ ‘ਚ ਚੋਣਾਂ ਹੋਣੀਆਂ ਸੀ। ਨਿੱਕੀਆਂ ਮੋਟੀਆਂ ਝੜਪਾਂ ਦੇ ਬਾਵਜੂਦ ਚੋਣਾਂ ਪੂਰੀਆਂ ਹੋ ਹੀ ਨਿੱਬੜੀਆਂ।
ਵਿਸ਼ਵ ਦੀ ਸਭ ਤੋਂ ਵੱਡੀ ਅਖਵਾਉਣ ਵਾਲੀ ਜਮਹੂਰੀਅਤ ਦੇ ਇਸ ਜਸ਼ਨ ਤੇ ਤਿਉਹਾਰ ਵਿੱਚ ਚੜ੍ਹਦੀਕਲਾ ਦਾ ਸੁਨੇਹਾ ਮਲੇਰਕੋਟਲਾ ਦੀ ਰਹਿਣ ਵਾਲੀ 109 ਵਰ੍ਹੇ ਦੀ ਬੀਬੀ ਨਸੀਬਨ ਨੇ ਦਿੱਤਾ। ਬੀਬੀ ਨਸੀਬੋ ਕੋਲ ਪ੍ਰਸ਼ਾਸਨ ਆਪ ਤੁਰ ਕੇ ਆਇਆ ਤੇ ਉਨ੍ਹਾਂ ਨੂੰ ਵੋਟ ਕੇਂਦਰ ਜਾਣ ਲਈ ਬੇਨਤੀ ਕੀਤੀ। ਬੀਬੀ ਦੇ ਘਰ ਵਾਲਿਆਂ ਨੇ ਉਚੇਚੇ ਤੌਰ ਤੇ ਢੋਲ ਢਮੱਕੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜੋ ਵੇਖਦਿਆਂ ਹੀ ਬਣਦਾ ਸੀ। ਬੀਬੀ ਨੇ ਕਿਹਾ ਕਿ ਓਹ ਆਪਣੇ ਪੈਰਾਂ ਤੇ ਤੁੱਰ ਕੇ ਵੋਟ ਪਾਉਣ ਲਈ ਜਾਣਗੇ।
ਇੱਕ ਹੋਰ ਜਾਗਰੂਕਤਾ ਵਾਲਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਪ੍ਰਸ਼ਾਸਨ ਵੱਲੋਂ ਵੀ ਵੱਖ ਵੱਖ ਤਰੀਕੇ ਦੇ ਉਪਰਾਲੇ ਕੀਤੇ ਗਏ। ਫ਼ਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਡੀ ਸੀ ਬਬੀਤਾ ਕਲੇਰ ਨੇ ਆਪਣੇ ਹੱਥਾਂ ਤੇ ਮਹਿੰਦੀ ਲਗਵਾਈ ਜਿਸ ਤੇ ਲਿਖਵਾਇਆ ਕਿ ਆਓ ਵੋਟ ਪਾਈਏ ਤੇ ਦੂਜੇ ਹੱਥ ਤੇ ਜ਼ਿਲ੍ਹੇ ਦੇ ਬੂਥਾਂ ਬਾਰੇ ਜਾਣਕਾਰੀ ਨੂੰ ਲੈ ਕੇ ਮਹਿੰਦੀ ਲਗਵਾਈ।
ਇਸੇ ਤਰ੍ਹਾਂ ਵਿਆਹ ਕਰਵਾਉਣ ਜਾਣ ਤੋਂ ਪਹਿਲਾਂ ਇੱਕ ਨੌਜਵਾਨ ਨੇ ਅਤੇ ਇੱਕ ਹੋਰ ਕੁੜੀ ਨੇ ਵਿਆਹ ਦੇ ਜੋੜੇ ‘ਚ ਪੋਲਿੰਗ ਬੂਥ ਤੇ ਪਹੁੰਚ ਕੇ ਆਪਣੀ ਆਪਣੀ ਵੋਟ ਭੁਗਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿੰਦਗੀ ਦੇ ਅਹਿਮ ਪੜਾਅ ਚ ਪੈਰ ਰੱਖਣ ਤੋਂ ਪਹਿਲਾਂ ਉਹ ਆਪਣੀ ਵੋਟ ਭੁਗਤਾਉਣ ਇਸ ਉਮੀਦ ਨਾਲ ਜਾ ਰਹੇ ਹਨ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਸੂਬੇ ਨੂੰ ਬਿਹਤਰ ਭਵਿੱਖ ਦੇਣ ‘ਚ ਕਾਮਯਾਬ ਹੋਵੇਗੀ।
