Breaking News

ਕਾਂਗਰਸ ‘ਚ ਖਾਨਾਜੰਗੀ ਜਾਰੀ , ਤਾਣਾ ਬਾਣਾ ਹੋਰ ਉਲਝਿਆ!

ਬਿੰਦੁੂ ਸਿੰਘ

ਭਾਰਤ ਵਿੱਚ ਇਸ ਵਕਤ ਦੋ ਮੁੱਖ ਸਿਆਸੀ ਪਾਰਟੀਆਂ  ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹਨ। ਪਿਛਲੇ ਦਿਨੀਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ  ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਭਾਰਤੀ ਜਨਤਾ ਪਾਰਟੀ ਨੇ ਚਾਰ ਰਾਜਾਂ ਵਿੱਚ  ਜਿੱਤ ਹਾਸਲ ਕੀਤੀ ਤੇ  ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਜਿੱਤ ਦਰਜ ਕੀਤੀ ਹੇੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 2017 ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ  ਕਾਂਗਰਸ ਪਾਰਟੀ ਨੇ  ਅਮਰਿੰਦਰ ਸਿੰਘ ਦੀ ਅਗਵਾਈ ਵਾਲੀ  ਸਰਕਾਰ ਬਣਾਈ ਸੀ। ਪਰ ਥੋੜ੍ਹੇ ਸਮੇਂ ਬਾਅਦ ਹੀ ਕਾਂਗਰਸ ਦੇ ਅੰਦਰ  ਤਾਣੀ ਉਲਝਦੀ ਸ਼ੁਰੂ ਹੋ ਗਈ ਸੀ  ਕਿਉਂਕਿ ਕਿਤੇ ਨਾ ਕਿਤੇ  ਕਾਂਗਰਸੀ ਵਿਧਾਇਕਾਂ  ਨੂੰ ਇਹ ਲੱਗਣ ਲੱਗ ਪਿਆ ਸੀ  ਕਿ ਅਮਰਿੰਦਰ ਸਿੰਘ ਬੇਤੋੌਰ ਮੁੱਖਮੰਤਰੀ ਆਪਣੇ 2002 ਦੇ ਕਾਰਜਕਾਲ ਵਾਂਗੂ ਕੰਮ ਨਹੀਂ ਕਰ ਰਹੇ ਹਨ।
2017 ‘ਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਵਾਅਦੇ ਬਹੁਤੇ ਕਰ ਲਏ ਸਨ ਪਰ ਹੌਲੀ ਹੌਲੀ ਉਹ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰਦੇ ਨਜ਼ਰ ਆ ਰਹੇ ਸਨ। ਜਿਉਂ ਜਿਉਂ ਸਮਾਂ ਬੀਤ ਰਿਹਾ ਸੀ  ਕਾਂਗਰਸੀ ਵਿਧਾਇਕਾਂ ਨੂੰ ਇੰਝ ਲੱਗਣ ਲੱਗ ਪਿਆ ਸੀ ਕਿ ਚੋਣਾਂ ਦੇ ਨਜ਼ਦੀਕ ਆਉਂਦਿਆਂ  ਲੋਕਾਂ ਦੇ ਸਵਾਲਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਵੇਗਾ। ਪਾਰਟੀ ਵਿੱਚ ਹੋ ਰਹੀ ਖਾਨਾਜੰਗੀ ਦੀਆਂ ਖ਼ਬਰਾਂ  ਬਾਹਰ ਆਈਆਂ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਨੀਆਂ ਸ਼ੁਰੂ ਹੋ ਗਈਆਂ। ਟੀਵੀ ਸਕਰੀਨਾਂ ਤੇ ਵੀ ਇਹੋ ਗੱਲ ਚਲਦੀ ਵਿਖਾਈ ਦਿੰਦੀ ਸੀ  ਕਿ ਕਾਂਗਰਸ ਪਾਰਟੀ ਦੀ ਪੰਜਾਬ ਸੂਬਾ ਇਕਾਈ ਵਿੱਚ ਲਗਾਤਾਰ ਕਾਟੋ ਕਲੇਸ਼ ਚੱਲ ਰਿਹਾ ਹੈ।
