ਟੈਕਸਸ: ਅਮਰੀਕਾ ਦੇ ਟੈਕਸਸ ਸੂਬੇ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਆਪਣੇ 9 ਸਾਲਾ ਪੁੱਤਰ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸੁਬਰਾਮਣੀਅਮ ਪੋਨਾਝਾਕਨ ਨੇ ਖੁਦਕੁਸ਼ੀ ਕਰਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਸੁਬਰਾਮਣੀਅਮ ਦੇ ਗੁਆਂਢੀਆਂ ਨੇ ਐਮਰਜੰਸੀ ਨੰਬਰ ‘ਤੇ ਕਾਲ ਕਰ ਕੇ ਦੱਸਿਆ ਕਿ ਇਕ ਔਰਤ ਨੂੰ ਉਸ ਦਾ ਪੁੱਤਰ ਮਰਿਆ ਹੋਇਆ ਮਿਲਿਆ ਜਿਸ ਤੋਂ ਬਾਅਦ ਪੁਲਿਸ ਅਫ਼ਸਰ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੂੰ ਬੱਚੇ ਦੀ ਲਾਸ਼ ਗੈਰਾਜ ਵਿੱਚ ਮਿਲੀ ਅਤੇ ਇਸੇ ਦੌਰਾਨ ਸੁਬਰਾਮਣੀਅਮ ਨੇ ਖੁਦ ਨੂੰ ਛੁਰਾ ਮਾਰ ਕੇ ਜਾਨ ਦੇਣ ਦਾ ਯਤਨ ਕੀਤਾ।
ਮਕੀਨੀ ਸ਼ਹਿਰ ਵਿੱਚ ਹੋਈ ਵਾਰਦਾਤ ਬਾਰੇ ਸੁਬਰਾਮਣੀਅਮ ਦੇ ਗੁਆਂਢੀਆਂ ਨੇ ਕਿਹਾ ਕਿ ਉਹ ਪਰਿਵਾਰ ਨੂੰ ਬਹੁਤ ਨੇੜਿਉਂ ਜਾਣਦੇ ਸਨ ਅਤੇ ਇਹ ਘਟਨਾ ਬੇਹੱਦ ਦੁਖਦ ਹੈ। ਇੰਡੀਆ ਐਸੋਸੀਏਸ਼ਨ ਆਫ਼ ਨੌਰਥ ਟੈਕਸਸ ਦੇ ਮੈਂਬਰ ਦਿਨੇਸ਼ ਹੁੱਡਾ ਵੱਲੋਂ ਵੀ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਡਿਪ੍ਰੇਸ਼ਨ ਦਾ ਸ਼ਿਕਾਰ ਹੋ ਤਾਂ ਆਪਣੇ ਦੋਸਤਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਦੀ ਮਦਦ ਲਵੋ।
ਪੁਲਿਸ ਨੇ ਕਿਹਾ ਕਿ ਇਸ ਘਟਨਾ ਮਗਰੋਂ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ। ਇਥੇ ਦੱਸਣਾ ਬਣਦਾ ਹੈ ਕਿ 2019 ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਸ਼ਖਸ ਨੇ ਆਪਣੇ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ ਸੀ। ਮਰਨ ਵਾਲਿਆਂ ਵਿੱਚ ਉਸ ਦੀ ਪਤਨੀ ਅਤੇ ਸੱਸ-ਸਹੁਰਾ ਸ਼ਾਮਲ ਸਨ।