ਕਾਂਗਰਸ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਦਵਿੰਦਰ ਸਿੰਘ ਗੋਲਡੀ ਜਿਹੜੇ ਕਿ ਪਿਛਲੇ ਦਿਨੀਂ ਨੰਗੇ ਪੈਰੀਂ ਕੰਪੇਨਿੰਗ ਕਰਦੇ ਦੇਖੇ ਜਾ ਸਕਦੇ ਸਨ। ਉਹ ਅੱਜ ਵੀ ਨੰਗੇ ਪੈਰੀਂ ਹੀ ਵੋਟਿੰਗ ਬੂਥ ਤੇ ਪਹੁੰਚ ਕੇ ਵੋਟ ਭੁਗਤ ਗਏ। ਗੋਲਡੀ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਉਹ 10 ਮਾਰਚ ਨੂੰ ਨਤੀਜੇ ਆਉਣ ਤੇ ਵੀ ਨੰਗੇ ਪੈਰ ਹੀ ਸ਼ੁਕਰਾਨਾ ਕਰਨਗੇ।
ਮੁਹਾਲੀ ਦੇ ਨਿਆਂਗਾਊ ‘ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਵਿੱਚ ਤਣਾਅ ਪੈਦਾ ਹੋ ਗਿਆ ਜਿਸ ਦੇ ਬਾਅਦ ਜ਼ਿਲ੍ਹੇ ਦੇ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਇਲਾਕੇ ‘ਚ ਫਲੈਗ ਮਾਰਚ ਕੱਢਿਆ। ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਵਿੱਚ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਜਲੰਧਰ – ਐਸ ਬੀ ਐਸ ਨਗਰ – ਜੇਜੌਨ ਰੇਲ ਟਰੈਕ ਖੋਲ੍ਹਿਆ ਜਾਵੇ ਤਾਂ ਹੀ ਪਿੰਡ ਵਾਸੀ ਵੋਟਾਂ ਚ ਹਿੱਸਾ ਲੈਣਗੇ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਭੋਜਰਾਜ ‘ਚ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਵਿਦਾਸ ਮੰਦਰ ਦੇ ਪੁਜਾਰੀ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਕਾਰਨ ਉਥੋਂ ਦੇ ਵਾਸੀਆਂ ਨੇ ਵੋਟਿੰਗ ਬੰਦ ਕਰ ਦਿੱਤੀ।
ਮੋਗਾ ਵਿੱਚ ਕਾਂਗਰਸ ਪਾਰਟੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਐਕਟਰ ਸੋਨੂੰ ਸੂਦ ਦੀ ਕਾਰ ਪੁਲੀਸ ਵੱਲੋਂ ਜ਼ਬਤ ਕਰ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨੂੰ ਵੇਖਦੇ ਹੋਏ ਸੋਨੂੰ ਸੂਦ ਨੂੰ ਕਿਸੇ ਵੀ ਪੋਲਿੰਗ ਬੂਥ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ।
ਉਧਰ ਅੰਮ੍ਰਿਤਸਰ ਉੱਤਰੀ ਵਿੱਚ ਇੱਕ ਪੋਲਿੰਗ ਬੂਥ ਤੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦਾ ਆਹਮਣੋ ਸਾਹਮਣੇ ਟਕਰਾਅ ਹੋਇਆ ਤੇ ਕੁਝ ਘੰਟਿਆਂ ਲਈ ਇਹ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹੀ। ਮਜੀਠੀਆ ਅੱਜ ਵੀ ਆਪਣੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਗੱਲ ਕਹਿ ਹੀ ਗਏ ਕਿ ਜੇਕਰ ਸਿੱਧੂ ਹਲਕੇ ਦਾ ਵਿਕਾਸ ਚਾਹੁੰਦੇ ਹਨ ਤਾਂ ਸਿੱਧੂ ਆਪਣੀ ਵੋਟ ਵੀ ਮੈਨੂੰ ਵੀ ਪਾਉਣਗੇ। ਮਜੀਠੀਆ ਨੇ ਇਹ ਵੀ ਕਿਹਾ ਕਿ ਹਲਕੇ ਨੂੰ ਐਨੇ ਲੰਮੇ ਅਰਸੇ ਤੱਕ ਸਿੱਧੂ ਨਹੀਂ ਚਾਹੀਦਾ ਪਰ ਇੱਕ ਸੇਵਾਦਾਰ ਚਾਹੀਦੈ।
