ਫਲੋਰੀਡਾ: ਅਮਰੀਕਾ ‘ਚ 75 ਦਿਨ ਤੋਂ ਲਾਪਤਾ ਭਾਰਤੀ ਮੂਲ ਦੀ ਕੁੜੀ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਹੀ-ਸਲਾਮਤ ਮਿਲ ਗਈ। ਜਾਣਕਾਰੀ ਮੁਤਾਬਕ 15 ਸਾਲ ਦੀ ਤਨਵੀ ਮਰੂਪੋਲੀ ਦੇ ਮਨ ‘ਚ ਇਹ ਗੱਲ ਬੈਠ ਗਈ ਸੀ ਕਿ ਇਮੀਗ੍ਰੇਸ਼ਨ ਵਾਲੇ ਉਸ ਦੇ ਪਰਿਵਾਰ ਦੇ ਨੂੰ ਡਿਪੋਰਟ ਕਰ ਦੇਣਗੇ।
ਤਨਵੀ ਨੂੰ ਆਖਰੀ ਵਾਰ 17 ਜਨਵਰੀ ਨੂੰ ਅਰਕੰਸਾ (Arkansas) ਸੂਬੇ ਦੇ ਕੌਨਵੇਅ (Conway) ਜੂਨੀਅਰ ਹਾਈ ਸਕੂਲ ‘ਚ ਦੇਖਿਆ ਗਿਆ। ਕੌਨਵੇਅ ਪੁਲਿਸ ਦੇ ਮੁਖੀ ਵਿਲੀਅਮ ਟੈਪਲੀ ਨੇ ਦੱਸਿਆ ਕਿ ਤਨਵੀ ਨੂੰ 22 ਜਨਵਰੀ ਨੂੰ ਕੰਨਸਸ (Kansas) ਸਿਟੀ ਵਿੱਚ ਦੇਖਿਆ ਗਿਆ, ਜਿਥੇ ਉਹ ਬੇਘਰਾਂ ਦੇ ਰੈਣ ਬਸੇਰੇ ਵਿੱਚ ਠਹਿਰੀ ਪਰ ਆਪਣਾ ਨਾਮ ਗਲਤ ਲਿਖਵਾਇਆ। ਦੋ ਮਹੀਨੇ ਕੈਨਸਸ ਸਿਟੀ ਵਿੱਚ ਰਹਿਣ ਮਗਰੋਂ ਉਹ ਫਲੋਰੀਡਾ ਸੂਬੇ ਵੱਲ ਚਲੀ ਗਈ ਅਤੇ ਉੱਥੇ ਹੀ ਇੱਕ ਵੀਰਾਨ ਇਮਾਰਤ ਵਿੱਚ ਰਹਿਣ ਲੱਗੀ।
ਟੈਂਪਾ (Tampa) ਦੇ ਇੱਕ ਵਸਨੀਕ ਤੋਂ 29 ਮਾਰਚ ਨੂੰ ਮਿਲੀ ਸੂਹ ਦੇ ਆਧਾਰ ਤੇ ਕੌਨਵੇਅ ਪੁਲਿਸ ਦੇ ਅਫ਼ਸਰ ਇੱਕ ਲਾਇਬ੍ਰੇਰੀ ਵਿੱਚ ਪੁੱਜੇ ਜਿੱਥੇ ਤਨਵੀ ਮੌਜੂਦ ਸੀ। ਉਸ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਈ ਸਵਾਲਾਂ ਦੇ ਆਧਾਰ ‘ਤੇ ਸਾਰੇ ਵੇਰਵਿਆਂ ਦੀ ਤਸਦੀਕ ਕੀਤੀ ਗਈ। ਉੱਧਰ ਤਨਵੀ ਦੇ ਪਿਤਾ ਪਵਨ ਰਾਏ ਮਰੂਪੋਲੀ ਬੇਟੀ ਦੇ ਪਤੇ-ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਹਜ਼ਾਰ ਡਾਲਰ ਦਾ ਇਨਾਮ ਐਲਾਨ ਚੁੱਕੇ ਸਨ। ਕੌਨਵੇਅ ਪੁਲਿਸ ਨੇ ਦੱਸਿਆ ਕਿ ਯੂ.ਐਸ. ਮਾਰਸ਼ਲ ਸਰਵਿਸ ਅਤੇ ਨੈਸ਼ਨਲ ਸੈਂਟਰ ਫੌਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਨ ਦੇ ਸਹਿਯੋਗ ਸਦਕਾ ਤਨਵੀ ਨੂੰ ਸਹੀ-ਸਲਾਮਤ ਉਸ ਦੇ ਮਾਪਿਆਂ ਨਾਲ ਮਿਲਾਇਆ ਜਾ ਸਕਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.