ਇੱਕ ਕਾਟੋ ਕਲੇਸ਼ ਸ਼ਬਦ ਨੇ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਅੰਦਰੂਨੀ ਮੱਤਭੇਦ ਜਨਤਕ ਕਰ ਦਿੱਤੇ ਸਨ। ਅਮਰਿੰਦਰ ਸਰਕਾਰ ਦੇ ਕੈਬਨਿਟ ਮੰਤਰੀ ਹੀ ਅਫਸਰਸ਼ਾਹੀ ਦੇ ਹਾਵੀ ਹੋਣ ਦੀ ਗੱਲ ਕਹਿੰਦੇ ਰਹੇ , ਬੇਅਦਬੀਆਂ ਅਤੇ ਨਸ਼ਾ ਸੌਦਾਗਰਾਂ ਦੇ ਖਿਲਾਫ ਸਖ਼ਤ ਕਦਮ ਨਾ ਚੁੱਕੇ ਜਾਣ ਨੂੰ ਲੈ ਕੇ  ਆਪਣੀ ਹੀ ਪਾਰਟੀ ਦੇ  ਮੁੱਖ ਮੰਤਰੀ ਨੂੰ ਕਈ ਆਗੂਆਂ ਵਲੋੰ ਲਗਾਤਾਰ ਘੇਰਿਆ ਜਾ ਰਿਹਾ ਸੀ। ਪਾਰਟੀ ਵਿੱਚ ਧਿਰਾਂ ਸਾਫ ਦਿਖਾਈ ਦੇਣ ਲੱਗ ਪਈਆਂ ਸਨ ਤੇ ਇਨ੍ਹਾਂ ਵਿੱਚੋਂ ਹੀ ਕੁਝ ਲੀਡਰਾਂ ਨੇ ਮਿਲ ਕੇ ਵਿਉਂਤਬੰਦੀ ਤੇ ਕਈ ਬੈਠਕਾਂ ਕੀਤੀਆਂ ਅਤੇ ਹਾਈਕਮਾਂਡ ਨੂੰ ਸੂਬੇ ਦੀ ਸਥਿਤੀ ਨਾਲ ਕਈ ਵਾਰ ਜਾਣੂ ਕਰਵਾਇਆ।
ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਪੰਜਾਬ ਕਾਂਗਰਸੀ ਲੀਡਰਾਂ ਨੇ ਮਿਲ ਕੇ ਤੇ ਖੁੱਲ੍ਹ ਕੇ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਅਮਰਿੰਦਰ ਸਿੰਘ ਨੂੰ  ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ  ਤੇ ਚੋਣਾਂ ਆਉਣ ਤੋਂ ਤਿੰਨ ਮਹੀਨੇ ਪਹਿਲਾਂ ਨਵੇਂ ਮੁੱਖ ਮੰਤਰੀ ਦੀ ਭਾਲ੍ਹ ਸ਼ੁਰੂ ਕਰ ਦਿੱਤੀ ਗਈ। ਇਸ ਦੌਰ ਵਿੱਚ ਪਹਿਲਾਂ ਸਾਬਕਾ ਪਾਰਟੀ ਪ੍ਰਧਾਨ  ਸੁਨੀਲ ਜਾਖੜ ਦਾ ਨਾਂਅ ਅੱਗੇ ਆਇਆ,  ਉਸ ਤੋਂ ਕੁਝ ਘੰਟਿਆਂ ਬਾਅਦ ਸਾਬਕਾ ਡਿਪਟੀ  ਮੁੱਖ ਮੰਤਰੀ ਸੁਖਜਿੰਦਰ ਰੰਧਾਵਾ  ਦਾ ਨਾਂਅ ਮੁੱਖ ਮੰਤਰੀ ਅਹੁਦੇ ਲਈ ਤਕਰੀਬਨ  ਫਾਈਨਲ ਹੋ ਗਿਆ ਸੀ। ਪਰ ਆਖ਼ਰ ਕਰ  ਕਈ ਘੰਟਿਆਂ ਦੇ ਮੰਥਨ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਇਕ ਟ੍ਰੰਪ ਕਾਰਡ ਖੇਡਣਾ ਵਾਜਬ ਸਮਝਿਆ ਤੇ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਵਾਲਾ ਚਿਹਰਾ  ਚੁਣ ਕੇ ਚਰਨਜੀਤ ਸਿੰਘ ਚੰਨੀ ਨੂੰ  ਮੁੱਖ ਮੰਤਰੀ ਐਲਾਨ ਦਿੱਤਾ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਓਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ  ਨਵਜੋਤ ਸਿੰਘ ਸਿੱਧੂ ਸਨ।
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦੇ ਹੀ  ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ‘ਛੋਟਾ ਵੀਰ’ ਕਹਿੰਦੇ ਹੋਏ  ਉਨ੍ਹਾਂ ਦੇ ਨਾਲ ਨਾਲ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਅਹੁਦੇ ਨੂੰ ਸਮਝ ਗਏ। ਕਈ ਗੱਲਾਂ ਤੋਂ  ਇੱਕ ਵਾਰ ਫੇਰ ਸਾਬਕਾ  ਪਾਰਟੀ ਪ੍ਰਧਾਨ ਨਵਜੋਤ ਸਿੱਧੂ  ਕੁਝ ਖਫਾ ਨਜ਼ਰ ਆਏ  ਤੇ ਉਨ੍ਹਾਂ  ਨੇ ਇੱਕ ਵਾਰ ਫੇਰ ਆਪਣੀ ਸਰਕਾਰ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ। ਚੋਣਾਂ ਦੇ ਨਜ਼ਦੀਕ ਆ ਕੇ ਚੰਨੀ ਨੁੂੰ ਹੀ ਫੇਰ ਮੁੱਖਮੰਤਰੀ ਦਾ ਚਿਹਰਾ ਅੇੈਲਾਨਿਆ ਗਿਆ।  ਖਾਨਾਜੰਗੀ ਦੇ ਹਾਲਾਤ ਤੇ ਖਿੱਚ ਧੂਹ ਦੀਆਂ ਗੱਲਾਂ  ਫਿਰ ਤੋਂ ਸਾਹਮਣੇ ਆਈਆਂ।
ਪਿਛਲੇ ਦਿਨੀਂ ਪੰਜ ਰਾਜਾਂ ‘ਚ ਹੋਈਆਂ  ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ  ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ  ਹਾਰ ਦੇ ਕਾਰਨਾਂ ਨੂੰ ਲੈ ਕੇ  ਮੰਥਨ ਕੀਤਾ ਗਿਆ ਤੇ ਹਾਈਕਮਾਂਡ ਸੋਨੀਆ ਗਾਂਧੀ  ਨੇ ਪੰਜਾਂ ਰਾਜਾਂ ਦੀਆਂ ਇਕਾਈਆਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ। ਪਰ ਹੁਣ ਕਾਂਗਰਸ ਦੇ ਕੌਮੀ ਸੰਗਠਨ  ਵਿੱਚੋਂ ਵੀ ਇੱਕ ਵਾਰ ਫੇਰ ਬਗ਼ਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਪਿਛਲੀਆਂ ਦੋ ਲੋਕਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂਆਂ ਦਾ G -23 ਦੇ ਨਾਂਅ ਤੋਂ ਇੱਕ ਗਰੁੱਪ ਬਣ ਗਿਆ ਸੀ। ਇਨ੍ਹਾਂ 23 ਆਗੂਆਂ ਨੇ ਹਾਈਕਮਾਂਡ ਸੋਨੀਆ ਗਾਂਧੀ ਨੂੰ  ਇਕ ਪੱਤਰ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ  ਕਾਂਗਰਸ ਦੀ ਲਗਾਤਾਰ ਹੋ ਰਹੀ ਹਾਰ ਨੂੰ ਲੈ ਕੇ ਚਿੰਤਾ ਜਤਾਈ ਸੀ ਤੇ  ਸੰਗਠਨ ਪੱਧਰ ਅਤੇ ਪਾਰਟੀ ਵਿੱਚ ਤਬਦੀਲੀਆਂ ਕਰਨ ਦੀ ਗੱਲ ਕਹੀ ਸੀ।
ਹੁਣ ਇਹ ਮੰਗ ਇੱਕ ਵਾਰ ਫੇਰ ਦੁਬਾਰਾ ਉੱਠਣੀ ਸ਼ੁਰੂ ਹੋ ਗਈ ਹੈ  ਕਿਉਂਕਿ ਕਾਂਗਰਸ ਪਾਰਟੀ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ  ਪੰਜ ਰਾਜਾਂ ਤੋਂ ਹਾਰ ਦਾ ਸਾਹਮਣਾ ਕੀਤਾ ਹੈ। G-23 ਤੇ ਸੀਨੀਅਰ ਆਗੂ ਤੇ ਸੀਨੀਅਰ ਵਕੀਲ  ਕਪਿਲ ਸਿੱਬਲ ਨੇ  ਸਿੱਧੇ ਤੌਰ ਤੇ ਗਾਂਧੀ ਪਰਿਵਾਰ ਨੂੰ  ਕਾਂਗਰਸ ਦੇ ਮੁੱਖ ਅਹੁਦਿਆਂ ਤੋਂ ਪਾਸੇ ਹੋ ਜਾਣ ਲਈ ਕਹਿ ਦਿੱਤਾ ਹੇੈ ਤੇ ਇਹ ਵੀ ਕਿਹਾ ਕਿ ਕਿਸੇ ਹੋਰ ਕਾਂਗਰਸੀ ਨੂੰ  ਪ੍ਰਮੁੱਖ ਅਹੁਦਿਆਂ ਤੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਹ ਗੱਲ ਵੱਖ ਹੈ ਕਿ  ਕਾਂਗਰਸ ਪਾਰਟੀ ਦੇ ਕਈ ਲੀਡਰਾਂ ਨੇ ਸਿੱਬਲ ਦੇ ਦਿੱਤੇ ਬਿਆਨਾਂ ਤੇ ਉਨ੍ਹਾਂ ਨੂੰ ਘੇਰਿਆ ਵੀ ਹੈ ਅਤੇ ਇਹ ਵੀ ਕਿਹਾ ਹੈ ਕਿ ਸਿੱਬਲ  ਆਰਐੱਸਐੱਸ ਬੀਜੇਪੀ ਦੀ ਤਰਜ ਤੇ ਗੱਲ ਕਰ ਰਹੇ ਹਨ ।  ਇਸੇ ਤਰ੍ਹਾਂ  G-23 ਤੇ ਇੱਕ ਹੋਰ ਸੀਨੀਅਰ ਲੀਡਰ  ਅਤੇ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਵੀ  ਕਾਂਗਰਸ ਪਾਰਟੀ ਨੂੰ ਜਥੇਬੰਦਕ ਪੱਧਰ ਤੇ ਬਦਲਾਅ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸੇ ਲੜੀ ਵਿੱਚ  ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਦੀ  ਰਿਹਾਇਸ਼ ਤੇ  ਇੱਕ ਬੈਠਕ ਹੋਈ ਸੀ  ਤੇ  18 ਸੀਨੀਅਰ ਆਗੂਆਂ ਨੇ ਪੱਤਰ ਤੇ ਹਸਤਾਖਰ ਕਰ ਕੇ ਇਸ ਮੰਗ ਨੂੰ  ਦੁਹਰਾਇਆ ਹੈ। ਤਿਵਾੜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ  