ਭਾਰਤੀ ਰੇਲਵੇ ਕਿਸੇ ਵੀ ਜ਼ਿਲ੍ਹੇ ‘ਚ ‘ਸ਼ਰਮਿਕ ਸਪੈਸ਼ਲ ਟਰੇਨਾਂ’ ਚਲਾਉਣ ਲਈ ਤਿਆਰ : ਕੇਂਦਰੀ ਰੇਲ ਮੰਤਰੀ

TeamGlobalPunjab
2 Min Read

ਨਵੀਂ ਦਿੱਲੀ : ਲੌਕਡਾਊਨ ਕਾਰਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਸੇ ਹੋਏ ਹਨ। ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਲਈ ਕੇਂਦਰੀ ਰੇਲ ਮੰਤਰੀ ਮੰਤਰੀ ਪਿਯੂਸ਼ ਗੋਇਲ ਨੇ ਸ਼ਨੀਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਕਿ ਭਾਰਤੀ ਰੇਲਵੇ ਦੇਸ਼ ਦੇ ਕਿਸੇ ਵੀ ਜ਼ਿਲ੍ਹੇ ਤੋਂ ਪ੍ਰਵਾਸੀ ਮਜ਼ਦੂਰਾਂ ਲਈ ‘ਸ਼ਰਮਿਕ ਸਪੈਸ਼ਨ ਟਰੇਨਾਂ’ ਚਲਾਉਣ ਲਈ ਤਿਆਰ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦੇਸ਼ ਭਰ ਦੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਕੁਲੈਕਟਰਾਂ ਨੂੰ ਤਾਲਾਬੰਦੀ ਕਾਰਨ ਆਪਣੇ ਖੇਤਰ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਸੂਚੀ ਤਿਆਰ ਕਰਨ ਲਈ ਵੀ ਕਿਹਾ।

ਉਨ੍ਹਾਂ ਕਿਹਾ ਕਿ ਇਸ ਕੰਮ ਲਈ ਜ਼ਿਲ੍ਹਾ ਕੁਲੈਕਟਰਾਂ ਨੂੰ ਰਾਜ ਅਤੇ ਰੇਲਵੇ ਦੋਵਾਂ ਦੇ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਨਾ ਹੋਵੇਗਾ। ਰੇਲ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਭਾਰਤੀ ਰੇਲਵੇ ਦੇਸ਼ ਦੇ ਕਿਸੇ ਵੀ ਜ਼ਿਲ੍ਹੇ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਲਈ ਤਿਆਰ ਹੈ। ਜ਼ਿਲ੍ਹਾ ਕੁਲੈਕਟਰ ਅਜਿਹੇ ਸ਼ਰਮਿਕ ਮਜ਼ਦੂਰਾਂ ਦੀ ਸੂਚੀ ਬਣਾ ਕੇ ਰੇਲਵੇ ਨੋਡਲ ਅਫ਼ਸਰ ਰਾਹੀਂ ਦਰਖਾਸਤ ਦੇ ਸਕਦਾ ਹੈ।

ਰੇਲ ਮੰਤਰੀ ਨੇ ਰਾਜਾਂ ਦੇ ਨੋਡਲ ਅਧਿਕਾਰੀਆਂ ਦੀ ਲਿਸਟ ਵੀ ਜਨਤਕ ਕਰ ਦਿੱਤੀ ਹੈ। ਭਾਰਤੀ ਰੇਲਵੇ ਕੋਲ ਇੱਕ ਦਿਨ ‘ਚ ਕਰੀਬ 300 ਸ਼ਰਮਿਕ ਟਰੇਨਾਂ ਚਲਾਉਣ ਦੀ ਸਮਰੱਥਾ ਹੈ। ਸ਼ਨੀਵਾਰ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਭਾਰਤੀ ਰੇਲਵੇ ਨੇ 1 ਮਈ ਤੋਂ ਹੁਣ ਤੱਕ 1,074 ਮਜ਼ਦੂਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਹਨ। ਇਨ੍ਹਾਂ ਰੇਲ ਗੱਡੀਆਂ ਰਾਹੀਂ ਤਾਲਾਬੰਦੀ ਦੌਰਾਨ 14 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉਨ੍ਹਾਂ ਦੀਆਂ ਮੰਜ਼ਲਾਂ ‘ਤੇ ਪਹੁੰਚਾਇਆ ਗਿਆ ਹੈ।

Share this Article
Leave a comment