ਜਗਰਾਉਂ ਦੇ ਪਿੰਡ ਸਿੱਧਵਾਂ ਖੁਰਦ ਵਿੱਚ ਨਾ ਤਾਂ ਕੋਈ ਬੂਥ ਲਾਇਆ ਗਿਆ ਤੇ ਨਾਂ ਹੀ ਪਿੰਡ ਵਿੱਚ ਕਿਸੇ ਪਾਰਟੀ ਦਾ ਝੰਡਾ ਨਜ਼ਰ ਆਇਆ। ਪਤਾ ਲੱਗਾ ਹੈ ਕਿ ਇਲਾਕਾ ਵਾਸੀਆਂ ਨੇ ਸਾਂਝੇ ਤੌਰ ਤੇ ਫੈਸਲਾ ਕਰਕੇ ਪਿੰਡ ਵਿੱਚ ਭਾਈਵਾਲਤਾ ਬਰਕਰਾਰ ਰੱਖਣ ਖਾਤਰ ਅਜਿਹਾ ਕੀਤਾ।
ਉੱਧਰ ਜ਼ਿਲ੍ਹਾ ਪਟਿਆਲਾ ਦੇ ਹਲਕੇ ਸਮਾਣਾ ਦੇ ਮੌਜੂਦਾ ਐਮਐਲਏ ਰਾਜਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਭੇਜੀ ਕਿ ਬੂਥ ਨੰਬਰ 115, 152, 153, 141 ਅਤੇ 142 ਜੋ ਕਿ ਸਮਾਣਾ ਹਲਕੇ ਚ ਪੈਂਦੇ ਹਨ, ਇਨ੍ਹਾਂ ਬੂਥਾਂ ਤੇ ਵੋਟਿੰਗ ਦੇਰ ਨਾਲ ਸ਼ੁਰੂ ਹੋਈ ਜਿਸ ਦੇ ਕਾਰਨ ਸਵੇਰ ਦੇ ਲਾਈਨਾਂ ਚ ਲੱਗੇ ਲੋਕ ਵਾਪਸ ਮੁੜ ਗਏ। ਇਸ ਕਰਕੇ ਇਨ੍ਹਾਂ ਬੂਥਾਂ ਤੇ ਵੋਟ ਕਰਨ ਦੇ ਸਮੇਂ ਨੂੰ ਵਧਾਇਆ ਜਾਵੇ।
ਅੰਮ੍ਰਿਤਸਰ ਤੇ ਧੜ ਨਾਲ ਤੋਂ ਜੁੜੇ ਦੋ ਭਰਾਵਾਂ ਸੋਹਨਾ ਤੇ ਮੋਹਣਾ ਨੇ ਨਵੇਂ ਵੋਟਰਾਂ ਦੀ ਤਰ੍ਹਾਂ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਧੜੋਂ ਜੁੜੇ ਇਹ ਦੋਨੋਂ ਭਰਾ ਕੁਦਰਤ ਦੀ ਇੱਕ ਵਿਲੱਖਣ ਸਿਰਜਣਾ ਹਨ। ਇਸ ਵਾਰ 18 ਵਰ੍ਹੇ ਦੀ ਉਮਰ ਪੂਰੀ ਕਰ ਕੇ ਉਹ ਵੀ ਪਹਿਲੀ ਵਾਰ ਦੇ ਵੋਟਰ ਬਣੇ ਹਨ। ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਕੰਪੇਨ ਦਾ ਅੰਬੈਸਡਰ ਬਣਾਇਆ ਗਿਆ ਸੀ ।
ਇਸ ਤਰੀਕੇ ਨਾਲ ਸਾਰਾ ਦਿਨ ਵੋਟ ਪਾਉਣ ਦਾ ਸਿਲਸਿਲਾ ਤੇ ਨਿੱਕੇ ਨਿੱਕੇ ਕਿੱਸੇ ਚਲਦੇ ਰਹੇ। ਪਰ ਜੇ ਗੱਲ ਕਰੀਏ , ਵੋਟ ਫ਼ੀਸਦ ਦੀ , ਅਜੇ ਪੂਰੇ ਅੰਕੜੇ ਤਾਂ ਨਹੀਂ ਆਏ ਹਨ ਪਰ ਪਿਛਲੀ ਵਾਰ ਨਾਲੋਂ ਇਸ ਵਾਰ ਦਾ ਵੋਟ ਫੀਸਦ ਵੱਧਦਾ ਤਾਂ ਨਹੀਂ ਲੱਗ ਰਿਹਾ। ਨਤੀਜੇ ਅਜੇ 10 ਮਾਰਚ ਨੂੰ ਆਉਣਗੇ , ਇੰਤਜ਼ਾਰ ਹੀ ਕਰਨਾ ਸੂਝਵਾਨ ਹੋਣ ਦੀ ਨਿਸ਼ਾਨੀ ਹੈ।