ਕਿ ਇੰਝ ਲੱਗਦਾ ਹੈ ਕਿ ਪਾਰਟੀ ਕਾਂਗਰਸ ਮੁਕਤ ਭਾਰਤ ਹੋਣ ਦਾ ਇੰਤਜ਼ਾਰ ਹੀ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ  ਸਾਬਕਾ ਪ੍ਰਧਾਨ ਸੁਨੀਲ ਜਾਖੜ  ਨੇ ਆਪਣੇ ਟਵਿੱਟਰ ਅਕਾਊਂਟ ਤੇ ਪੋਸਟ ਪਾ ਕੇ  ਕਾਂਗਰਸ ਪਾਰਟੀ ਨੂੰ ਅਗਾਹ ਕੀਤਾ ਹੇੈ ਤੇ ਪੰਜਾਬ ਵਿੱਚ ਕਾਂਗਰਸ ਦੀ ਹੋਈ  ਹਾਰ ਤੇ ਕੁਮੈਂਟ ਕਰਦੇ ਕਿਹਾ  ਕਿ ਧਰਮ, ਜਾਤੀਵਾਦ ਅਤੇ ਫਿਰਕਾ ਪਹਿਚਾਣ ਦੀ ਸਿਆਸਤ 2024 ਦੀਆਂ ਲੋਕ ਸਭਾ ਚੋਣਾਂ ਉੱਤੇ  ਅਤੇ ਉਸ ਤੋਂ ਬਾਅਦ ‘ਚ ਵੀ ਪਾਰਟੀ ਦਾ ਪਿੱਛਾ ਨਹੀਂ ਛੱਡਣਗੇ। ਕਾਂਗਰਸ ਵਰਕਿੰਗ ਕਮੇਟੀ  ਦੀ ਬੈਠਕ ਵਿੱਚ  ਕੁਝ ਲੀਡਰਾਂ  ਵੱਲੋਂ ਚੰਨੀ ਨੂੰ  ਲਾਹੇਵੰਦ ਦੱਸੇ ਜਾਣ ਉੱਤੇ ਵੀ  ਜਾਖੜ ਨੇ  ਤੰਜ ਕੱਸਦਿਆਂ ਕਿਹਾ  ਕੇ  ਕੀ ਉਹ ਮਜ਼ਾਕ ਕਰ ਰਹੇ ਹਨ।
ਮੁਲਕ ਦੀ ਸਭ ਤੋਂ  ਪੁਰਾਣੀ ਪਾਰਟੀ ਕਹੀ ਜਾਣ ਵਾਲੀ ਕਾਂਗਰਸ ‘ਚ ਕੌਮੀ ਪੱਧਰ ਅਤੇ ਸੂਬਾਈ ਪੱਧਰ  ਤੇ ਲਗਾਤਾਰ  ਖਿੱਚ ਧੂਹ ਤੇ ਖਾਨਾਜੰਗੀ ਦਾ ਮਾਹੌਲ ਬਣਿਆ ਹੋਇਆ ਹੈ। ਕਾਂਗਰਸ ਦੇ ਕਈ ਆਗੂ  ਲੋਕ ਸਭਾ  ਅਤੇ ਵਿਧਾਨ ਸਭਾਵਾਂ  ਵਿੱਚ ਲਗਾਤਾਰ ਹੋ ਰਹੀਆਂ ਹਾਰਾਂ ਨੂੰ ਲੈ ਕੇ  ਵਧੇਰੇ ਦੁਖੀ ਹਨ ਅਤੇ ਚਿੰਤਾ ‘ਚ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ  ਪਾਰਟੀ ਵਿੱਚ ਨਵੇਂ ਸਿਰੇ ਤੋਂ ਨਵੇਂ ਤਾਣੇ ਬਾਣੇ ਨੂੰ ਬੁਣਨ ਦੀ ਜ਼ਰੂਰਤ ਹੈ  ਤੇ ਇੱਕ ਵੱਡੇ ਬਦਲਾਅ ਦੀ ਵੀ ਲੋੜ ਹੈ।

Check Also

CM ਮਾਨ ਨੇ ਕਿਹਾ ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਮਜੀਠੀਆ ਨੇ ਟਵੀਟ ਦਾ ਦਿਤਾ ਮੋੜਵਾਂ ਜਵਾਬ

ਚੰਡੀਗੜ੍ਹ :  CM ਮਾਨ ਨੇ ਅੱਜ ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ …

Leave a Reply

Your email address will not be published. Required fields are marked *