ਫਰਿਜ਼ਨੋ (ਕੈਲੀਫੋਰਨੀਆ): ਪਿਛਲੇ ਮਹੀਨੇ ਅਮਰੀਕਾ ਦੇ ਮੋਨਟਾਨਾ ‘ਚ ਐਮਟਰੈਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਜ਼ਖਮੀ ਹੋਏ 50 ਤੋਂ ਵੱਧ ਯਾਤਰੀਆਂ ‘ਚੋਂ 7 ਯਾਤਰੀਆਂ ਨੇ ਮੁਕੱਦਮਾ ਦਾਇਰ ਕਰਕੇ ਰੇਲ ਲਾਈਨ ਅਤੇ ਰੇਲਮਾਰਗ ਟ੍ਰੈਕ ਦੇ ਸੰਚਾਲਕ ਉੱਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਐਮਟਰੈਕ ਦੀ ਐਮਪਾਇਰ ਬਿਲਡਰ ਲਾਈਨ ਸ਼ਿਕਾਗੋ ਤੋਂ ਸੀਏਟਲ ਵੱਲ ਜਾ ਰਹੀ ਸੀ ਜਿਸ ਵਿੱਚ 157 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 16 ਕਰੂ ਮੈਂਬਰ ਸ਼ਾਮਲ ਸਨ। ਤਿੰਨ ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ।
ਸ਼ਿਕਾਗੋ ਸਥਿਤ ਕਲਿਫੋਰਡ ਕਾਨੂੰਨ ਦਫਤਰਾਂ ਦੇ ਨੁਮਾਇੰਦਿਆਂ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਸੱਤ ਜ਼ਖਮੀ ਯਾਤਰੀਆਂ ਦੀ ਤਰਫੋਂ ਸ਼ਿਕਾਗੋ ਦੀ ਸੰਘੀ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮੇ ਦਾਇਰ ਕੀਤੇ ਗਏ ਹਨ। ਕਲਿਫੋਰਡ ਲਾਅ ਦਫਤਰਾਂ ਦੇ ਇੱਕ ਬਿਆਨ ਦੇ ਅਨੁਸਾਰ, ਸ਼ਿਕਾਇਤਾਂ ਵਿੱਚ ਐਮਟਰੈਕ ਅਤੇ ਬੀ.ਐੱਨ.ਐੱਸ.ਐੱਫ. ਰੇਲਵੇ ਕੰਪਨੀ ਦੀ ਅਣਗਹਿਲੀ, ਨਾਕਾਫੀ ਰੇਲ ਦੇਖਭਾਲ, ਰੇਲਵੇ ਟਰੈਕ ਦਾ ਸਹੀ ਢੰਗ ਨਾਲ ਨਿਰੀਖਣ ਕਰਨ ‘ਚ ਅਸਫਲ, ਸਵਿੱਚ ਅਤੇ ਰੇਲ ਉਪਕਰਣ ਸ਼ਾਮਲ ਹਨ।
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ ਰੇਲਰੋਡ ਐਡਮਨਿਸਟ੍ਰੇਸ਼ਨ ਹਾਦਸੇ ਦੀ ਜਾਂਚ ਕਰ ਰਹੇ ਹਨ ਅਤੇ ਅਜੇ ਤੱਕ ਜਨਤਕ ਤੌਰ ‘ਤੇ ਇਸ ਹਾਦਸੇ ਦੇ ਕਾਰਨ ਦਾ ਐਲਾਨ ਨਹੀਂ ਕੀਤਾ ਹੈ। ਐੱਨ.ਟੀ.ਐੱਸ.ਬੀ. ਨੇ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ‘ਚ ਹਾਦਸੇ ਬਾਰੇ ਮੁੱਢਲੀ ਰਿਪੋਰਟ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਵਕੀਲਾਂ ਅਨੁਸਾਰ ਮੁਕੱਦਮਿਆਂ ‘ਚ ਬੀ.ਐੱਨ.ਐੱਸ.ਐੱਫ. ਰੇਲਵੇ ਕੰਪਨੀ ਦਾ ਨਾਮ ਵੀ ਹੈ, ਜੋ ਕਿ ਹਾਦਸੇ ਵਾਲੇ ਟਰੈਕ ਦੀ ਮਾਲਕੀ ਅਤੇ ਸੰਚਾਲਨ ਕਰਦੀ ਹੈ।