ਨਿਊਜ਼ ਡੈਸਕ: ਇਟਲੀ ਵਿੱਚ ਭਾਰਤੀ ਮਜ਼ਦੂਰ ਸਤਨਾਮ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੇ ਇਟਲੀ ਵਿਚ ਪ੍ਰਦਰਸ਼ਨ ਕੀਤਾ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਤੋਂ ਗੁਲਾਮੀ ਨੂੰ ਖਤਮ ਕਰਨ ਦੀ ਮੰਗ ਕੀਤੀ। ਦਰਅਸਲ, 31 ਸਾਲਾ ਸਤਨਾਮ ਸਿੰਘ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਇੱਕ ਕਿਸਾਨ ਵਜੋਂ ਕੰਮ ਕਰਦਾ ਸੀ। ਮਸ਼ੀਨ ਨਾਲ ਹੱਥ ਕੱਟੇ ਜਾਣ ਕਾਰਨ ਪਿਛਲੇ ਹਫ਼ਤੇ ਉਸ ਦੀ ਮੌਤ ਹੋ ਗਈ ਸੀ। ਜਿਸ ਕਿਸਾਨ ਲਈ ਉਹ ਕੰਮ ਕਰ ਰਿਹਾ ਸੀ, ਉਸ ਨੇ ਉਸ ਦੇ ਕੱਟੇ ਹੋਏ ਹੱਥ ਸਮੇਤ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ।
ਕੇਂਦਰੀ ਇਟਲੀ ਖੇਤਰ ਵਿੱਚ ਭਾਰਤੀ ਭਾਈਚਾਰੇ ਦੇ ਮੁਖੀ ਨੇ ਏਐਫਪੀ ਨੂੰ ਦੱਸਿਆ, “ਅਸੀਂ ਇੱਥੇ ਕੰਮ ਕਰਨ ਆਏ ਹਾਂ, ਮਰਨ ਲਈ ਨਹੀਂ। ਉਸ ਨੂੰ ਕੁੱਤੇ ਵਾਂਗ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ। ਲੋਕਾਂ ਦਾ ਹਰ ਰੋਜ਼ ਸ਼ੋਸ਼ਣ ਕੀਤਾ ਜਾਂਦਾ ਹੈ, ਅਸੀਂ ਹਰ ਰੋਜ਼ ਇਸ ਨੂੰ ਸਹਿ ਰਹੇ ਹਾਂ, ਇਹ ਹੁਣ ਖਤਮ ਹੋਣਾ ਚਾਹੀਦਾ ਹੈ* ਇੱਥੇ ਦੇ ਭਾਰਤੀ 1980 ਦੇ ਦਹਾਕੇ ਤੋਂ ਸਬਜੀਆਂ ਉਗਾ ਰਹੇ ਹਨ।
ਇਟਲੀ ਦੇ ਸੱਜ਼ੇ ਪੱਖੀ ਪ੍ਰਧਾਨ ਮੰਤਰੀ ਨੇ ਗੈਰ ਯੂਰਪੀਅਨ ਕਾਮਿਆਂ ਅਤੇ ਜਾਇਜ਼ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਲਈ ਵੀਜ਼ਾ ਵਧਾ ਕੇ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਐਸੋਸਿਏਸ਼ਨ ਮੁਤਾਬਕ ਵੀਜ਼ਾ ਲੈਣ ਵਾਲੇ ਕਾਮਿਆਂ ਵਿੱਚੋਂ ਸਿਰਫ਼ 30 ਫ਼ੀਸਦੀ ਹੀ ਇਟਲੀ ਆਉਂਦੇ ਹਨ। ਜਿਸ ਕਾਰਨ ਇਟਲੀ ਵਿੱਚ ਖੇਤ ਮਜ਼ਦੂਰਾਂ ਦੀ ਲਗਾਤਾਰ ਲੋੜ ਹੈ।
ਸਿੰਘ ਦੀ ਮੌਤ ਦੇ ਹਾਲਾਤਾਂ ਦੀ ਨਿੰਦਾ ਕਰਦੇ ਹੋਏ ਪੀਐਮ ਮੇਲੋਨੀ ਨੇ ਕਿਹਾ ਕਿ ਇਹ ਅਣਮਨੁੱਖੀ ਕੰਮ ਸੀ ਜੋ ਇਟਲੀ ਦੇ ਲੋਕਾਂ ਨਾਲ ਸਬੰਧਤ ਨਹੀਂ ਹੈ। ਮੇਲੋਨੀ ਨੇ ਕਿਹਾ ਕਿ ਇਟਲੀ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਨ ਲਈ ਸੰਗਠਿਤ ਸਮੂਹਾਂ ਦੁਆਰਾ ਇਟਲੀ ਦੀ ਵੀਜ਼ਾ ਪ੍ਰਣਾਲੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਆਪਣੇ ਕੈਬਨਿਟ ਮੰਤਰੀਆਂ ਨਾਲ ਗੱਲ ਕਰਦਿਆਂ ਮੇਲੋਨੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਕੇਸ ‘ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਟਾਲੀਅਨ ਪੁਲਿਸ ਨੇ ਜਨਵਰੀ 2023 ਤੋਂ ਜੂਨ 2024 ਤੱਕ ਲਗਭਗ 60 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ ਮਜ਼ਦੂਰਾਂ ਦੀ ਪਛਾਣ ਕੀਤੀ ਸੀ। ਪਰ ਇਟਲੀ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ ਦਾ ਅੰਦਾਜ਼ਾ ਹੈ ਕਿ ਲਗਭਗ 2:30 ਲੱਖ ਮੌਸਮੀ ਖੇਤ ਮਜ਼ਦੂਰਾਂ ਕੋਲ ਕੋਈ ਠੇਕਾ ਨਹੀਂ ਹੈ।