ਸਿੱਖ ਕੌਮ ਦੀ ਵਿਰਾਸਤੀ ਸਿੱਖ ਸ਼ਸਤਰ ਕਲਾ ਨੂੰ ਸੰਭਾਲਣ ਲਈ ਬਾਬਾ ਬਲਬੀਰ ਸਿੰਘ ਦਾ ਉਪਰਾਲਾ ਸ਼ਲਾਘਾਯੋਗ: ਬੀਬੀ ਜਗੀਰ ਕੌਰ

TeamGlobalPunjab
3 Min Read

ਸ੍ਰੀ ਦਮਦਮਾ ਸਾਹਿਬ: ਖਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: 10 ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਪ੍ਰਾਤਾਂ ਜਿਲ੍ਹਿਆਂ ਦੀਆਂ ਟੀਮਾਂ ਨੇ ਸਿੱਖ ਸ਼ਸਤਰ ਕਲਾ ਦਾ ਬਾਖੂਬੀ ਪ੍ਰਗਟਾਵਾ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਸਮਾਪਤੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਸਮੇਤ ਹੋਰ ਅਹਿਮ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਸ਼ੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਵਿਰਾਸਤ ਦੀ ਸ਼ਾਨਾਮੱਤੀ ਸ਼ਸਤਰ ਕਲਾ ਨੂੰ ਸੰਭਾਲਣ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਰੰਤਰ ਯਤਨਸ਼ੀਲ ਹਨ।ਇਨ੍ਹਾਂ ਵੱਲੋਂ ਹਰ ਹੋਲਾ ਮਹੱਲਾ ਤੇ ਵਿਸਾਖੀ ਦਿਹਾੜੇ ਮੌਕੇ ਗੱਤਕਾ ਮੁਕਾਬਲੇ ਕਰਵਾ ਕੇ ਸੰਗਤ ਨੂੰ ਖਾਲਸਾਈ ਸ਼ਾਨ ਦੇ ਰੂਬਰੂ ਕੀਤਾ ਜਾਂਦਾ ਹੈ, ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਹਿਯੋਗ ਕਰਦੀ ਹੈ।ਉਨ੍ਹਾਂ ਖਾਲਸਾ ਦੇ ਸਾਜਨਾ ਦਿਵਸ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ 29 ਅਪ੍ਰੈਲ ਨੂੰ ਬੁੱਢਾ ਦਲ ਦੀ ਸਰਪਰਸਤੀ ਹੇਠ ਸਾਰੀਆਂ ਹੀ ਨਿਹੰਗ ਸਿੰੰਘ ਜਥੇਬੰਦੀਆਂ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗਤਕਾ ਮੁਕਾਬਲੇ ਹੋਣਗੇ।ਉਨ੍ਹਾਂ ਕਿਹਾ ਕਿ ਅਪ੍ਰੈਲ 29, 30 ਅਤੇ ਪਹਿਲੀ ਮਈ ਨੂੰ ਵਿਸ਼ਾਲ, ਮਹਾਨ ਗੁਰਮਤਿ ਸਮਾਗਮ ਹੋਣਗੇ।ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਨੇ ਵੀ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ, ਸਿੰਘ ਸਾਹਿਬਾਨ, ਨਿਹੰਗ ਸਿੰਘ ਦਲਾਂ ਦੇ ਮੁਖੀਆਂ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਗਤਕਾ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਗੁਰੂ ਦੀਆਂ ਫੌਜਾਂ ਵੱਲੋਂ ਕੱਲ ਮਹੱਲਾ ਖੇਡਿਆ ਜਾਵੇਗਾ।

ਅੱਜ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਮੋਹਨ ਸਿੰਘ ਬੰਗੀ, ਜਗਸੀਰ ਸਿੰਘ ਮੰਗੀਆਣਾ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਦਿਲਜੀਤ ਸਿੰਘ ਬੇਦੀ ਦੀ ਵਿਸ਼ੇਸ਼ ਪੁਸਤਕ ਬੁੱਢਾ ਦਲ ਦੇ ਤੀਸਰੇ ਜਥੇ: ਨਵਾਬ ਕਪੂਰ ਸਿੰਘ ਸਾਂਝੇ ਤੌਰ ਤੇ ਰਲੀਜ਼ ਕੀਤੀ।

Share this Article
Leave a comment