ਅਮਰੀਕਾ ’ਚ ਵੀਜ਼ਾ ਲੈਣ ਲਈ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਪਹਿਲ ਦੇ ਆਧਾਰ ’ਤੇ ਮਿਲੇਗਾ ਵੀਜ਼ਾ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਵੀਜ਼ਾ ਜਾਰੀ ਕਰਨ ਦੀ ਉਡੀਕ ਦੀ ਮਿਆਦ ਜਲਦੀ ਹੀ ਘੱਟ ਸਕਦੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ 2023 ਦੀਆਂ ਗਰਮੀਆਂ ਤੱਕ ਇਸ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀਜ਼ਿਆਂ ਦੀ ਗਿਣਤੀ 12 ਲੱਖ ਦੇ ਕਰੀਬ ਪਹੁੰਚ ਸਕਦੀ ਹੈ। ਅਮਰੀਕੀ ਸਰਕਾਰ ਭਾਰਤ ਸਥਿਤ ਆਪਣੇ ਦੂਤਘਰ ਦੇ ਮੁਲਾਜ਼ਮਾਂ ਤੇ ਵੀਜ਼ਾ ਅਧਿਕਾਰੀਆਂ ਦੀ ਗਿਣਤੀ ਹੌਲੀ-ਹੌਲੀ ਵਧਾ ਰਹੀ ਹੈ ਤੇ ਅਗਲੇ ਕੁਝ ਮਹੀਨਿਆਂ ’ਚ ਇਨ੍ਹਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ। ਲਿਹਾਜ਼ਾ ਅਗਲੇ ਸਾਲ ਦੇ ਅੱਧ ਤੱਕ ਵੀਜ਼ਾ ਪ੍ਰਕਿਰਿਆ ਵੀ ਕਾਫ਼ੀ ਹੱਦ ਤੱਕ ਆਮ ਹੋ ਜਾਵੇਗੀ ਯਾਨੀ ਸਿਰਫ਼ ਵੀਜ਼ਾ ਇੰਟਰਵਿਊ ਦੇਣ ਲਈ ਮਹੀਨਿਆਂ ਜਾਂ ਸਾਲਾਂ ਬੱਧੀ ਇੰਤਜ਼ਾਰ ਕਰਨ ਦੀ ਨੌਬਤ ਨਹੀਂ ਆਵੇਗੀ।  ਇਹ ਜਾਣਕਾਰੀ ਅਮਰੀਕੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦਿੱਤੀ।

ਉਨ੍ਹਾਂ ਕਿਹਾ ਕਿ ਹਰ ਮਹੀਨੇ ਕਰੀਬ ਇੱਕ ਲੱਖ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ। ਅਮਰੀਕਾ ਨੇ ਪਹਿਲਾਂ ਹੀ ਭਾਰਤੀਆਂ ਲਈ H (H1B) ਅਤੇ L ਸ਼੍ਰੇਣੀ ਵੀਜ਼ਾ ਨੂੰ ਆਪਣੀ ਤਰਜੀਹ ਵਜੋਂ ਪਛਾਣਿਆ ਹੈ। ਵੀਜ਼ਾ ਅਪਗ੍ਰੇਡ ਕਰਨ ਦੇ ਚਾਹਵਾਨਾਂ ਲਈ ਹਾਲ ਹੀ ਵਿੱਚ ਲਗਭਗ 1,00,000 ਸਲਾਟ ਜਾਰੀ ਕੀਤੇ ਗਏ ਸਨ। ਕੁਝ ਸ਼੍ਰੇਣੀਆਂ ਲਈ ਉਡੀਕ ਸਮਾਂ ਪਿਛਲੇ 450 ਦਿਨਾਂ ਤੋਂ ਘਟਾ ਕੇ ਲਗਭਗ 9 ਮਹੀਨੇ ਕਰ ਦਿੱਤਾ ਗਿਆ ਹੈ।

ਅਧਿਕਾਰੀ ਨੇ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਜਾਰੀ ਕੀਤੇ ਜਾ ਰਹੇ ਵੀਜ਼ਿਆਂ ਦੀ ਸੰਖਿਆ ਦੇ ਲਿਹਾਜ਼ ਨਾਲ ਭਾਰਤ ਮੌਜੂਦਾ ਨੰਬਰ ਤਿੰਨ ਤੋਂ ਦੂਜੇ ਨੰਬਰ ‘ਤੇ ਆ ਸਕਦਾ ਹੈ। ਇਸ ਸਮੇਂ ਮੈਕਸੀਕੋ ਅਤੇ ਚੀਨ ਭਾਰਤ ਤੋਂ ਅੱਗੇ ਹਨ। ਸਟੂਡੈਂਟ ਵੀਜ਼ਿਆਂ ਲਈ ਇੰਤਜ਼ਾਰ ਦੇ ਸਮੇਂ ਵਿੱਚ ਕਟੌਤੀ ਕਰਨ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ, ਖਾਸ ਤੌਰ ‘ਤੇ ਉਨ੍ਹਾਂ ਲਈ ਜੋ ਆਪਣੇ ਵੀਜ਼ੇ ਦੇ ਨਵੀਨੀਕਰਨ ਦੀ ਤਲਾਸ਼ ਕਰ ਰਹੇ ਹਨ। ਅਮਰੀਕਾ ਨੇ ਪਿਛਲੇ ਸਾਲ ਕਰੀਬ 82,000 ਵੀਜ਼ੇ ਜਾਰੀ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ ਅਸੀਂ ਅਗਲੀਆਂ ਗਰਮੀਆਂ ਤੱਕ ਭਾਰਤੀਆਂ ਨੂੰ 11 ਤੋਂ 12 ਲੱਖ ਵੀਜ਼ੇ ਦੇਣ ਦੀ ਯੋਜਨਾ ਬਣਾ ਰਹੇ ਹਾਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment