ਨਵੀਂ ਦਿੱਲੀ: ਭਾਰਤ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਤੇ ਮਰੀਜ਼ਾਂ ਦੀ ਬਹੁਤਾਤ ਨਾਲ ਹਸਪਤਾਲ ਬੇਹਾਲ ਹੋ ਰਹੇ ਹਨ, ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਭਾਰਤ ਵਾਸੀ ਆਪਣੇ ਪਿੰਡਾਂ ਸ਼ਹਿਰਾਂ ਦੀ ਇਸ ਤਬਾਹੀ ਨਾਲ ਵਿਗੜਦੀ ਭਿਆਨਕ ਸਥਿਤੀ ਨੂੰ ਦੇਖਣ ਲਈ ਮਜ਼ਬੂਰ ਹਨ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ( WHO ) ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਵੀ ਭਾਰਤ ਦੀ ਕੋਵਿਡ – 19 ਸਥਿਤੀ ‘ਤੇ ਚਿੰਤਾ ਵਿਅਕਤ ਕੀਤੀ ਹੈ।
WHO ਮੁਖੀ ਟੇਡਰੋਸ ਨੇ ਕਿਹਾ ਭਾਰਤ ਦੇ ਕਈ ਸੂਬਿਆਂ ਵਿੱਚ ਸੰਕਰਮਣ ਦੇ ਚਿੰਤਾਜਨਕ ਅੰਕੜੇ ਸਾਹਮਣੇ ਆ ਰਹੇ ਹਨ, ਹਾਲਾਤ ਅਜਿਹੇ ਹਨ ਕਿ ਹਸਪਤਾਲਾਂ ਵਿੱਚ ਲੋਕ ਭਰਤੀ ਹੋ ਰਹੇ ਹਨ ਅਤੇ ਲਗਾਤਾਰ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਹਿਲੇ ਸਾਲ ਦੇ ਮੁਕਾਬਲੇ ਮਹਾਂਮਾਰੀ ਦਾ ਦੂਜਾ ਸਾਲ ਦੁਨੀਆ ਲਈ ਜ਼ਿਆਦਾ ਜਾਨਲੇਵਾ ਹੋਵੇਗਾ। ਟੇਡਰੋਸ ਨੇ ਕਿਹਾ ਕਿ WHO ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਵਿੱਚ ਭਾਰਤ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਵਲੋਂ ਮੈਡੀਕਲ ਸਮੱਗਰੀ ਭੇਜੀ ਜਾ ਰਹੀ ਹੈ।
ਟੇਡਰੋਸ ਨੇ ਸੰਬੋਧਨ ‘ਚ ਕਿਹਾ, ਭਾਰਤ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ, ਕਈ ਸੂਬਿਆਂ ਵਿੱਚ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ, ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਵੱਧ ਰਹੀਆਂ ਹਨ। ਉਨ੍ਹਾਂ ਨੇ ਕਿਹਾ, ਅਸੀ ਉਨ੍ਹਾਂ ਸਭ ਦਾ ਧੰਨਵਾਦ ਕਰਦੇ ਹਾਂ ਜੋ ਭਾਰਤ ਦੀ ਮਦਦ ਕਰ ਰਹੇ ਹਨ।