ਮੱਧ ਪ੍ਰਦੇਸ਼: ਇੰਦੌਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਬ੍ਰਿਜੇਸ਼ਵਰੀ ਐਨੈਕਸ ਦੇ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਇੱਕ ਮਕਾਨ ਵਿੱਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਇਆ ਗਿਆ।
ਮੁਢਲੀ ਜਾਣਕਾਰੀ ਅਨੁਸਾਰ ਇੰਦੌਰ ਦੇ ਬੰਗਾਲੀ ਸਕੁਏਅਰ ਨੇੜੇ ਬ੍ਰਿਜੇਸ਼ਵਰੀ ਕਲੋਨੀ ਵਿੱਚ ਇੱਕ ਇਲੈਕਟ੍ਰਿਕ ਕਾਰ ਚਾਰਜ ਕਰਦੇ ਸਮੇਂ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਸੱਤ ਲੋਕਾਂ ਦੀ ਜਾਨ ਲੈ ਲਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
ਜਾਂਚ ਦੌਰਾਨ ਪਤਾ ਚੱਲਿਆ ਕਿ ਕੱਲ੍ਹ ਦੇਰ ਰਾਤ ਪੁਗਲੀਆ ਪਰਿਵਾਰ ਦੇ ਘਰ ਦੇ ਬਾਹਰ ਇਲੈਕਟ੍ਰਿਕ ਕਾਰ ਚਾਰਜ ਹੋ ਰਹੀ ਸੀ। ਸਵੇਰੇ 4 ਵਜੇ ਦੇ ਕਰੀਬ ਚਾਰਜਿੰਗ ਪੁਆਇੰਟ ‘ਤੇ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਘਰ ਵਿੱਚ ਫੈਲ ਗਈ ਅਤੇ ਅੰਦਰ ਸਟੋਰ ਕੀਤੇ ਗੈਸ ਸਿਲੰਡਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਲੱਗਣ ਤੋਂ ਬਾਅਦ ਘਰ ਵਿੱਚ ਰੱਖੇ ਸਿਲੰਡਰ ਫਟਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਇੱਕ ਤੋਂ ਬਾਅਦ ਇੱਕ ਚਾਰ ਸਿਲੰਡਰ ਫਟ ਗਏ, ਜਿਸ ਨਾਲ ਸਾਰਾ ਇਲਾਕਾ ਹਿੱਲ ਗਿਆ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਘਰ ਦਾ ਇੱਕ ਹਿੱਸਾ ਢਹਿ ਗਿਆ, ਜਿਸ ਨਾਲ ਅੰਦਰ ਸੁੱਤੇ ਪਏ ਲੋਕਾਂ ਨੂੰ ਬਚਾਅ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਘਟਨਾ ਦੇ ਸਮੇਂ ਪੁਗਾਲੀਆ ਪਰਿਵਾਰ ਵਿੱਚ ਇੱਕ ਪਰਿਵਾਰਕ ਸਮਾਗਮ ਸੀ ਅਤੇ ਬਹੁਤ ਸਾਰੇ ਰਿਸ਼ਤੇਦਾਰ ਘਰ ਵਿੱਚ ਹੀ ਰੁਕੇ ਹੋਏ ਸਨ। ਇਸ ਕਾਰਨ ਮੌਤਾਂ ਦੀ ਗਿਣਤੀ ਵੱਧ ਗਈ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਤਿਲਕ ਨਗਰ ਪੁਲਿਸ ਸਟੇਸ਼ਨ ਖੇਤਰ ਵਿੱਚ ਸਵੇਰੇ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮਨੋਜ ਸੇਠੀਆ ਦਾ ਪਰਿਵਾਰ ਤਿੰਨ ਮੰਜ਼ਿਲਾ ਘਰ ਵਿੱਚ ਰਹਿੰਦਾ ਸੀ, ਜਿੱਥੋਂ ਸ਼ੁਰੂਆਤੀ ਕਾਰਵਾਈ ਦੌਰਾਨ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਘਰ ਵਿੱਚ ਇਲੈਕਟ੍ਰਾਨਿਕ ਤਾਲੇ ਲੱਗੇ ਹੋਏ ਸਨ। ਅੱਗ ਲੱਗਣ ਦੌਰਾਨ ਬਿਜਲੀ ਬੰਦ ਹੋਣ ਕਾਰਨ ਇਹ ਤਾਲੇ ਨਹੀਂ ਖੋਲ੍ਹੇ ਜਾ ਸਕੇ, ਜਿਸ ਕਾਰਨ ਅੰਦਰ ਫਸੇ ਲੋਕਾਂ ਲਈ ਬਚਣਾ ਮੁਸ਼ਕਲ ਹੋ ਗਿਆ। ਦਰਵਾਜ਼ੇ ਤੋੜ ਕੇ ਬਚਾਅ ਕਾਰਜ ਚਲਾਉਣੇ ਪਏ।

